Babushahi Special: ਖੇਤਾਂ ਦੇ ਦਾਰੇ ਪੁੱਤੇ ਜੰਗਾਂ ਜਿੱਤਣ ਦੀ ਰੁੱਤੇ ਅਸੀਂ ਸਿਵਿਆਂ ਵਿੱਚ ਸੁੱਤੇ
ਅਸ਼ੋਕ ਵਰਮਾ
ਬਠਿੰਡਾ,23 ਜਨਵਰੀ2025: ਨਾ ਤਾਂ ਉਹ ਝਿਪਿਆ, ਨਾ ਲਿਫਿਆ ਤੇ ਨਾ ਹੀ ਵਿਕਿਆ। ਇਹੋ ਸਾਰ-ਤੱਤ ਇਸ ਫਾਨੀ ਜਹਾਨ ਨੂੰ ਅਲਵਿਦਾ ਆਖ ਗਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲ੍ਹਾ ਆਗੂ ਬਸੰਤ ਸਿੰਘ ਕੋਠਾ ਗੁਰੂ ਦਾ ਰਿਹਾ। ਬਸੰਤ ਸਿੰਘ ਨੇ ਲੋਕ ਸੰਘਰਸ਼ਾਂ ਦਾ ਤਮਾਸ਼ਾ ਸੱਚਮੁੱਚ ਘਰ ਫੂਕ ਕੇ ਹੀ ਦੇਖਿਆ। ਜੀਵਨ ਸਾਥਣ ਦੇ ਵਕਤੋਂ ਪਹਿਲਾਂ ਤੁਰ ਜਾਣ ਦੀ ਟੀਸ ਵੀ ਬਸੰਤ ਸਿੰਘ ਉਸ ਦਾ ਹੌਂਸਲਾ ਨਹੀਂ ਤੋੜ ਸਕੀ । ਪਿੰਡ ਵਾਸੀ ਆਖਦੇ ਹਨ ਕਿ ਬਾਹਲਾ ਚੰਗਾ ਬੰਦਾ ਸੀ ਬਸੰਤ ਸਿਓਂ ਜਿਸ ਨੇ ਤਾਉਮਰ ਨਾ ਪੁਲੀਸ ਦੀ ਈਨ ਮੰਨੀ ਅਤੇ ਨਾ ਹੀ ਪੁਲਸੀਆ ਦਬਕਿਆਂ ਦੀ। ਇਸੇ ਕਾਰਨ ਉਸ ਦੀ ਚਰਚਾ ਸੰਘਰਸ਼ੀ ਪਿੜਾਂ ’ਚ ਹੁੰਦੀ ਸੀ। ਪੰਜਾਬ ਸਟੂਡੈਂਟਸ ਯੂਨੀਅਨ ਉਸ ਦੀ ਪਹਿਲੀ ਪੌੜੀ ਸੀ ਤੇ ‘ਵਿਦਿਆਰਥੀ ਘੋਲ’ ਉਸ ਦੀ ਪਹਿਲੀ ਪ੍ਰੀਖਿਆ ਜਿਸ ਚੋਂ ਉਹ ਸਫਲ ਹੁੰਦਾ ਹੋਇਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀਆਂ ਮੋਹਰੀ ਸਫਾਂ ’ਚ ਦਾਖਲ ਹੋਇਆ।
ਹਾਲਾਂਕਿ ਕਿਸਾਨੀ ਘੋਲ ਦੌਰਾਨ ਉਸਦੇ ਸ਼ਹੀਦ ਹੋਣ ਦਾ ਜਰੀਆ ਬੱਸ ਹਾਦਸਾ ਬਣਿਆ ਪਰ ਜਿੰਦਗੀ ਨੇ ਉਸ ਦੇ ਇਮਤਿਹਾਨ ਹੀ ਲਏ ਹਨ ਜਿਨ੍ਹਾਂ ਚੋਂ ਉਹ ਸਫਲ ਰਿਹਾ। ਪਤਨੀ ਅਮਰਜੀਤ ਕੌਰ ਦੀ ਕੈਂਸਰ ਕਾਰਨ ਹੋਈ ਮੌਤ ਵੀ ਵੀ ਉਸ ਨੂੰ ਡੁਲਾ ਨਾਂ ਸਕੀ। ਕੋਠਾ ਗੁਰੂ ਦੀ ਬਜ਼ੁਰਗ ਕਰਨੈਲ ਕੌਰ ਦੱਸਦੇ ਹਨ ਕਿ ਬਸੰਤ ਦੀ ਪਤਨੀ ਅਮਰਜੀਤ ਕੌਰ ਬੜੇ ਹੌਂਸਲੇ ਵਾਲੀ ਔਰਤ ਸੀ ਜਿਸ ਕਰਕੇ ਬਸੰਤ ਸਿੰਘ ਜਬਰ ਜੁਲਮ ਖਿਲਾਫ ਲੜਾਈ ਦਾ ਨਾਇਕ ਹੋ ਨਿਬੜਿਆ ਹੈ।ਜਾਣਕਾਰੀ ਅਨੁਸਾਰ ਬਸੰਤ ਸਿੰਘ ਦੇ ਪ੍ਰੀਵਾਰ ਕੋਲ ਸਿਰਫ ਢਾਈ ਤਿੰਨ ਏਕੜ ਜਮੀਨ ਸੀ ਜਿਸ ਚੋਂ ਵੱਡਾ ਹਿੱਸਾ ਕੈਂਸਰ ਦੀ ਬਿਮਾਰੀ ਦੇ ਇਲਾਜ ਅਤੇ ਖੇਤੀ ਸੰਕਟ ਕਾਰਨ ਸਿਰ ਚੜ੍ਹੇ ਕਰਜੇ ’ਚ ਵਿਕ ਗਈ। ਹੁਣ ਪ੍ਰੀਵਾਰ ਕੋਲ ਹੁਣ ਇਸ ਨਾਮਾਤਰ ਤੇ ਬਸੰਤ ਸਿੰਘ ਦਾ ਲੜਕਾ ਖੇਤੀ ਕਰਨ ਦੇ ਨਾਲ ਨਾਲ ਪ੍ਰੀਵਾਰ ਪਾਲਣ ਲਈ ਹੱਥੀਂ ਮਿਹਨਤ ਮਜ਼ਦੂਰੀ ਕਰਦਾ ਹੈ।
ਇੱਕ ਲੜਕਾ ਤੇ ਇੱਕ ਲੜਕੀ ਬਾਹਰਲੇ ਮੁਲਕ ਗਏ ਹੋਏ ਹਨ ਜਦੋਂਕਿ ਇੱਕ ਲੜਕੀ ਰਮਨਦੀਪ ਕੌਰ ਹੈ। ਰਮਨਦੀਪ ਕੌਰ ਦਾ ਕਹਿਣਾ ਸੀ ਕਿ ਪਹਿਲਾਂ ਮੁਲਕ ਦਾ ਭੜੋਲਾ ਅੰਨ ਨਾਲ ਭਰਿਆ ਤੇ ਹੁਣ ਬਾਪ ਕਿਸਾਨਾਂ ਦੀ ਲੇਖੇ ਲੱਗ ਗਿਆ। ਹੁਣ ਇਸ ਲੜਕੀ ਦੇ ਸਿਰ ਛੋਟੀ ਉਮਰੇ ਵੱਡੀਆਂ ਜਿੰਮੇਵਾਰੀਆਂ ਆਣ ਪਈਆਂ ਹਨ। ਕਿਸਾਨ ਆਗੂ ਗੁਰਪ੍ਰੀਤ ਸਿੰਘ ਕੋਠਾ ਗੁਰੂ ਦਾ ਕਹਿਣਾ ਸੀ ਕਿ ਬਸੰਤ ਸਿੰਘ ਦੀ ਮੌਤ ਕਿਸਾਨੀ ਘੋਲਾਂ ਦੌਰਾਨ ਮਸ਼ਾਲ ਦਾ ਕੰਮ ਕਰੇਗੀ ਜਿਸ ਨੂੰ ਪਿੰਡ ਕੋਠਾਗੁਰੂ ਵੱਲੋਂ ਬੁਝਣ ਨਹੀਂ ਦਿੱਤਾ ਜਾਏਗਾ। ਬੁੱਧਵਾਰ ਸ਼ਾਮ ਨੂੰ ਜਦੋਂ ਪਿੰਡ ਕੋਠਾ ਗੁਰੂ ਦੇ ਸ਼ਮਸਾਨਘਾਟ ’ਚ ਬਸੰਤ ਸਿੰਘ ਅਤੇ ਕਰਮਜੀਤ ਸਿੰਘ ਦੀਆਂ ਚਿਤਾਵਾਂ ਨੂੰ ਅਗਨੀ ਦਿਖਾਈ ਗਈ ਤਾਂ ਵੱਡਾ ਜੇਰਾ ਰੱਖਣ ਵਾਲੇ ਪਿੰਡ ਕੋਠਾ ਗੁਰੂ ਦੀਆਂ ਕੰਧਾਂ ਵੀ ਰੋਈਆਂ ਅਤੇ ਆਮ ਲੋਕਾਂ ਦੇ ਹੰਝੂਆਂ ਦੀ ਝੜੀ ਸਾਉਣ ਦੇ ਛਰਾਟਿਆਂ ਵਾਂਗ ਲੱਗੀ।
ਇਸੇ ਹਾਦਸੇ ਦੌਰਾਨ ਸਦੀਵੀ ਵਿਛੋੜਾ ਦੇਣ ਮ੍ਰਿਤਕ ਨੌਜਵਾਨ ਕਰਮਜੀਤ ਸਿੰਘ ਕਰਮਾ (38) ਪੁੱਤਰ ਰਣਜੀਤ ਸਿੰਘ ਦੀ ਪਤਨੀ ਰਮਨਦੀਪ ਕੌਰ ਦੀਆਂ ਅੱਖਾਂ ਸਿੱਲ੍ਹੀਆਂ ਤੇ ਚਿਹਰੇ ਤੇ ਪਤੀ ਦੇ ਇੰਜ ਚਲੇ ਜਾਣ ਦਾ ਗਮ ਸਾਫ ਦਿਸਦਾ ਹੈ। ਕਰਮਜੀਤ ਟੇਲਰ ਮਾਸਟਰ ਸੀ ਅਤੇ ਬੁਰੇ ਦਿਨਾਂ ਦੀ ਪਿੰਜੀ ਕਿਸਾਨੀ ਦੇ ਅੱਛੇੇ ਦਿਨਾਂ ਖਾਤਰ ਕਿਸਾਨ ਸੰਘਰਸ਼ਾਂ ਵਿੱਚ ਸ਼ਾਮਲ ਹੁੰਦਾ ਸੀ। ਰਮਨਦੀਪ ਕੌਰ ਦੇ ਸਿਰ ਤੇ ਹੁਣ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਦੀ ਜਿੰਮੇਵਾਰੀ ਵੀ ਆ ਗਈ ਹੈ। ਸਰਕਾਰਾਂ ਖਿਲਾਫ ਲੜਾਈ ਦੌਰਾਨ ਕੌਣ ਖੱਟੇਗਾ ਕੌਣ ਹਾਰੇਗਾ ਇਹ ਤਾਂ ਭਵਿੱਖ ਦੇ ਹੱਥ ਹੈ। ਏਨਾ ਜਰੂਰ ਹੈ ਕਿ ਕਰਮਜੀਤ ਦੇ ਦੋਹੇਂ ਬੱਚੇ ਨੱਚਣ ਟੱਪਣ ਦੇ ਦਿਨਾਂ ਵਿੱਚ ਹੀ ਜਿੰਦਗੀ ਹੱਥੋਂ ਬਾਜ਼ੀ ਹਾਰ ਗਏ ਹਨ। ਇੰਨ੍ਹਾਂ ਬੱਚਿਆਂ ਨੂੰ ਸਭ ਕੁੱਝ ਮਿਲ ਜਾਏਗਾ ਪਰ ਲਾਡ ਲਡਾਉਣ ਵਾਲਾ ਪਿਤਾ ਹੁਣ ਕਦੇ ਨਹੀਂ ਮਿਲ ਸਕੇਗਾ। ਪ੍ਰੀਵਾਰ ਦੀ ਹੁਣ ਕਦੇ ਨਾਂ ਮੁੱਕਣ ਵਾਲੀ ਉਡੀਕ ਸ਼ੁਰੂ ਹੋ ਗਈ ਹੈ।
ਝੰਡਿਆਂ ਨਾਲ ਅੰਤਿਮ ਵਿਦਾਇਗੀ
ਅੰਤਿਮ ਸਸਕਾਰ ਤੋਂ ਪਹਿਲਾਂ ਦੋਵਾਂ ਆਗੂਆਂ ਦੀਆਂ ਮਿਤਕ ਦੇਹਾਂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਇਲਾਵਾ ਵੱਖ ਵੱਖ ਕਿਸਾਨ ਜੱਥੇਬੰਦੀਆਂ ਤੋਂ ਇਲਾਵਾ ਅਧਿਆਪਕ ਜੱਥੇਬੰਦੀ ਨੇ ਆਪੋ ਆਪਣੇ ਝੰਡੇ ਪਾਕੇ ਸ਼ਹੀਦਾਂ ਨੂੰ ਸਿਜ਼ਦਾ ਕੀਤਾ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸ਼ਹੀਦਾਂ ਦਾ ਖੱਪਾ ਪੂਰਨਾ ਮੁਸ਼ਕਲ ਹੀ ਨਹੀਂ ਬਲਕਿ ਨਾਮੁਮਕਿਨ ਹੈ। ਉਨ੍ਹਾਂ ਕਿਹਾ ਕਿ ਜੋ ਕੰਮ ਸ਼ਹੀਦ ਪਿੱਛੇ ਛੱਡ ਗਏ ਹਨ ਉਨ੍ਹਾਂ ਨੂੰ ਹਰ ਕੁਰਬਾਨੀ ਦੇਣ ਰਾਹੀਂ ਪੂਰਾ ਕੀਤਾ ਜਾਏਗਾ।
ਕਿਸਾਨਾਂ ਦਾ ਸਬਰ ਪਰਖ ਰਹੀ ਸਰਕਾਰਾਂ
ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਇੱਕ ਤਰਾਂ ਨਾਲ ਨਜ਼ਰ ਅੰਦਾਜ਼ ਕੀਤਾ ਹੋਇਆ ਹੈ ਜਿਸ ਕਰਕੇ ਕਿਸਾਨ ਲੰਮੀ ਲੜਾਈ ਲੜਨ ਦੇ ਰੌਂਅ ਵਿੱਚ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਹੈ ਕਿ ਸ਼ਹੀਦਾਂ ਦੀ ਕਤਾਰ ਜਿੰਨੀ ਮਰਜੀ ਲੰਮੀਂ ਹੋ ਜਾਏ ਕਿਸਾਨ ਆਪਣੀਆਂ ਮੰਗਾਂ ਲਈ ਲੜਾਈ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਅਸਲ ਵਿੱਚ ਮੋਦੀ ਸਰਕਾਰ ਕਿਸਾਨਾਂ ਦਾ ਸਬਰ ਪਰਖਣ ਦੀ ਨੀਤੀ ਤੇ ਚੱਲ ਰਹੀ ਹ ਜਿਸ ਲਈ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਤਿਆਰ ਹਨ। ਉਨ੍ਹਾਂ ਆਖਿਆ ਕਿ ਕਿਸਾਨ ਵੀ ਹੁਣ ਸਰਕਾਰਾਂ ਨੂੰ ਆਪਣਾ ਦਮ ਅਤੇ ਤਾਕਤ ਦਿਖਾਉਣ ਲਈ ਹਰ ਲੜਾਈ ਲੜਨਗੇ ਚਾਹੇ ਉਨ੍ਹਾਂ ਨੂੰ ਕਿੰਨੀਆਂ ਵੀ ਕੁਰਬਾਨੀਆਂ ਕਿਓਂ ਨਾਂ ਕਰਨੀਆਂ ਪੈਣ।