2015 ਬੈਚ ਦੇ ਸੰਦੀਪ ਕੁਮਾਰ ਮਲਿਕ ਨੇ ਐਸ.ਐਸ.ਪੀ. ਵਜੋਂ ਅਹੁਦਾ ਸੰਭਾਲਿਆ
ਨਸ਼ਿਆਂ ਦਾ ਮੁਕੰਮਲ ਸਫਾਇਆ, ਜ਼ੁਰਮਾਂ ਦੀ ਰੋਕਥਾਮ ਅਤੇ ਗੈਂਗਸਟਰਾਂ ਵਿਰੁੱਧ ਸਖਤ ਐਕਸ਼ਨ ਰਹੇਗੀ ਮੁੱਖ ਤਰਜ਼ੀਹ
ਸੁਰੱਖਿਅਤ ਹੁਸ਼ਿਆਰਪੁਰ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ, ਪੁਲਿਸ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ, ਭੈੜੇ ਅਨਸਰਾਂ ਖਿਲਾਫ਼ ਪੂਰੀ ਸਖਤੀ ਦੇ ਨਿਰਦੇਸ਼
ਹੁਸ਼ਿਆਰਪੁਰ, 24 ਫਰਵਰੀ : 2015 ਬੈਚ ਦੇ ਆਈ.ਪੀ.ਐਸ. ਅਧਿਕਾਰੀ ਸੰਦੀਪ ਕੁਮਾਰ ਮਲਿਕ ਨੇ ਅੱਜ ਇਥੇ ਬਤੌਰ ਐਸ.ਐਸ.ਪੀ. ਅਹੁਦਾ ਸੰਭਾਲਦਿਆਂ ਕਿਹਾ ਕਿ ਨਸ਼ਿਆਂ ਦਾ ਮੁਕੰਮਲ ਸਫ਼ਾਇਆ, ਹਰ ਤਰ੍ਹਾਂ ਦੇ ਜ਼ੁਰਮਾਂ ਦੀ ਰੋਕਥਾਮ, ਗੈਂਗਸਟਰਾਂ ਵਿਰੁੱਧ ਬਣਦੀ ਕਾਰਵਾਈ ਅਤੇ ਫਿਰੌਤੀਆਂ ਦੇ ਮਾਮਲੇ ’ਚ ਸਖਤ ਐਕਸ਼ਨ ਉਨ੍ਹਾਂ ਦੀ ਮੁੱਖ ਤਰਜ਼ੀਹ ਰਹੇਗੀ।
ਅਹੁਦਾ ਸੰਭਾਲਣ ਉਪਰੰਤ ਗੱਲਬਾਤ ਕਰਦਿਆਂ ਆਈ.ਪੀ.ਐਸ. ਸੰਦੀਪ ਕੁਮਾਰ ਮਲਿਕ ਨੇ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਹਰ ਪੱਖੋਂ ਸੁਰੱਖਿਅਤ ਬਣਾਉਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸਿੰਗ ਲਈ ਲੋਕਾਂ ਦਾ ਸਹਿਯੋਗ ਅਤਿ ਅਹਿਮ ਹੈ ਜਿਸ ਨਾਲ ਜ਼ੁਰਮਾਂ ਦੀ ਅਸਰਦਾਰ ਢੰਗ ਨਾਲ ਰੋਕਥਾਮ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਦਿੱਤੀ ਗਈ ਹਰੇਕ ਜਾਣਕਾਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਦਿਆਂ ਇਨ੍ਹਾਂ ਮਾਮਲਿਆਂ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਮਸਲਿਆਂ ਅਤੇ ਸਮਾਜਿਕ ਸਰੋਕਾਰਾਂ ਦੇ ਮਾਮਲਿਆਂ ਲਈ ਸਬੰਧਤ ਧਿਰਾਂ ਨਾਲ ਸਮੇਂ-ਸਮੇਂ ’ਤੇ ਗੱਲਬਾਤ ਕਰਕੇ ਢੁਕਵੇਂ ਹੱਲ ਯਕੀਨੀ ਬਣਾਏ ਜਾਣਗੇ ਅਤੇ ਸ਼ਹਿਰ ਅੰਦਰ ਟਰੈਫਿਕ, ਨਾਜਾਇਜ਼ ਕਬਜ਼ੇ ਆਦਿ ਮੁੱਦਿਆਂ ’ਤੇ ਸਾਰੇ ਭਾਈਵਾਲਾਂ ਨਾਲ ਵਿਚਾਰ ਉਪਰੰਤ ਲੋੜੀਂਦੇ ਫੈਸਲੇ ਲਏ ਜਾਣਗੇ।ਜ਼ੁਰਮਾਂ ਦੀ ਰੋਕਥਾਮ ਬਾਰੇ ਗੱਲ ਕਰਦਿਆਂ ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਕਿਸੇ ਵੀ ਤਰ੍ਹਾਂ ਦੇ ਜ਼ੁਰਮ ਵਿਰੁੱਧ ਫੌਰੀ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨਾਲ ਕੋਈ ਲਿਹਾਜ਼ ਨਹੀਂ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਾ ਸਮੱਗਲਰਾਂ ਅਤੇ ਸੰਗਠਤ ਜ਼ੁਰਮਾਂ ਵਿਚ ਸ਼ਾਮਲ ਅਨਸਰਾਂ ਖਿਲਾਫ਼ ਪੂਰੀ ਸਖਤੀ ਵਰਤੀ ਜਾਵੇਗੀ ਤਾਂ ਜੋ ਕਾਨੂੰਨੀ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਬਣਦੀਆ ਸਜ਼ਾਵਾਂ ਦੁਆਈਆ ਜਾ ਸਕਣ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਖੁਫ਼ੀਆ ਜਾਣਕਾਰੀ ਦੇਣ ਵਾਲਿਆਂ ਦੇ ਵੇਰਵੇ ਪੂਰੀ ਤਰ੍ਹਾਂ ਗੁਪਤ ਅਤੇ ਸੁਰੱਖਿਅਤ ਰੱਖੇ ਜਾਣਗੇ।
ਅਹੁਦਾ ਸੰਭਾਲਣ ਉਪਰੰਤ ਐਸ.ਐਸ.ਪੀ. ਨੇ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ, ਐਸ.ਐਚ.ਓਜ਼, ਚੌਂਕੀ ਇੰਚਾਰਜਾਂ ਨਾਲ ਪੁਲਿਸ ਲਾਈਨ ਵਿਖੇ ਮੀਟਿੰਗ ਦੌਰਾਨ ਨਿਰਦੇਸ਼ ਦਿੱਤੇ ਕਿ ਅਮਨ-ਕਾਨੂੰਨ ਵਿਵਸਥਾ ਹਰ ਹਾਲਤ ਵਿਚ ਬਰਕਰਾਰ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਨਸ਼ਿਆਂ, ਸੰਗਠਤ ਜ਼ੁਰਮਾਂ ਅਤੇ ਭੈੜੇ ਅਨਸਰਾਂ ਖਿਲਾਫ਼ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਕਿਸੇ ਵੀ ਹਾਲਤ ਵਿਚ ਬਰਦਾਸ਼ਤਯੋਗ ਨਹੀਂ ਹੋਵੇਗਾ ਅਤੇ ਲੋਕ ਮਸਲਿਆਂ ਨੂੰ ਤਰਜ਼ੀਹ ਦੇ ਆਧਾਰ ’ਤੇ ਹੱਲ ਕਰਨ ਨੂੰ ਯਕੀਨੀ ਬਣਾਇਆ ਜਾਵੇ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚਣ ’ਤੇ ਆਈ.ਪੀ.ਐਸ. ਸੰਦੀਪ ਕੁਮਾਰ ਮਲਿਕ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਅਤੇ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ। ਇਸ ਦੌਰਾਨ ਆਈ.ਪੀ.ਐਸ. ਅਧਿਕਾਰੀ ਸੁਰੇਂਦਰ ਲਾਂਬਾ ਨੇ ਆਪਣਾ ਚਾਰਜ ਛੱਡਿਆ। ਦੋਵਾਂ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨਾਲ ਵੀ ਮੁਲਾਕਾਤ ਕੀਤੀ।