ਸੁਨਿਆਰੇ ਦੀ ਦੁਕਾਨ 'ਤੇ ਗੋਲੀ ਚੱਲਣ ਦਾ ਮਾਮਲਾ: ਵਪਾਰੀ ਵਰਗ ਵਿੱਚ ਦਹਿਸ਼ਤ ਦਾ ਮਾਹੌਲ, ਐਸਐਸਪੀ ਨੂੰ ਦਿੱਤਾ ਮੰਗ ਪੱਤਰ
ਦੀਪਕ ਜੈਨ
ਜਗਰਾਉਂ, 6 ਮਾਰਚ 2025 - ਬੀਤੀ ਬੁੱਧਵਾਰ ਦੀ ਦੁਪਹਿਰ ਸ਼ਹਿਰ ਦੇ ਮੇਨ ਝਾਂਸੀ ਰਾਣੀ ਚੌਂਕ ਵਿਖੇ ਸਥਿਤ ਲੱਡੂ ਸੁਨਿਆਰੇ ਲੱਖੇ ਵਾਲੇ ਦੀ ਦੁਕਾਨ ਦੇ ਬਾਹਰ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਚਲਾਈਆਂ ਗਈਆਂ ਤਾੜ ਤਾੜ ਗੋਲੀਆਂ ਤੋਂ ਬਾਅਦ ਜਿੱਥੇ ਪੂਰੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਵਪਾਰੀਆਂ ਵਿੱਚ ਵੀ ਡਰ ਅਤੇ ਸਹਿਮ ਦਾ ਮਾਹੌਲ ਹੈ ਜਿਸ ਦੇ ਚਲਦਿਆਂ ਅੱਜ ਸ਼ਹਿਰ ਦੇ ਵਪਾਰੀ ਝਾਂਸੀ ਰਾਣੀ ਚੌਂਕ ਦੇ ਨੇੜੇ ਸਥਿਤ ਲੱਡੂ ਸੁਨਿਆਰੇ ਦੇ ਸ਼ੋਰੂਮ ਵਿੱਚ ਇਕੱਠਾ ਹੋਏ ਅਤੇ ਇਕੱਠੇ ਹੋ ਕੇ ਸਾਰੇ ਵਪਾਰੀ ਐਸਐਸਪੀ ਪੁਲਿਸ ਜਿਲਾ ਲੁਧਿਆਣਾ ਦਿਹਾਤੀ ਅੰਕੁਰ ਗੁਪਤਾ ਨੂੰ ਮਿਲਣ ਪਹੁੰਚੇ।
ਇਕੱਠਾ ਹੋ ਕੇ ਪਹੁੰਚੇ ਵਪਾਰੀਆਂ ਨੇ ਐਸਐਸਪੀ ਅੰਕੁਰ ਗੁਪਤਾ ਨਾਲ ਗੱਲਬਾਤ ਕਰਦੇ ਆਂ ਜਿੱਥੇ ਆਪਣਾ ਮੰਗ ਪੱਤਰ ਸੌਂਪਿਆ ਉੱਥੇ ਹੀ ਐਸਐਸਪੀ ਨੂੰ ਸ਼ਹਿਰ ਦੀ ਸੁਰੱਖਿਆ ਵਿਵਸਥਾ ਨੂੰ ਬਣਾਏ ਰੱਖਣ ਦੇ ਮੰਤਬ ਨੂੰ ਮੁੱਖ ਰੱਖਦਿਆਂ ਅਪੀਲ ਕੀਤੀ ਕਿ ਸ਼ਹਿਰ ਦੇ ਭੀੜ ਭਾੜ ਵਾਲੇ ਬਾਜ਼ਾਰਾਂ ਵਿੱਚ ਪੀਸੀਆਰ ਪੁਲਿਸ ਦੀ ਨਫਰੀ ਨੂੰ ਵਧਾਇਆ ਜਾਵੇ ਅਤੇ ਸ਼ਹਿਰ ਦੀਆਂ ਮੇਨ ਐਂਟਰੀਆਂ ਅਤੇ ਸ਼ਹਿਰ ਦੇ ਮੁੱਖ ਚੌਂਕਾਂ ਵਿੱਚ ਪੁਲਿਸ ਵੱਲੋਂ ਨਾਕੇਬੰਦੀ ਵੀ ਕਰਵਾਈ ਜਾਵੇ ਤਾਂ ਜੋ ਕੋਈ ਅਜਿਹਾ ਮਾੜਾ ਅਨਸਰ ਕਿਸੇ ਵੀ ਮੰਦਭਾਗੀ ਘਟਨਾ ਨੂੰ ਅੰਜਾਮ ਦੇਣ ਲਈ ਸ਼ਹਿਰ ਵਿੱਚ ਆਵੇ ਤਾਂ ਉਸਨੂੰ ਮੌਕੇ ਤੇ ਹੀ ਕਾਬੂ ਕਰ ਲਿੱਤਾ ਜਾ ਸਕੇ।
ਵਪਾਰੀਆਂ ਨੇ ਐਸਐਸਪੀ ਅੰਕੁਰ ਗੁਪਤਾ ਨੂੰ ਸ਼ਹਿਰ ਚੌਂਕਾਂ ਵਿੱਚ ਲੱਗੇ ਕੈਮਰਿਆਂ ਨੂੰ ਦਰੁਸਤ ਕਰਵਾਉਣ ਦੀ ਅਪੀਲ ਕਰਦਿਆ ਕਿਹਾ ਕਿ ਵਪਾਰੀ ਵਰਗ ਵੀ ਪੁਲਿਸ ਨੂੰ ਹਰ ਸਹਿਯੋਗ ਕਰਨ ਲਈ ਤਿਆਰ ਹੈ ਤਾਂ ਜੋ ਆਏ ਦਿਨ ਸ਼ਹਿਰ ਵਿੱਚ ਹੋ ਰਹੀਆਂ ਅਜਿਹੀਆਂ ਵਾਰਦਾਤਾਂ ਨੂੰ ਨੱਥ ਪਾਈ ਜਾ ਸਕੇ। ਇਸ ਮੌਕੇ ਗੱਲਬਾਤ ਕਰਦਿਆਂ ਐਸਐਸਪੀ ਅੰਕੁਰ ਗੁਪਤਾ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਬਣਾਏ ਰੱਖਣ ਦੇ ਲਈ ਪੁਲਿਸ ਪ੍ਰਸ਼ਾਸਨ ਵਚਨਬੱਧ ਹੈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ ਬੀਤੇ ਦਿਨੀ ਲੱਡੂ ਸੁਨਿਆਰੇ ਦੇ ਸ਼ੋਰੂਮ ਦੇ ਬਾਹਰ ਗੋਲੀਆਂ ਚਲਾਉਣ ਵਾਲੇ ਦੋਹਾਂ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੂੰ ਜਲਦ ਗ੍ਰਿਫਤਾਰ ਕਰ ਲਵੇਗੀ ਉੱਥੇ ਹੀ ਪੁਲਿਸ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਅਰੰਭਵ ਯਤਨ ਕੀਤੇ ਜਾਣਗੇ।
ਜ਼ਿਲਾ ਲੁਧਿਆਣਾ ਦਿਹਾਤੀ ਦੀ ਪੁਲਿਸ ਵੱਲੋਂ ਲੋਕਾਂ ਦੇ ਦਿਲਾਂ ਵਿੱਚ ਪਈ ਹੋਈ ਦਹਿਸ਼ਤ ਨੂੰ ਦੂਰ ਕਰਨ ਲਈ ਪੂਰੇ ਸ਼ਹਿਰ ਦਾ ਫਲੈਗ ਮਾਰਚ ਕੀਤਾ ਗਿਆ। ਹਾਲਾਂਕਿ ਜਗਰਾਉਂ ਨਿਵਾਸੀ ਇਹ ਕਹਿੰਦੇ ਸੁਣੇ ਗਏ ਕੀ ਪੁਲਿਸ ਸਿਰਫ ਖਾਨਾ ਪੂਰਤੀ ਕਰ ਰਹੀ ਹੈ। ਜਦ ਕਿ ਸੱਪ ਨਿਕਲ ਗਿਆ ਹੁਣ ਲੀਕਾਂ ਪਿੱਟਣ ਦਾ ਕੀ ਫਾਇਦਾ। ਪੁਲਿਸ ਵੱਲੋਂ ਪੱਤਰਕਾਰਾਂ ਨੂੰ ਵਟਸ ਤੇ ਸੰਦੇਸ਼ ਭੇਜ ਕੇ ਫਲੈਗ ਮਾਰਚ ਲਈ ਬੁਲਾਇਆ ਗਿਆ, ਪਰ ਫਲੈਗ ਮਾਰਚ ਦੀ ਅਗਵਾਹੀ ਕਰ ਰਹੇ ਐਸਪੀਐਚ ਪਰਮਿੰਦਰ ਸਿੰਘ ਨੇ ਗੱਡੀ ਵਿੱਚੋਂ ਉੱਤਰ ਕੇ ਪੱਤਰਕਾਰਾਂ ਨਾਲ ਕੋਈ ਗੱਲਬਾਤ ਕਰਨਾ ਮੁਨਾਸਬ ਹੀ ਨਹੀਂ ਸਮਝਿਆ।