ਸ਼੍ਰੋਮਣੀ ਕਮੇਟੀ ਨੇ ਫਿਲਮ ‘ਐਮਰਜੈਂਸੀ’ ਖਿਲਾਫ ਸਿਨੇਮਾ ਘਰ ਦੇ ਬਾਹਰ ਕੀਤਾ ਰੋਸ ਵਿਖਾਵਾ
ਸਿੱਖ ਜਥੇਬੰਦੀਆਂ, ਸਿੱਖ ਸਭਾਵਾਂ ਅਤੇ ਧਾਰਮਕ ਜਥੇਬੰਦੀਆਂ ਨੇ ਵੀ ਕੀਤੀ ਨਾਅਰੇਬਾਜ਼ੀ
ਫਿਲਮ ‘ਐਮਰਜੈਂਸੀ’ ਚਲਾਉਣ ਲਈ ‘ਕੰਗਣਾ ਰਣੌਤ’ ਪਿੱਛੇ ਕੇਂਦਰ ਸਰਕਾਰ ਦੀ ਸਾਜਿਸ਼ : ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਲਾਛੜੂ
ਜਗਤਾਰ ਸਿੰਘ
ਪਟਿਆਲਾ 17 ਜਨਵਰੀ 2025:
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ ’ਤੇ ਅੱਜ ਵੱਖ ਵੱਖ ਸਿਨੇਮਾਂ ਘਰਾਂ ਵਿਚ ਲੱਗਣ ਜਾ ਰਹੀ ਫਿਲਮ ‘ਐਮਰਜੈਂਸੀ’ ਦੇ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਵਿਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ, ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਸਮੇਤ ਸ਼ਹਿਰ ਦੀਆਂ ਸਿੱਖ ਜਥੇਬੰਦੀਆਂ, ਸਿੱਖ ਸਭਾਵਾਂ ਅਤੇ ਧਾਰਮਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਾਮਲ ਹੋ ਕੇ ਫਿਲਮ ‘ਐਮਰਜੈਂਸੀ’ ਦਾ ਵਿਰੋਧ ਕੀਤਾ। ਸ਼ੋ੍ਰਮਣੀ ਕਮੇਟੀ ਦੇ ਸੱਦੇ ’ਤੇ ਸ਼ਹਿਰ ਦੀਆਂ ਵੱਖ ਵੱਖ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਇਕ ਮੰਚ ’ਤੇ ਕੰਗਣਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦਾ ਵਿਰੋਧ ਕੀਤਾ ਜਾਵੇ। ਇਸ ਦੌਰਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ, ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ, ਗੁਰਦੁਆਰਾ ਕਰਹਾਲੀ ਸਾਹਿਬ ਸਾਹਿਬਾਨ ਮੈਨੇਜਰ ਸਾਹਿਬਾਨਾਂ ਅਤੇ ਸ਼ੋ੍ਰਮਣੀ ਕਮੇਟੀ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਸਿਨੇਮਾ ਘਰ ਪੀਵੀਆਰ ਦੇ ਬਾਹਰ ਫਿਲਮ ‘ਐਮਰਜੈਂਸੀ’ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਅਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਅਤੇ ਜਥੇਦਾਰ ਜਸਮੇਰ ਸਿੰਘ ਲਾਛੜੂ ਨੇ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਵੀ ਹਾਲਾਤ ਵਿਚ ਪੰਜਾਬ ਦੇ ਸਿਨੇਮਾਂ ਘਰਾਂ ਵਿਚ ਫਿਲਮ ‘ਐਮਰਜੈਂਸੀ’ ਨੂੰ ਨਹੀਂ ਚੱਲਣ ਦੇਵੇਗੀ। ਜਥੇਦਾਰ ਗੜ੍ਹੀ ਨੇ ਕਿਹਾ ਕਿ ਭਾਜਪਾ ਦੀ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਬਣ ਕੇ ਕੰਗਣਾ ਰਣੌਤ ਲਗਾਤਾਰ ਅਜਿਹੀਆਂ ਵਿਵਾਦ ਟਿੱਪਣੀਆਂ ਕਰਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਖਰਾਬ ਕਰਨਾ ਚਾਹੁੰਦੀ ਹੈ, ਜਿਸ ਨੂੰ ਪੰਜਾਬ ਦਾ ਭਾਈਚਾਰਾ ਕਿਸੇ ਵੀ ਸੂਰਤ ਵਿਚ ਖਰਾਬ ਨਹੀਂ ਹੋਣ ਦੇਵੇਗਾ। ਉਨ੍ਹਾਂ ਕਿਹਾ ਕਿ ਫਿਲਮ ਐਮਰਜੈਂਸੀ ਵਿਚ ਸਿੱਖ ਕੌਮ ਦੇ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਭੂਮਿਕਾ ਨੂੰ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਨੂੰ ਸਿੱਖ ਕੌਮ ਅਤੇ ਸਿੱਖ ਭਾਈਚਾਰਾ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਕਿਹਾ ਕਿਹਾ ਫਿਲਮ ਐਮਰਜੈਂਸੀ ਨੂੰ ਚਲਾਉਣ ਪਿੱਛੇ ਕੰਗਣਾ ਰਣੌਤ ਨੂੰ ਕੇਂਦਰ ਦੀ ਭਾਜਪਾ ਸਰਕਾਰ ਦੀ ਸ਼ਹਿ ਹੈ, ਜੋ ਅਜਿਹੀਆਂ ਸਜਿਸ਼ਾਂ ਤਹਿਤ ‘ਐਮਰਜੈਂਸੀ’ ਨੂੰ ਚਲਾਉਣਾ ਚਾਹੁੰਦੀ ਹੈ ਤਾਂ ਕਿ ਪੰਜਾਬ ਦੇ ਮਾਹੌਲ ਨੰੂ ਇਕ ਵਾਰ ਫੇਰ ਖਰਾਬ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਅਜਿਹੇ ਮਨਸੂਬੇ ਅਤੇ ਸਾਜਿਸ਼ਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਇਸ ਮੌਕੇ ਜਥੇਦਾਰ ਜਸਮੇਰ ਸਿੰਘ ਲਾਛੜੂ ਨੇ ਰੋਸ ਪ੍ਰਦਰਸ਼ਨ ਵਿਚ ਪੁੱਜੀਆਂ ਸ਼ਹਿਰ ਦੀਆਂ ਸਿੱਖ ਸਭਾਵਾਂ ਅਤੇ ਧਾਰਮਿਕ ਜਥੇਬੰਦੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ਾਂ ’ਤੇ ਸਿਨੇਮਾਂ ਘਰ ਵਿਚ ਲੱਗਣ ਵਾਲੀ ਫਿਲਮ ਐਮਰਜੈਂਸੀ ਨੂੰ ਰੁਕਵਾ ਦਿੱਤੀ ਹੈ ਅਤੇ ਅਜਿਹੀਆਂ ਸਿੱਖ ਭਾਵਨਾਵਾਂ ਦਾ ਖਿਲਵਾੜ ਕਰਨ ਵਾਲੀਆਂ ਫਿਲਮਾਂ ਨੂੰ ਕਦੇ ਵੀ ਸ਼ੋ੍ਰਮਣੀ ਕਮੇਟੀ ਨਹੀਂ ਚੱਲਣ ਦੇਵੇਗੀ। ਰੋਸ ਪ੍ਰਦਰਸ਼ਨ ਦੌਰਾਨ ਹੋਰਨਾਂ ਤੋਂ ਇਲਾਵਾ ਕਥਾਵਾਚਕ ਪਿ੍ਰਤਪਾਲ ਸਿੰਘ, ਹੈਡ ਗ੍ਰੰਥੀ ਗਿਆਨੀ ਫੂਲਾ ਸਿੰਘ, ਐਡੀਸ਼ਨਲ ਮੈਨੇਜਰ ਜਸਵਿੰਦਰ ਸਿੰਘ, ਮੀਤ ਮੈਨੇਜਰ ਮਨਦੀਪ ਸਿੰਘ ਭਲਵਾਨ, ਆਤਮ ਪ੍ਰਕਾਸ਼ ਸਿੰਘ ਬੇਦੀ, ਮੈਨੇ. ਸੁਰਜੀਤ ਸਿੰਘ ਕੌਲੀ ਬਹਾਦਰਗੜ੍ਹ, ਮੈਨੇ. ਧਨਵੰਤ ਸਿੰਘ ਕਰਹਾਲੀ ਸਾਹਿਬ, ਭਾਈ ਹਰਵਿੰਦਰ ਸਿੰਘ, ਭਾਈ ਜਗਜੀਤ ਸਿੰਘ ਖਾਲਸਾ, ਜੋਗਿੰਦਰ ਸਿੰਘ ਪੰਛੀ, ਗੁਰੂ ਤੇਗ ਬਹਾਦਰ ਜਥੇ ਦੇ ਪ੍ਰਧਾਨ ਪ੍ਰੇਮ ਸਿੰਘ, ਖਾਲਸਾ ਸ਼ਤਾਬਦੀ ਕਮੇਟੀ ਦੇ ਪ੍ਰਧਾਨ ਹਰਮਿੰਦਰਪਾਲ ਸਿੰਘ ਵਿੰਟੀ, ਸਿਮਰਨ ਗਰੇਵਾਲ ਤੋਂ ਇਲਾਵਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਤੇ ਵੱਡੀ ਗਿਣਤੀ ਮੁਲਾਜ਼ਮਾਂ ਤੇ ਸੰਗਤਾਂ ਆਦਿ ਵੀ ਸ਼ਾਮਲ ਸਨ।