ਭਾਸ਼ਾ ਵਿਭਾਗ ਵੱਲੋਂ ਮੈਗਜ਼ੀਨਾਂ ਲਈ ਲੇਖਕਾਂ ਪਾਸੋਂ ਰਚਨਾਵਾਂ ਦੀ ਮੰਗ
ਹੁਸ਼ਿਆਰਪੁਰ, 23 ਜਨਵਰੀ 2025: ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ ਅਤੇ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਜਸਵੰਤ ਸਿੰਘ ਜ਼ਫ਼ਰ ਹੁਰਾਂ ਦੀ ਅਗਵਾਈ ਹੇਠ ਭਾਸ਼ਾ ਵਿਭਾਗ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਲਗਾਤਾਰ ਸਰਗਰਮ ਭੂਮਿਕਾ ਨਿਭਾਅ ਰਿਹਾ ਹੈ। ਸਰਗਰਮੀ ਦੀ ਇਸੇ ਲੜੀ ਤਹਿਤ ਭਾਸ਼ਾ ਵਿਭਾਗ ਵੱਲੋਂ ਕੱਢੇ ਜਾਂਦੇ ਮਹੀਨਾਵਾਰ ਰਸਾਲਿਆਂ ਪੰਜਾਬੀ ਦੁਨੀਆਂ ਅਤੇ ਜਨ ਸਾਹਿਤ ਲਈ ਲੇਖਕਾਂ ਕੋਲ਼ੋਂ ਅਣਛਪੀਆਂ ਰਚਨਾਵਾਂ ਦੀ ਮੰਗ ਕੀਤੀ ਜਾਂਦੀ ਹੈ।
ਇਸ ਸਬੰਧੀ ਵਿਸਤਾਰ ਨਾਲ ਗੱਲ ਕਰਦਿਆਂ ਜ਼ਿਲ੍ਹਾ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਦੱਸਿਆ ਕਿ ਰਸਾਲਿਆਂ ਵਿਚ ਛਪਣ ਲਈ ਕੋਈ ਵੀ ਲੇਖਕ ਆਪਣੀ ਰਚਨਾ ਭੇਜਣ ਲਈ ਦਫ਼ਤਰ ਭਾਸ਼ਾ ਵਿਭਾਗ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਈ.ਮੇਲ ਆਈ.ਡੀ dlo.language.hsp@gmail.com ’ਤੇ ਸੰਪਰਕ ਕਰ ਸਕਦਾ ਹੈ। ਜਨ ਸਾਹਿਤ ਰਸਾਲੇ ਲਈ ਕਹਾਣੀ, ਕਵਿਤਾ, ਗੀਤ, ਗ਼ਜ਼ਲ, ਰੇਖਾ ਚਿੱਤਰ ਅਤੇ ਮੁਲਾਕਾਤ ਭੇਜੀ ਜਾ ਸਕਦੀ ਹੈ ਜਦ ਕਿ ਪੰਜਾਬੀ ਦੁਨੀਆਂ ਰਸਾਲੇ ਲਈ ਆਲੋਚਨਾ ਲੇਖਾਂ ਦੀ ਮੰਗ ਕੀਤੀ ਜਾਂਦੀ ਹੈ। ਲੇਖਕ ਨੂੰ ਰਚਨਾ ਭੇਜਣ ਦੇ ਨਾਲ ਨਾਲ ਆਪਣਾ ਨਾਂ, ਪਤਾ, ਮੋਬਾਇਲ ਨੰਬਰ ਅਤੇ ਰਚਨਾ ਦੇ ਅਣਛਪੇ ਹੋਣ ਦਾ ਤਸਦੀਕ ਕਰਨਾ ਵੀ ਲਾਜ਼ਮੀ ਹੈ।ਵਿਭਾਗ ਦਾ ਸੰਪਾਦਕੀ ਮੰਡਲ ਮਿਆਰੀ ਰਚਨਾਵਾਂ ਨੂੰ ਰਸਾਲਿਆਂ ਵਿੱਚ ਬਣਦਾ ਸਥਾਨ ਦੇਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਰਸਾਲਿਆ ਤੋਂ ਇਲਾਵਾ ਭਾਸ਼ਾ ਵਿਭਾਗ ਵੱਲੋਂ ਉਰਦੂ ਅਤੇ ਹਿੰਦੀ ਦਾ ਵੀ ਮਾਸਿਕ ਰਸਾਲਾ ਛਾਪਿਆ ਜਾ ਰਿਹਾ ਹੈ। ਹਰੇਕ ਰਸਾਲੇ ਦਾ ਸਲਾਨਾ ਚੰਦਾ ਮਹਿਜ਼ ਦੋ ਸੌ ਚਾਲ਼ੀ ਰੁਪਏ ਹੈ। ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਤੋਂ ਇਹ ਰਸਾਲੇ ਆ ਕੇ ਲਗਵਾਏ ਜਾ ਸਕਦੇ ਹਨ। ਵਿਭਾਗ ਵੱਲੋਂ ਪਾਠਕਾਂ ਦੇ ਘਰਾਂ ਤੱਕ ਡਾਕ ਰਾਹੀਂ ਰਸਾਲੇ ਪਹੁੰਚਾਉਣ ਦੀ ਵੀ ਵਿਵਸਥਾ ਕੀਤੀ ਗਈ ਹੈ।