ਬਠਿੰਡਾ ਵਿੱਚ ਇੱਕ ਵਕੀਲ ਨੂੰ ਮਾਰੀਆਂ ਗੋਲੀਆਂ, ਪੜ੍ਹੋ ਵੇਰਵਾ
ਬਠਿੰਡਾ, 23 ਜਨਵਰੀ 2025 - ਬਠਿੰਡਾ ਵਿੱਚ ਇੱਕ ਵਕੀਲ 'ਤੇ ਮਾਰਨ ਦੇ ਇਰਾਦੇ ਨਾਲ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਐੱਨ. ਐੱਫ਼. ਐੱਲ. ਗੇਟ ਨੰਬਰ ਇੱਕ ਦੇ ਨੇੜੇ ਵਕੀਲ ਦੇ ਗੋਲੀਆਂ ਮਾਰੀਆਂ ਗਈਆਂ। ਜਾਣਕਾਰੀ ਮੁਤਾਬਕ ਐਡਵੋਕੇਟ ਯਸ਼ ਕਰਵੱਸਰਾ ਮੋਟਰਸਾਈਕਲ 'ਤੇ ਘਰ ਨੂੰ ਵਾਪਸ ਜਾ ਰਿਹਾ ਸੀ। ਇਸ ਦੌਰਾਨ ਕਾਰ ਸਵਾਰਾਂ ਨੇ ਉਸ 'ਤੇ ਤਾਬੜ-ਤੋੜ ਗੋਲੀਆਂ ਚੱਲਾ ਦਿੱਤੀਆਂ। ਇਸ ਦੌਰਾਨ ਦੋ ਗੋਲੀਆਂ ਐਡਵੋਕੇਟ ਯਸ਼ ਦੇ ਲੱਗੀਆਂ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਇਲਾਜ ਲਈ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ।
ਜ਼ਖਮੀ ਵਕੀਲ ਦੇ ਅਨੁਸਾਰ, ਇੱਕ ਚਿੱਟੀ ਕਾਰ ਵਿੱਚ ਸਵਾਰ ਕੁਝ ਨੌਜਵਾਨਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਆਪਣੇ ਪਿਸਤੌਲਾਂ ਤੋਂ ਕਈ ਗੋਲੀਆਂ ਚਲਾਈਆਂ, ਜਿਸ ਵਿੱਚ ਵਕੀਲ ਯਸ਼ ਨੂੰ ਦੋ ਗੋਲੀਆਂ ਲੱਗੀਆਂ। ਵਕੀਲ ਕਿਸੇ ਤਰ੍ਹਾਂ ਭੱਜ ਗਿਆ ਅਤੇ ਆਪਣੀ ਜਾਨ ਬਚਾਈ। ਇਸ ਵੇਲੇ ਉਸਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਸੀਨੀਅਰ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਵੱਖ-ਵੱਖ ਟੀਮਾਂ ਅਤੇ ਸੀਆਈਏ ਸਟਾਫ ਤਾਇਨਾਤ ਕੀਤਾ ਗਿਆ ਹੈ। ਪੁਲਿਸ ਹਮਲਾਵਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਫਿਲਹਾਲ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।