ਬਠਿੰਡਾ:ਡਾਕਟਰ ਭੀਮ ਰਾਓ ਅੰਬੇਦਕਰ ਖਿਲਾਫ ਦਿੱਤੇ ਬਿਆਨ ਤੋਂ ਭੜਕੇ ਕਾਂਗਰਸੀਆਂ ਵੱਲੋਂ ਰੋਸ ਮਾਰਚ
ਅਸ਼ੋਕ ਵਰਮਾ
ਬਠਿੰਡਾ 23ਜਨਵਰੀ 2025 :ਆਲ ਇੰਡੀਆ ਕਾਂਗਰਸ ਕਮੇਟੀ ਦੇ ਸੱਦੇ ਤੇ ਅੱਜ ਬਠਿੰਡਾ ਸ਼ਹਿਰੀ ਕਾਂਗਰਸ ਨੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਖਿਲਾਫ ਬਿਆਨ ਦੇਣ ਵਾਲੇ ਮੰਤਰੀ ਸ਼ਾਹ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ।ਅੱਜ ਦੇ ਪ੍ਰਦਰਸ਼ਨ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਬਠਿੰਡਾ ਇੰਚਾਰਜ ਅਰਵਿੰਦ ਡਾਲਵੀਆ ਵਿਸ਼ੇਸ਼ ਤੌਰ ਤੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਡਾਲਵੀਆਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਲੋਕ ਸਭਾ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਖਿਲਾਫ ਗਲਤ ਬਿਆਨਬਾਜੀ ਕੀਤੀ ਹੈ ਜਿਸ ਨਾਲ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਆਹਤ ਹੋਈਆਂ ਹਨ।
ਉਹਨਾਂ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਸੰਵਿਧਾਨ ਦੇ ਨਿਰਮਾਤਾ ਹਨ ਜਿਨਾਂ ਨੇ ਹਰ ਵਰਗ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸੰਵਿਧਾਨ ਬਣਾਇਆ ਪਰ ਭਾਜਪਾ ਸਰਕਾਰ ਸੰਵਿਧਾਨ ਨੂੰ ਤੋੜ ਕੇ ਆਪਣਾ ਰਾਜ ਬਣਾਉਣਾ ਚਾਹੁੰਦੀ ਹੈ ਜੋ ਕਦੇ ਵੀ ਮਨਜ਼ੂਰ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਸ਼੍ਰੀਮਤੀ ਸੋਨੀਆ ਗਾਂਧੀ ਸ਼੍ਰੀਮਤੀ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਹਮੇਸ਼ਾ ਹੀ ਸੰਵਿਧਾਨ ਦੀ ਚੜ੍ਹਦੀ ਕਲਾ ਅਤੇ ਰਾਖੀ ਲਈ ਕਾਂਗਰਸ ਸੜਕਾਂ ਤੇ ਆਉਂਦੀ ਰਹੇਗੀ। ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਮੁਆਫੀ ਮੰਗਣ ਨਹੀਂ ਤਾਂ ਆਉਣ ਵਾਲੇ ਦਿਨਾਂ ਦੌਰਾਨ ਇਸ ਤੋਂ ਵੀ ਜਿਆਦਾ ਵੱਡੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਇਸ ਮੌਕੇ ਕਾਰਜਕਾਰੀ ਮੇਅਰ ਅਸ਼ੋਕ ਕੁਮਾਰ, ਡਿਪਟੀ ਮੇਅਰ ਮਾਸਟਰ ਹਰਿਮੰਦਰ ਸਿੰਘ, ਟਹਿਲ ਸਿੰਘ ਸੰਧੂ ਬਲਾਕ ਪ੍ਰਧਾਨ ਰਾਜ ਪੱਕਾ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਠੇਕੇਦਾਰ, ਕਿਰਨਦੀਪ ਕੌਰ ਵਿਰਕ, ਸਾਬਕਾ ਮੇਅਰ ਬਲਵੰਤ ਨਾਥ, ਸਾਬਕਾ ਮੰਤਰੀ ਚਿਰੰਜੀ ਲਾਲ ਗਰਗ, ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ , ਕੇ ਕੇ ਅਗਰਵਾਲ , ਅਰੁਣ ਵਧਾਵਨ ,ਦਰਸ਼ਨ ਸਿੰਘ ਜੀਦਾ ਕਿਰਨਜੀਤ ਸਿੰਘ ਗਹਿਰੀ, ਅੰਮ੍ਰਿਤਾ ਗਿੱਲ ਅਤੇ ਰੁਪਿੰਦਰ ਬਿੰਦਰਾ ਆਦਿ ਆਗੂ ਹਾਜ਼ਰ ਸਨ।