ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਆਪਣਾ ਅਹੁਦਾ ਸੰਭਾਲਿਆ
ਐੱਸ.ਏ.ਐੱਸ. ਨਗਰ, 06 ਮਾਰਚ 2025 - ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਡਾ. ਅਮਰਪਾਲ ਸਿੰਘ ਆਈ.ਏ.ਐੱਸ (ਰਿਟਾ:) ਨੇ ਬੁੱਧਵਾਰ ਨੂੰ ਪੂਰਵ ਦੁਪਹਿਰ ਬਹੁਤ ਸਾਦੇ ਢੰਗ ਨਾਲ ਆਪਣਾ ਅਹੁਦਾ ਸੰਭਾਲ ਲਿਆ ਹੈ।
1993 ਬੈਚ ਦੇ ਪੀ.ਸੀ.ਐੱਸ ਅਤੇ 2008 ਬੈਚ ਦੇ ਆਈ.ਏ.ਐੱਸ ਅਧਿਕਾਰੀ ਡਾ. ਅਮਰਪਾਲ ਸਿੰਘ ਦਾ ਜੱਦੀ ਸਹਿਰ ਜ਼ਿਲ੍ਹਾ ਪਟਿਆਲਾ ਦਾ ਰਿਆਸਤੀ ਸ਼ਹਿਰ ਨਾਭਾ ਹੈ। ਆਪ ਜੀ ਦੇ ਪਿਤਾ ਡਾ. ਬਚਿੱਤਰ ਸਿੰਘ, ਜੋ ਇੱਕ ਵਿਲੱਖਣ ਸ਼ਖਸੀਅਤ ਦੇ ਮਾਲਕ ਸਨ, ਨੇ ਬਤੌਰ ਡਾਈਰੈਕਟਰ, ਹੈਲਥ ਸਰਵਿਸ ਪੰਜਾਬ ਵਿਖੇ ਸੇਵਾ ਨਿਭਾਈ ਅਤੇ ਮਾਤਾ ਜਸਵੰਤ ਕੌਰ, ਜੋ ਸਟੇਟ ਅਵਾਰਡੀ ਸਨ, ਬਤੌਰ ਪ੍ਰਿੰਸੀਪਲ ਸਿੱਖਿਆ ਵਿਭਾਗ ਪੰਜਾਬ ਤੋਂ ਸੇਵਾਨਿਵਿਰਤ ਹੋਏ। ਡਾ. ਅਮਰਪਾਲ ਸਿੰਘ ਇੱਕ ਵਿਲੱਖਣ ਅਫਸਰ ਵੱਜੋਂ ਜਾਣੇ ਜਾਂਦੇ ਹਨ ਅਤੇੇ ਆਪ ਦੇ ਕੰਮ ਦੀ ਸ਼ਲਾਘਾ ਖੇਤਰ ਵਿੱਚ ਹਰੇਕ ਪੱਧਰ ਤੇ ਕੀਤੀ ਗਈ। ਇਸ ਦੌਰਾਨ ਆਪ ਨੂੰ ਕਈ ਨੈਸ਼ਨਲ ਅਵਾਰਡ ਵੀ ਮਿਲੇ। ਸਰਵਿਸ ਦੌਰਾਨ ਆਪ ਨੇ ਪੰਜਾਬ ਸਰਕਾਰ ਅਤੇ ਯੂ.ਟੀ. ਦੇ ਵੱਖ-ਵੱਖ ਅਦਾਰਿਆਂ ਵਿੱਚ ਬਹੁਤ ਹੀ ਮਹੱਤਵਪੂਰਨ ਮਹਿਕਮਿਆਂ ਵਿੱਚ ਅਹਿਮ ਅਹੁਦਿਆਂ ਤੇ ਸੇਵਾ ਨਿਭਾਈ ਹੈ । ਇਸ ਦੌਰਾਨ ਆਪ ਨੇ ਬਤੌਰ ਸਕੱਤਰ-ਕਮ-ਸੀ.ਈ.ੳ ਪੰਜਾਬ ਰਾਜ ਟੈਕਨਿਕਲ ਐਜੂਕੇਸ਼ਨ ਬੋਰਡ, ਡਾਈਰੈਕਟਰ ਉਚੇਰੀ ਸਿੱਖਿਆ, ਡਾਈਰੈਕਟਰ ਟ੍ਰਾਂਸਪੋਰਟ (ਯੂ.ਟੀ, ਚੰਡੀਗੜ੍ਹ), ਐੱਮ. ਡੀ ਪਨਸਪ, ਸੀ.ਈ.ੳ ਪੇਡਾ, ਸਟੇਟ ਟ੍ਰਾਂਸਪੋਰਟ ਕਮਿਸ਼ਨਰ, ਡਾਈਰੈਕਟਰ ਡਿਜ਼ਾਸਟਰ ਮੈਨੇਜਮੈਂਟ ਜਿਹੇ ਵੱਖ-ਵੱਖ ਅਹੁਦਿਆਂ ਤੇ ਨਾਮਣਾ ਖਟਿੱਆ ਅਤੇ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਹੋਏ 31 ਦੰਸਬਰ 2023 ਨੂੰ ਸੇਵਾ ਮੁਕਤ ਹੋਏ ।
ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਅਜੇਹੀ ਤਜਰਬੇਕਾਰ ਸਖ਼ਸ਼ੀਅਤ ਦਾ ਚੇਅਰਮੈਨ ਮਿਲਣਾ ਸਿੱਖਿਆ ਬੋਰਡ ਲਈ ਚੰਗੇ ਦਿਨਾਂ ਦੀ ਆਮਦ ਦਾ ਸੰਕੇਤ ਹੈ। ਚੇਅਰਮੈਨ ਸ੍ਰੀ ਅਮਰਪਾਲ ਸਿੰਘ ਨੇ ਆਪਣੀ ਨਿਯੁਕਤੀ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਸੂਬੇ ਦਾ ਇੱਕ ਬਹੁਤ ਹੀ ਅਹਿਮ ਅਦਾਰਾ ਹੈ ਕਿਉੱਕਿ ਸਿੱਖਿਆ ਮਨੁੱਖੀ ਜੀਵਨ ਜਾਚ ਦੀ ਬੁਨਿਆਦ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਬੋਰਡ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਮਿਲ ਕੇ ਬੋਰਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ਼ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ।
ਚੇਅਰਮੈਨ ਸ੍ਰੀ. ਅਮਰਪਾਲ ਸਿੰਘ ਜੀ ਨੇ ਆਪਣਾ ਅਹੁਦਾ ਸੰਭਾਲਦਿਆਂ ਮੌਜੂਦਾ ਬੋਰਡ ਅਫ਼ਸਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਆਮ ਜਨਤਾ ਵਿੱਚ ਬੋਰਡ ਦਾ ਅਕਸ ਹੋਰ ਉਭਾਰਨ ਦੀ ਜ਼ਰੂਰਤ ਹੈ ਤਾਂ ਜੋ ਬੋਰਡ ਦੇ ਕੰਮਾਂ ਪ੍ਰਤੀ ਲੋਕਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਹੋਵੇ । ਹਰੇਕ ਮੁਲਾਜ਼ਮ ਆਪਣੀ ਸੀਟ ਦਾ ਕੰਮ ਪੂਰੀ ਇਮਾਨਦਾਰੀ ਨਾਲ ਕਰਨ ਲਈ ਵਚਨਬੱਧ ਹੋਵੇ। ਇਹ ਅਦਾਰਾ ਵਿਦਿਆਰਥੀਆਂ ਨਾਲ ਸਬੰਧਤ ਹੈ ਇਸ ਲਈ ਕਿਸੇ ਵੀ ਵਿਦਿਆਰਥੀ ਦੀ ਕੋਈ ਵੀ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਨਜਿੱਠਿਆ ਜਾਵੇ। ਉਨ੍ਹਾਂ ਕਿਹਾ ਕਿ ਬੋਰਡ ਦਫਤਰ ਵਿੱਚ ਨਵੀਨੀਕਰਨ ਦੀ ਜ਼ਰੂਰਤ ਹੈ ਤਾਂ ਜੋ ਵਿਦਿਆਰਥੀਆਂ ਨੂੰ ਆਪਣੀ ਸਮਸਿਆਂ ਦੇ ਹਲ ਲਈ ਦੂਰ ਦੁਰਾਡੇ ਤੋਂ ਚੱਲ ਕੇ ਮੋਹਾਲੀ ਤੱਕ ਨਾ ਆਉਣਾ ਪਵੇ ।
ਇਸ ਮੌਕੇ ਸਿੱਖਿਆ ਬੋਰਡ ਦੇ ਸਕੱਤਰ ਸ੍ਰੀਮਤੀ ਪਰਲੀਨ ਕੌਰ ਬਰਾੜ (ਪੀ.ਸੀ.ਐੱਸ) ਸੰਯੁਕਤ ਸਕੱਤਰ ਸ਼੍ਰੀ. ਜੇ.ਆਰ.ਮਹਿਰੋਕ, ਉਪ ਸਕੱਤਰ ਸ੍ਰੀ. ਗੁਰਤੇਜ ਸਿੰਘ, ਡਾ. ਗੁਰਮੀਤ ਕੌਰ, ਕੰਟਰੋਲਰ (ਪ੍ਰੀਖਿਆਵਾਂ) ਸ੍ਰੀ ਲਵਿਸ਼ ਚਾਵਲਾ ਅਤੇ ਹੋਰ ਅਧਿਕਾਰੀਆਂ ਤੋਂ ਇਲਾਵਾ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨਾਲ ਹੋਰ ਨੁਮਾਇੰਦੇ ਵੀ ਹਾਜ਼ਰ ਸਨ।