ਪੰਜਾਬ ਕੇਂਦਰੀ ਯੂਨੀਵਰਸਿਟੀ 'ਚ ਕਰਵਾਇਆ ਇਕਬਾਲ ਸਿੰਘ ਰਾਮੂਵਾਲੀਆ ਯਾਦਗਾਰੀ ਸਮਾਗਮ
ਅਸ਼ੋਕ ਵਰਮਾ
ਬਠਿੰਡਾ, 6 ਮਾਰਚ 2025: ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਘੁੱਦਾ) ਵਿਖੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਪ੍ਰਵਾਸੀ ਪੰਜਾਬੀ ਤੇ ਮਰਹੂਮ ਲੇਖਕ ਇਕਬਾਲ ਸਿੰਘ ਰਾਮੂਵਾਲੀਆ ਦੀ ਯਾਦ ਵਿੱਚ ਤੀਸਰਾ ਸਿਮਰਤੀ ਸਮਾਗਮ ਵਾਈਸ ਚਾਂਸਲਰ ਕਾਨਫਰੰਸ ਹਾਲ ਵਿਚ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸ਼ਾਦ ਤਿਵਾੜੀ ਸਨ।ਸਵ: ਰਾਮੂਵਾਲੀਆ ਦੀ ਪਤਨੀ ਸੁਖਸਾਗਰ ਕੌਰ ਗਿੱਲ ਟੋਰਾਂਟੋ ਦੇ ਬਹੁਪੱਖੀ ਸਹਿਯੋਗ ਸਦਕਾ ਇਸ ਸਮਾਗਮ ਵਿਚ ਉਘੇ ਕਹਾਣੀਕਾਰ ਗੁਰਮੀਤ ਕੜਿਆਲਵੀ ਨੂੰ 'ਇਕਬਾਲ ਰਾਮੂਵਾਲੀਆ ਗਲਪ ਪੁਰਸਕਾਰ' ਤੇ ਪ੍ਰਸਿੱਧ ਸ਼ਾਇਰ ਵਿਜੇ ਵਿਵੇਕ ਨੂੰ 'ਇਕਬਾਲ ਰਾਮੂਵਾਲੀਆ ਕਾਵਿ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ।
ਸਮਾਗਮ ਦੇ ਆਰੰਭ ਵਿਚ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਰਮਨਪ੍ਰੀਤ ਕੌਰ ਨੇ ਆਏ ਲੇਖਕਾਂ ਤੇ ਪਾਠਕਾਂ ਨੂੰ ਜੀਓ ਆਇਆਂ ਆਖਿਆ ਤੇ ਭਵਿੱਖ ਵਿਚ ਪੰਜਾਬੀ ਵਿਭਾਗ ਵਲੋਂ ਸਾਹਿਤਕ ਗਤੀਵਿਧੀਆਂ ਵਿੱਚ ਹੋਰ ਤੇਜੀ ਲਿਆਉਣ ਦੀ ਲੋੜ ਉਤੇ ਚਾਨਣਾ ਪਾਇਆ। ਯੂਨੀਵਰਸਿਟੀ ਦੇ ਪ੍ਰੋਫੈਸਰ ਆਫ ਪ੍ਰੈਕਟਿਸ ਤੇ ਨਾਮਵਰ ਸਾਹਿਤਕਾਰ ਨਿੰਦਰ ਘੁਗਿਆਣਵੀ ਨੇ ਸਮਾਗਮ ਦੀ ਮਹੱਤਤਾ ਤੇ ਲੇਖਕ ਰਾਮੂਵਾਲੀਆ ਨਾਲ ਜੁੜੀਆਂ ਯਾਦਾਂ ਤਾਜਾ ਕੀਤੀਆਂ ਤੇ ਉਨਾਂ ਨੂੰ ਜਿੰਦਾਦਿਲ ਮਨੁੱਖ ਆਖਿਆ।
ਸਨਮਾਨਿਤ ਲੇਖਕਾਂ ਨੂੰ ਫੁਲਕਾਰੀਆਂ, ਅਭਿਨੰਦਨ ਗ੍ਰੰਥ, ਇੱਕੀ ਇੱਕੀ ਹਜਾਰ ਰੁਪਏ ਦੀ ਰਾਸ਼ੀ, ਸਨਮਾਨ ਪੱਤਰ ਭੇਟ ਕਰਨ ਦੀ ਰਸਮ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਨਿਭਾਈ। ਵਿਜੇ ਵਿਵੇਕ ਦੀ ਕਾਵਿ ਕਲਾ ਬਾਰੇ ਮਨਜੀਤ ਪੁਰੀ ਜਿਲਾ ਭਾਸ਼ਾ ਅਫਸਰ ਫਰੀਦਕੋਟ ਤੇ ਗੁਰਮੀਤ ਕੜਿਆਲਵੀ ਦੀ ਗਲਪ ਲੇਖਣੀ ਬਾਰੇ ਪ੍ਰੋ. ਸਤਪ੍ਰੀਤ ਸਿੰਘ ਜੱਸਲ ਨੇ ਚਾਨਣਾ ਪਾਇਆ। ਆਲੋਚਕ ਡਾ. ਸਤਨਾਮ ਸਿੰਘ ਜੱਸਲ ਨੇ ਇਕਬਾਲ ਰਾਮੂਵਾਲੀਆ ਦੇ ਜੀਵਨ ਤੇ ਵਿਅਕਤੀਤਵ ਬਾਰੇ ਬੋਲਦਿਆਂ ਉਸ ਨੂੰ ਕਰਮਯੋਗੀ ਮਨੁੱਖ ਤੇ ਗਤੀਸ਼ੀਲ ਲੇਖਕ ਆਖਿਆ।
ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਆਪਣੇ ਸੰਬੋਧਨ ਰਾਹੀਂ ਕਿਹਾ ਕਿ ਯੂਨੀਵਰਸਿਟੀ ਨਿਕਟ ਭਵਿੱਖ ਵਿਚ ਇਕਬਾਲ ਰਾਮੂਵਾਲੀਆ ਦੀ ਯਾਦ ਵਿਚ ਸੈਮੀਨਾਰ ਕਰਵਾਏਗੀ ਤਾਂ ਕਿ ਪੰਜਾਬੀ ਭਾਸ਼ਾ ਦੇ ਮਹਾਨ ਲੇਖਕ ਨੂੰ ਯਾਦ ਕੀਤਾ ਜਾ ਸਕੇ। ਪ੍ਰੋ. ਤਿਵਾਰੀ ਨੇ ਰਾਮੂਵਾਲੀਆ ਦੀਆਂ ਲਿਖਤਾਂ ਨੂੰ ਯਾਦਗਾਰੀ ਲਿਖਤਾਂ ਦੱਸਿਆ।
ਦੋਵਾਂ ਸਨਮਾਨਿਤ ਲੇਖਕਾਂ ਨੇ ਰਾਮੂਵਾਲੀਆ ਪਰਿਵਾਰ ਤੇ ਪੰਜਾਬੀ ਵਿਭਾਗ ਦਾ ਸਨਮਾਨ ਭੇਂਟ ਕਰਨ ਲਈ ਧੰਨਵਾਦ ਕੀਤਾ।ਇਸ ਸਮਾਗਮ ਵਿੱਚ ਵਿਦਿਆਰਥੀਆਂ, ਖੋਜਾਰਥੀਆਂ ਤੇ ਪ੍ਰੋਫੈਸਰਾਂ ਸਮੇਤ ਆਸ ਪਾਸ ਦੇ ਪਿੰਡਾਂ ਤੋਂ ਪਾਠਕਾਂ ਨੇ ਵੀ ਭਾਗ ਲਿਆ। ਸਾਬਕਾ ਸਰਪੰਚ ਘੁੱਦਾ ਸੀਮਾ ਰਾਣੀ ਤੇ ਪ੍ਰਿਤਪਾਲ ਗੋਇਲ, ਸਿਮਰਜੀਤ ਕੌਰ ਸਿੰਮੀ ਮੋਗਾ ਉਚੇਚਾ ਪੁੱਜੇ। ਧੰਨਵਾਦ ਦੀ ਰਸਮ ਅਦਾ ਕਰਦਿਆਂ ਡਾ. ਰਮਨਪ੍ਰੀਤ ਕੌਰ ਨੇ ਆਖਿਆ ਕਿ ਇਹ ਸਮਾਗਮ ਸਰੋਤਿਆਂ ਨੂੰ ਦੇਰ ਤਕ ਯਾਦ ਰਹੇਗਾ। ਮੰਚ ਸੰਚਾਲਨ ਡਾ ਅਮਨਦੀਪ ਬਰਾੜ ਵੱਲੋਂ ਕੀਤਾ ਗਿਆ।