ਨਗਰ ਕੌਂਸਲ ਤੇ ਪ੍ਰਸ਼ਾਸਨ ਦੇ ਵਿੱਚ ਭਾਈ ਲਾਲੋ ਚੌਂਕ ਬਣਾਉਣ ਨੂੰ ਲੈ ਕੇ ਬਣੀ ਸਹਿਮਤੀ
- ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ ਨੇ ਚੌਂਕ ਨੂੰ ਤੁੜਵਾਉਣ ਬਾਰੇ ਦੱਸੀ ਸੱਚਾਈ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 23 ਜਨਵਰੀ 2025 - ਸ਼ਹਿਰ ਦੇ ਤਿਬੜੀ ਰੋਡ ਤੇ ਬਣ ਰਹੇ ਭਾਈ ਲਾਲੋ ਚੌਂਕ ਨੂੰ ਲੈ ਕੇ ਨਗਰ ਕੌਂਸਲ ਅਤੇ ਪ੍ਰਸ਼ਾਸਨ ਦੇ ਵਿੱਚ ਚੱਲ ਰਿਹਾ ਵਿਵਾਦ ਖਤਮ ਹੋ ਗਿਆ ਹੈ । ਦੇਰ ਸ਼ਾਮ ਜਦੋਂ ਇਹ ਚੌਂਕ ਤੁੜਵਾਇਆ ਜਾ ਰਿਹਾ ਸੀ ਤਾਂ ਸ਼ਹਿਰ ਵਿੱਚ ਕਈ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ ਪਰ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ ਨੇ ਇਨਾ ਅਫਵਾਵਾਂ ਤੇ ਵਿਰਾਮ ਲਗਾ ਦਿੱਤਾ ਹੈ ਅਤੇ ਕਿਹਾ ਕਿ ਉਹਨਾਂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ ਅਤੇ ਹੁਣ ਆਪਸੀ ਸਹਿਮਤੀ ਨਾਲ ਚੌਂਕ ਬਣਾਇਆ ਜਾਏਗਾ।
ਉਹਨਾਂ ਕਿਹਾ ਕਿ ਇਸ ਚੌਂਕ ਦਾ ਨਵਾਂ ਡਿਜ਼ਾਇਨ ਤਿਆਰ ਕਰ ਲਿਆ ਗਿਆ ਹੈ ਅਤੇ ਚੌਂਕ ਦੇ ਚਾਰੋ ਪਾਸੇ ਡਿਵਾਈਡਰ ਬਣਾਉਣ ਦੇ ਨਾਲ ਨਾਲ ਲਾਈਟਾਂ ਵੀ ਲਗਾਈਆਂ ਜਾਣਗੀਆਂ ਤਾਂ ਜੋ ਟਰੈਫਿਕ ਸਮੱਸਿਆ ਤੋਂ ਨਿਜਾਤ ਮਿਲ ਸਕੇ । ਉੱਥੇ ਹੀ ਉਹਨਾਂ ਨੇ ਕੂੜੇ ਦੀ ਸਮੱਸਿਆ ਤੇ ਵੀ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਲਦੀ ਹੀ ਕੂੜਾ ਸੁੱਟਣ ਲਈ ਨਵਾਂ ਡੰਪ ਮੁਹਈਆ ਕਰਵਾਉਂਣ ਦਾ ਵਿਸ਼ਵਾਸ ਦਵਾਇਆ ਗਿਆ ਹੈ। ਫਿਲਹਾਲ ਕੂੜਾ ਨਗਰ ਕੌਂਸਲ ਵੱਲੋਂ ਆਪਣੇ ਤੌਰ ਤੇ ਸੁੱਟਣ ਦੇ ਇੰਤਜ਼ਾਮ ਕਰ ਲਏ ਗਏ।
ਭਾਈ ਲਾਲੋ ਚੌਂਕ ਦੀ ਟੁੱਟਣ ਖਬਰ ਨੂੰ ਲੈ ਕੇ ਜਦ ਸਾਡੇ ਪੱਤਰਕਾਰਾਂ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਕਿਸੇ ਨੇ ਵੀ ਭਾਈ ਲਾਲੋ ਚੌਂਕ ਨੂੰ ਨਹੀਂ ਤੋੜਿਆ ਬਲਕਿ ਨਗਰ ਕੌਂਸਲ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਬੈਠ ਕੇ ਮੀਟਿੰਗ ਹੋਈ ਹੈ ਅਤੇ ਟਰੈਫਿਕ ਸਮੱਸਿਆ ਨੂੰ ਲੈ ਕੇ ਭਾਈ ਲਾਲੋ ਚੌਂਕ ਨੂੰ ਡਿਜ਼ਾਇਨ ਕੀਤਾ ਜਾ ਰਿਹਾ ਹੈ ਜਿਸ ਕਰਕੇ ਨਗਰ ਕੌਂਸਲ ਹੀ ਵੱਲੋਂ ਉੱਥੇ ਕੰਮ ਲਗਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਜਲਦ ਹੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਲ ਕੇ ਨਗਰ ਕੌਂਸਲ ਭਾਈ ਲਾਲੋ ਚੌਂਕ ਨਵਾਂ ਡਿਜ਼ਾਇਨ ਕਰਕੇ ਤਿਆਰ ਕਰੇਗੀ। ਲੋਕ ਅਰਪਣ ਕਰ ਦੇਵੇਗਾ। ਉੱਥੇ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਝੂਠੀਆਂ ਅਫਵਾਵਾਂ ਤੋਂ ਬਚਣ ਦੀ ਲੋੜ ਹੈ ਅਤੇ ਬਿਨਾਂ ਕਿਸੇ ਸੱਚ ਜਾਣੇ ਕਿਸੇ ਵੀ ਅਫਵਾਹ ਤੇ ਯਕੀਨ ਕਰਨ ਦੀ ਜਰੂਰਤ ਨਹੀਂ ਹੈ।