ਡੀਜੀਪੀ ਗੌਰਵ ਯਾਦਵ ਦੇ ਬਠਿੰਡਾ ਦੌਰੇ ਮੌਕੇ ਵਕੀਲ ਨੂੰ ਗੋਲੀਆਂ ਮਾਰਨ ਨੇ ਅਮਨ ਕਾਨੂੰਨ ਤੇ ਸਵਾਲ ਖੜ੍ਹੇ ਕੀਤੇ
ਅਸ਼ੋਕ ਵਰਮਾ
ਬਠਿੰਡਾ 23 ਜਨਵਰੀ 2025 : ਬਠਿੰਡਾ ਪੁਲਿਸ ਡੀਜੀਪੀ ਗੌਰਵ ਯਾਦਵ ਦੀ ਆਮਦ ਮੌਕੇ ਜੀਆਇਆ ਆਖਣ ਵਿੱਚ ਰੁੱਝੀ ਰਹੀ ਜਦੋਂ ਕਿ ਇਸ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਨੇ ਬਠਿੰਡਾ ਬਾਰ ਐਸੋਸੀਏਸ਼ਨ ਦੇ ਮੈਂਬਰ ਅਤੇ ਇੱਕ ਵਕੀਲ ਤੇ ਗੋਲੀਆਂ ਚਲਾ ਦਿੱਤੀਆਂ। ਅਚਾਨਕ ਹੋਏ ਇਸ ਹਮਲੇ ਵਿੱਚ ਵਕੀਲ ਯਸ਼ਪਿੰਦਰ ਸਿੰਘ ਯਸ਼ ਬਾਲ ਬਾਲ ਬਚੇ ਹਨ। ਹਮਲਾਵਰਾਂ ਵੱਲੋਂ ਦਲੇਰਾਨਾ ਢੰਗ ਨਾਲ ਕੀਤੀ ਇਸ ਫਾਇਰਿੰਗ ਨੇ ਬਠਿੰਡਾ ਵਿੱਚ ਅਮਨ ਕਾਨੂੰਨ ਦੀ ਸਥਿਤੀ ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹਾਲਾਂਕਿ ਪੁਲਿਸ ਮਾਮਲੇ ਨੂੰ ਜਲਦੀ ਸੁਲਝਾਉਣ ਦਾ ਦਾਅਵਾ ਕਰ ਰਹੀ ਹੈ ਪਰ ਪੰਜਾਬ ਪੁਲਿਸ ਦੇ ਮੁਖੀ ਦੀ ਆਮਦ ਮੌਕੇ ਅਜਿਹੀ ਘਟਨਾ ਦਾ ਵਾਪਰਨਾ ਪੁਲਿਸ ਪ੍ਰਬੰਧਾਂ ਤੇ ਵੀ ਸਵਾਲੀਆ ਚਿੰਨ ਲਾ ਰਿਹਾ ਹੈ। ਗੰਭੀਰ ਜ਼ਖਮੀ ਵਕੀਲ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਕੀਲ ਆਪਣੇ ਘਰ ਤੋਂ ਕੌਮੀ ਖਾਦ ਕਾਰਖਾਨੇ ਵਾਲੇ ਬੱਸ ਅੱਡੇ ਤੇ ਖੜਾ ਸੀ ਤਾਂ ਅਚਾਨਕ ਉਸ ਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਪਤਾ ਲੱਗਿਆ ਹੈ ਕਿ ਵਕੀਲ ਦੇ ਦੋ ਗੋਲੀਆਂ ਲੱਗੀਆਂ ਹਨ।
ਐਸਪੀ ਸਿਟੀ ਨਰਿੰਦਰ ਸਿੰਘ ਦਾ ਕਹਿਣਾ ਸੀ ਕਿ ਵਕੀਲ ਯਸ਼ਪਿੰਦਰ ਸਿੰਘ ਜਸ ਆਪਣੀ ਗੱਡੀ ਤੇ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਜਾ ਰਿਹਾ ਸੀ ਤਾਂ ਇੱਕ ਕਾਰ ਤੇ ਸਵਾਰ ਕੁਝ ਵਿਅਕਤੀਆਂ ਨੇ ਉਸ ਤੇ ਫਾਇਰਿੰਗ ਕਰ ਦਿੱਤੀ। ਉਹਨਾਂ ਦੱਸਿਆ ਕਿ ਗੋਲੀ ਵਕੀਲ ਦੀ ਲੱਤ ਵਿੱਚ ਲੱਗੀ ਹੈ ਜਿਸ ਦੇ ਸਿੱਟੇ ਵਜੋਂ ਉਹ ਜ਼ਖਮੀ ਹੋ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸੰਬੰਧ ਵਿੱਚ ਥਾਣਾ ਥਰਮਲ ਵਿਖੇ ਮੁਕਦਮਾ ਦਰਜ ਕਰ ਲਿਆ ਹੈ ਅਤੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪੁਲਿਸ ਜਲਦੀ ਹੀ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਵੇਗੀ। ਐਸਪੀ ਨੇ ਦੱਸਿਆ ਕਿ ਮੁਢਲੇ ਤੌਰ ਤੇ ਇਹ ਮਾਮਲਾ ਕਿਸੇ ਨਿੱਜੀ ਰੰਜਿਸ਼ ਦਾ ਜਾਪਦਾ ਹੈ ਫਿਰ ਵੀ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਕਿਹਾ ਕਿ ਪੁਲਿਸ ਇਸ ਫਾਇਰਿੰਗ ਮਾਮਲੇ ਦੀ ਹਰ ਪੱਖ ਤੋਂ ਪੜਤਾਲ ਕਰ ਰਹੀ ਹੈ। ਵਕੀਲ ਤੇ ਹਮਲੇ ਦੀ ਖਬਰ ਸੁਣਦਿਆਂ ਹੀ ਬਾਹਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਮਾਨ ਮੌਕੇ ਤੇ ਪਹੁੰਚੇ ਅਤੇ ਗੰਭੀਰ ਰੂਪ ਵਿੱਚ ਜਖਮੀ ਵਕੀਲ ਦਾ ਹਾਲ ਚਾਲ ਜਾਣਿਆ। ਉਨਾਂ ਇਸ ਤਰ੍ਹਾਂ ਇੱਕ ਵਕੀਲ ਤੇ ਗੋਲੀ ਮਾਰਨ ਦੀ ਵਾਰਦਾਤ ਨੂੰ ਲੈ ਕੇ ਵੀ ਚਿੰਤਾ ਜਤਾਈ ਹੈ।