ਉਪ-ਮੰਡਲ ਮੈਜਿਸਟਰੇਟਾਂ ਨੇ ਨਸ਼ਿਆਂ ਵਿਰੁੱਧ ਜੰਗ ਲਈ ਲੋਕਾਂ ਤੋਂ ਮੰਗਿਆ ਸਹਿਯੋਗ
-ਐਸ.ਡੀ.ਐਮਜ ਨੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ, ਜਾਗਰੂਕਤਾ ਰੈਲੀਆਂ ਕੱਢੀਆਂ
-ਆਪਣੇ ਅਧਿਕਾਰ ਖੇਤਰ 'ਚ ਓਟ ਕੇਂਦਰਾਂ ਦਾ ਵੀ ਕੀਤਾ ਦੌਰਾ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 06 ਮਾਰਚ 2025 - ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਨਸ਼ਿਆਂ ਵਿਰੁੱਧ ਜੰਗ ਤਹਿਤ ਲੁਧਿਆਣਾ ਦੇ ਉਪ ਮੰਡਲ ਮੈਜਿਸਟਰੇਟਾਂ ਨੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਨਾਲ ਰੂ-ਬ-ਰੂ ਹੁੰਦਿਆਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਉਨ੍ਹਾਂ ਦਾ ਭਰਪੂਰ ਸਹਿਯੋਗ ਲੈਣ ਤੋਂ ਇਲਾਵਾ ਜਾਗਰੂਕਤਾ ਰੈਲੀਆਂ ਕੱਢੀਆਂ ਅਤੇ ਓਟ ਕੇਂਦਰਾਂ ਦਾ ਦੌਰਾ ਵੀ ਕੀਤਾ।
ਮੀਟਿੰਗਾਂ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਐਸ.ਡੀ.ਐਮਜ਼ ਜਸਲੀਨ ਕੌਰ ਭੁੱਲਰ, ਪੂਨਮਪ੍ਰੀਤ ਕੌਰ, ਡਾ. ਬਲਜਿੰਦਰ ਸਿੰਘ ਢਿੱਲੋਂ, ਪਰਦੀਪ ਬੈਂਸ ਨੇ ਲੋਕਾਂ ਨੂੰ ਇਸ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਸਾਨੂੰ ਸਾਰਿਆਂ ਨੂੰ ਹੱਥ ਮਿਲਾਉਣਾ ਚਾਹੀਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਕੋਹੜ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਵੇ।
ਉਹਨਾਂ ਦੱਸਿਆ ਕਿ ਇਹਨਾਂ ਲੋਕ ਮਿਲਣੀਆਂ ਦੇ ਆਯੋਜਨ ਦਾ ਮੂਲ ਮੰਤਵ ਲੋਕਾਂ ਨੂੰ ਇਸ ਨੇਕ ਕਾਰਜ ਲਈ ਪ੍ਰੇਰਿਤ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਨਸ਼ਾ ਵਿਰੋਧੀ ਮੁਹਿੰਮ ਦਾ ਸੁਨੇਹਾ ਜ਼ਿਲ੍ਹੇ ਦੇ ਕੋਨੇ-ਕੋਨੇ ਵਿੱਚ ਫੈਲਾਇਆ ਜਾਵੇ।
ਐਸ.ਡੀ.ਐਮਜ਼ ਨੇ ਆਸ ਪ੍ਰਗਟ ਕੀਤੀ ਕਿ ਜਿਸ ਤਰ੍ਹਾਂ ਬਹਾਦਰ, ਮਿਹਨਤੀ ਅਤੇ ਲਚਕੀਲੇ ਲੋਕਾਂ ਨੇ ਸੂਬੇ ਵਿੱਚੋਂ ਅੱਤਵਾਦ ਦੇ ਖਾਤਮੇ ਲਈ ਸਰਕਾਰ ਦਾ ਸਹਿਯੋਗ ਦਿੱਤਾ ਹੈ, ਉਸੇ ਤਰ੍ਹਾਂ ਉਨ੍ਹਾਂ ਦੇ ਸਰਗਰਮ ਸਹਿਯੋਗ ਨਾਲ ਨਸ਼ਿਆਂ ਦੀ ਅਲਾਮਤ ਨੂੰ ਵੀ ਜੜ੍ਹੋਂ ਪੁੱਟ ਦਿੱਤਾ ਜਾਵੇਗਾ।
ਐਸ.ਡੀ.ਐਮਜ਼ ਨੇ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਓਟ ਕੇਂਦਰਾਂ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਮਰੀਜ਼ਾਂ ਅਤੇ ਸਟਾਫ਼ ਨਾਲ ਗੱਲਬਾਤ ਵੀ ਕੀਤੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਔਕੜ ਨੂੰ ਜਾਣਿਆ ਜਾ ਸਕੇ।