ਅਮਰੀਕਾ ਵਿੱਚੋਂ ਭਾਰਤੀਆਂ ਨੂੰ ਡਿਪੋਰਟ ਕਰਨ ਦਾ ਮੁੱਦਾ ਬਹੁਤ ਗੰਭੀਰ - ਧਾਲੀਵਾਲ
ਅਗਲੇ ਹਫਤੇ ਇਸ ਮੁੱਦੇ ਉੱਤੇ ਵਿਦੇਸ਼ ਮੰਤਰੀ ਨੂੰ ਮਿਲਣਗੇ ਧਾਲੀਵਾਲ
ਅੰਮ੍ਰਿਤਸਰ, 4 ਫਰਵਰੀ 2025 - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਰਹਿਣ ਵਾਲੇ ਵਿਦੇਸ਼ੀਆਂ ਨੂੰ ਦੇਸ਼ ਵਿੱਚੋਂ ਡਿਪੋਰਟ ਕਰਨ ਦੇ ਮੁੱਦੇ ਉੱਤੇ ਬੋਲਦੇ ਹੋਏ ਪੰਜਾਬ ਕੈਬਨਟ ਦੇ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ, ਜਿਨਾਂ ਕੋਲ ਪ੍ਰਵਾਸੀ ਭਾਰਤੀ ਮਾਮਲੇ ਮੰਤਰਾਲੇ ਦੀ ਜਿੰਮੇਵਾਰੀ ਹੈ , ਨੇ ਕਿਹਾ ਕਿ ਅਜਿਹਾ ਕੀਤਾ ਜਾਣਾ ਬਹੁਤ ਮੰਦਭਾਗਾ ਹੈ। ਉਹਨਾਂ ਕਿਹਾ ਕਿ ਅਮਰੀਕਾ ਵੱਲੋਂ ਭਾਰਤੀਆਂ ਨੂੰ ਡਿਪੋਰਟ ਕੀਤੇ ਜਾਣ ਦਾ ਮੁੱਦਾ ਬਹੁਤ ਗੰਭੀਰਤਾ ਨਾਲ ਸੈਂਟਰ ਸਰਕਾਰ ਨੂੰ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹ ਅਗਲੇ ਹਫਤੇ ਇਸ ਮੁੱਦੇ ਉੱਤੇ ਭਾਰਤ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਕਰਨ ਲਈ ਜਾ ਰਹੇ ਹਨ ਤਾਂ ਜੋ ਉਹਨਾਂ ਨੂੰ ਉੱਥੇ ਰਹਿ ਰਹੇ ਪ੍ਰਵਾਸੀ ਪੰਜਾਬੀਆਂ ਦੇ ਹਿੱਤਾਂ ਅਤੇ ਪਹਿਲੂਆਂ ਤੋਂ ਜਾਣੂ ਕਰਵਾਇਆ ਜਾ ਸਕੇ।
ਧਾਲੀਵਾਲ ਨੇ ਕਿਹਾ ਕਿ ਅਮਰੀਕਾ ਵਰਗੇ ਦੇਸ਼ ਨੂੰ ਅਜਿਹੀ ਪ੍ਰਥਾ ਨਹੀਂ ਸੀ ਪਾਉਣੀ ਚਾਹੀਦੀ , ਕਿਉਂਕਿ ਇਹਨਾਂ ਲੋਕਾਂ ਵਿੱਚੋਂ ਕਈ ਵਰਕ ਪਰਮਿਟ ਉੱਤੇ ਉੱਥੇ ਗਏ ਸਨ ਪਰ ਵਰਕ ਪਰਮਿਟ ਮੁੱਕਣ ਮਗਰੋਂ ਉਹ ਗੈਰ ਕਾਨੂੰਨੀ ਹੋ ਗਏ। ਇਸ ਤਰ੍ਹਾਂ ਕਈਆਂ ਨੇ ਗਲਤ ਰਸਤੇ ਅਮਰੀਕਾ ਵਿੱਚ ਦਾਖਲਾ ਲਿਆ ਪਰ ਉੱਥੇ ਲਗਾਤਾਰ ਮਿਹਨਤ ਕਰਕੇ ਅਮਰੀਕਾ ਦੀ ਅਰਥ ਵਿਵਸਥਾ ਵਿੱਚ ਯੋਗਦਾਨ ਪਾਇਆ। ਅਜਿਹੇ ਲੋਕਾਂ ਨੂੰ ਅਮਰੀਕਾ ਵਿੱਚ ਪੱਕੇ ਕੀਤੇ ਜਾਣਾ ਬਣਦਾ ਸੀ ਨਾ ਕਿ ਇਸ ਤਰ੍ਹਾਂ ਡਿਪੋਰਟ ਕਰਨਾ। ਸ ਧਾਲੀਵਾਲ ਨੇ ਕਿਹਾ ਕਿ ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਗੈਰ ਕਾਨੂੰਨੀ ਢੰਗਾਂ ਨਾਲ ਵਿਦੇਸ਼ਾਂ ਨੂੰ ਉਡਾਰੀ ਨਾ ਮਾਰਨ।
ਉਹਨਾਂ ਕਿਹਾ ਕਿ ਪੜੇ ਲਿਖੇ ਅਤੇ ਹੁਨਰਮੰਦ ਬੰਦਿਆਂ ਦੀ ਸਾਰੇ ਸੰਸਾਰ ਵਿੱਚ ਲੋੜ ਹੈ ਅਤੇ ਲਗਭਗ ਸਾਰੇ ਦੇਸ਼ਾਂ ਨੇ ਹੀ ਅਜਿਹੇ ਹੁਨਰਮੰਦਾਂ ਲਈ ਆਪਣੇ ਦਰਵਾਜੇ ਖੋਲੇ ਹਨ, ਸੋ ਸਾਨੂੰ ਇੱਥੋਂ ਹੁਨਰਮੰਦ ਹੋ ਕੇ ਵਿਦੇਸ਼ ਜਾਣਾ ਚਾਹੀਦਾ ਹੈ ਨਾ ਕਿ ਗਲਤ ਢੰਗ ਨਾਲ ਟਰੈਵਲ ਏਜੰਟਾਂ ਦੇ ਮਗਰ ਲੱਗ ਕੇ ਵਿਦੇਸ਼ਾਂ ਵਿੱਚ ਉਡਾਰੀ ਮਾਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅੱਜ ਹਰੇਕ ਬੱਚਾ ਪੜ੍ਹਿਆ ਲਿਖਿਆ ਹੈ, ਉਸਦੇ ਹੱਥ ਵਿੱਚ ਮੋਬਾਈਲ ਹੈ, ਜੋ ਕਿ ਇੰਟਰਨੈਟ ਜਰੀਏ ਵਿਸ਼ਵ ਭਰ ਦੀ ਖਿੜਕੀ ਤੁਹਾਡੇ ਲਈ ਖੋਲਦਾ ਹੈ , ਇਸ ਲਈ ਜਿਸ ਵੀ ਦੇਸ਼ ਵਿੱਚ ਜਾਣਾ ਹੈ, ਪਹਿਲਾਂ ਉਸ ਬਾਰੇ ਪਤਾ ਕਰੋ ਕਿ ਉੱਥੇ ਜਾਣ ਦੇ ਕਾਨੂੰਨੀ ਢੰਗ ਕੀ ਹਨ , ਕਿਹੜੀ ਪੜ੍ਹਾਈ ਦੀ ਲੋੜ ਹੈ ਅਤੇ ਕਿਹੜੀ ਭਾਸ਼ਾ ਦੀ ਲੋੜ ਹੈ । ਉਹ ਸਿੱਖ ਕੇ ਇੱਥੋਂ ਜਾਓ ਤਾਂ ਹੀ ਤੁਸੀਂ ਕਮਾਈ ਕਰ ਸਕੋਗੇ ਅਤੇ ਵਧੀਆ ਢੰਗ ਨਾਲ ਆਪਣਾ ਜੀਵਨ ਬਸਰ ਕਰ ਸਕੋਗੇ।