ਅਭਿਮਨਿਊ ਆਈ.ਏ.ਐੱਸ. ਇੰਸਟੀਚਿਊਟ ਦੇ ਖਾਸ ਸਹਿਯੋਗ ਨਾਲ ਪੀਸੀਐਸ ਦੀ ਪੜ੍ਹਾਈ ਕਰਵਾਈ ਜਾਵੇਗੀ ਬਿਲਕੁਲ ਮੁਫਤ
ਰਾਕੇਸ਼ ਨਈਅਰ ਚੋਹਲਾ
ਤਰਨ ਤਾਰਨ,06 ਮਾਰਚ 2025 - ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਜ਼ਿਲ੍ਹਾ ਤਰਨ ਤਾਰਨ ਦੇ ਆਰਥਿਕ ਤੌਰ 'ਤੇ ਕਮਜ਼ੋਰ ਬੱਚਿਆਂ ਲਈ ਇੱਕ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ ਜੋ ਪੀਸੀਐਸ,ਯੂਪੀਐਸਸੀ,ਆਈਏਐਸ ਆਦਿ ਟੈਸਟ ਦੀ ਪੜ੍ਹਾਈ ਕਰਨ ਤੋਂ ਬਾਅਦ ਵਿੱਚ ਅਫਸਰ ਬਣਨਾ ਚਾਹੁੰਦੇ ਹਨ,ਪਰ ਆਰਥਿਕ ਸਥਿਤੀ ਕਮਜ਼ੋਰ ਹੋਣ ਕਾਰਨ ਜਾਂ ਨੇੜੇ ਇੰਸਟੀਚਿਊਟ ਨਾ ਹੋਣ ਕਾਰਨ ਅਫਸਰ ਨਹੀਂ ਬਣ ਪਾਉਂਦੇ।ਅੱਜ ਤਰਨ ਤਾਰਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਦੱਸਿਆ ਕਿ ਉਹਨਾਂ ਵੱਲੋਂ ਪੰਜਾਬ ਦੀ ਨਾਮੀ ਸੰਸਥਾ ਅਭਿਮਨਿਊ ਆਈਏਐਸ ਦੇ ਮਾਲਕ ਸ਼੍ਰੀ ਪ੍ਰਵੀਨ ਬਾਂਸਲ ਨਾਲ ਕੁਝ ਸਮਾਂ ਪਹਿਲਾਂ ਇਕ ਮੁਲਾਕਾਤ ਕਰਕੇ ਜ਼ਿਲ੍ਹਾ ਤਰਨਤਾਰਨ ਵਿੱਚ ਆਰਥਿਕ ਤੌਰ 'ਤੇ ਕਮਜ਼ੋਰ ਬੱਚਿਆਂ ਨੂੰ ਫਰੀ ਵਿੱਚ ਪੀਸੀਐਸ ਤੇ ਹੋਰ ਸਰਕਾਰੀ ਟੈਸਟ ਦੀ ਤਿਆਰੀ ਕਰਵਾਉਣ ਲਈ ਸਹਿਯੋਗ ਕਰਨ ਲਈ ਗੱਲਬਾਤ ਕੀਤੀ ਗਈ ਸੀ।
ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਦੱਸਿਆ ਕਿ ਇਸ ਸੰਸਥਾ ਦੇ ਵਿੱਚੋਂ ਹੁਣ ਤੱਕ ਲਗਭਗ 2500 ਤੋਂ ਵੱਧ ਬੱਚੇ ਪੜ੍ਹ ਕੇ ਆਫਿਸਰ ਬਣ ਚੁੱਕੇ ਹਨ।ਅਭਿਮਨਿਊ ਆਈਐਸ ਇੰਸਟੀਚਿਊਟ 25 ਸਾਲ ਪੁਰਾਣਾ ਹੈ ਤੇ ਇਹਨਾਂ ਕੋਲ ਇੱਕ ਤਜਰਬੇਕਾਰ ਅਧਿਆਪਕ ਹਨ। ਮੁਲਾਕਾਤ ਕਰਨ ਤੋਂ ਬਾਅਦ ਅਭਿਮਨਿਊ ਆਈਏਐਸ ਦੇ ਐਮ ਡੀ ਸ਼੍ਰੀ ਪਰਵੀਨ ਬਾਂਸਲ ਵੱਲੋਂ ਇਹ ਵਿਸ਼ੇਸ਼ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਤੇ ਅੱਜ ਉਸ ਸਬੰਧ ਵਿੱਚ ਚੰਡੀਗੜ੍ਹ ਤੋਂ ਅਭਿਮਨਿਊ ਆਈਏਐਸ ਇੰਸਟੀਚਿਊਟ ਦੇ ਮਾਲਕ ਪ੍ਰਵੀਨ ਬਾਂਸਲ ਜਿਲਾ ਤਰਨ ਤਾਰਨ ਵਿੱਚ ਰੱਖੀ ਗਈ ਪ੍ਰੈੱਸ ਕਾਨਫਰੰਸ ਵਿੱਚ ਨਿਜੀ ਤੌਰ 'ਤੇ ਪਹੁੰਚੇ ਹਨ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਦੱਸਿਆ ਕਿ ਇਹ ਕੋਰਸ ਅਗਲੇ ਦੋ ਸਾਲ ਤੱਕ ਕਰਵਾਏ ਜਾਣਗੇ ਅਤੇ ਇਹ ਕੋਰਸ ਆਨਲਾਈਨ ਘਰੇ ਬੈਠੇ ਉਹ ਵਿਦਿਆਰਥੀ ਜਿੰਨਾ ਦੇ ਪਰਿਵਾਰ ਦੀ ਸਲਾਨਾ ਆਮਦਨ ਹੱਦ 3 ਲੱਖ ਰੁਪਏ ਤੋਂ ਘੱਟ ਹੈ,ਉਹ ਇਸ ਦਾ ਫਾਇਦਾ ਲੈ ਸਕਦੇ ਹਨ।
ਉਹਨਾਂ ਇਹ ਵੀ ਦੱਸਿਆ ਕਿ ਸਾਡੇ ਪਿੰਡਾਂ ਦੇ ਸਰਪੰਚ ਸਾਹਿਬਾਨਾਂ ਨਾਲ ਮੁਲਾਕਾਤ ਕਰਕੇ ਤੁਸੀਂ ਇਸ ਕੋਰਸ ਦਾ ਲਿੰਕ ਪ੍ਰਾਪਤ ਕਰ ਸਕਦੇ ਹੋ।ਇਸ ਮੌਕੇ 'ਤੇ ਅਭਿਮਨਿਊ ਇੰਸਟੀਚਿਊਟ ਦੇ ਮਾਲਕ ਸ਼੍ਰੀ ਪ੍ਰਵੀਨ ਬਾਂਸਲ ਨੇ ਪ੍ਰੈਸ ਨੂੰ ਮੁਤਾਫਿਕ ਹੁੰਦੇ ਹੋਏ ਕਿਹਾ ਕਿ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਇੱਕ ਚੰਗੀ ਸੋਚ ਦੇ ਨਾਲ ਬੱਚਿਆਂ ਦੇ ਭਵਿੱਖ ਦੇ ਲਈ ਉਹਨਾਂ ਨਾਲ ਮੁਲਾਕਾਤ ਕੀਤੀ ਗਈ ਸੀ।ਜਿਸ ਉਪਰੰਤ ਉਨਾਂ ਵੱਲੋਂ ਆਪਣੇ ਇੰਸਟੀਚਿਊਟ ਦੇ 25 ਸਾਲ ਪੂਰੇ ਹੋਣ 'ਤੇ ਇਹ ਵਿਸ਼ੇਸ਼ ਤੋਹਫਾ ਜ਼ਿਲ੍ਹਾ ਤਰਨ ਤਾਰਨ ਦੇ ਆਰਥਿਕ ਤੌਰ 'ਤੇ ਕਮਜ਼ੋਰ ਬੱਚਿਆਂ ਨੂੰ ਦੇ ਰਹੇ ਹਾਂ।ਉਹਨਾਂ ਨੇ ਦੱਸਿਆ ਕਿ ਇਹ ਕੋਰਸ ਕਰਨ ਤੋਂ ਬਾਅਦ ਵਿਦਿਆਰਥੀ ਐਸਡੀਐਮ, ਡੀਐਸਪੀ, ਬੀਡੀਪੀਓ, ਕੋਆਪਰੇਟਿਵ ਇੰਸਪੈਕਟਰ,ਈਟੀਓ ਆਦਿ ਵਰਗੇ ਹੋਰ ਚੰਗੇ ਅਹੁਦਿਆਂ ਤੇ ਸੇਵਾ ਨਿਭਾ ਸਕਦੇ ਹਨ।