ਅਕਾਲ ਅਕੈਡਮੀ ਫਤਹਿਗੜ੍ਹ ਛੰਨਾ ਵਿਖੇ ਨਸ਼ਾ ਵਿਰੋਧੀ ਦਿਵਸ ਨੂੰ ਸਮਰਪਿਤ ਜਾਗਰੂਕਤਾ ਸਮਾਗਮ
ਹਰਜਿੰਦਰ ਸਿੰਘ ਭੱਟੀ
ਬੜੂ ਸਾਹਿਬ,31 ਜੁਲਾਈ 2025: ਕਲਗੀਧਰ ਟਰੱਸਟ ਬੜੂ ਸਾਹਿਬ ਦੀ ਸ਼ਾਖਾ ਅਕਾਲ ਅਕੈਡਮੀ, ਫਤਹਿਗੜ੍ਹ ਛੰਨਾ ਵਿਖੇ ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਅਗਵਾਈ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਰਵਿੰਦਰ ਕੌਰ ਜੀ ਵੱਲੋਂ ਕੀਤੀ ਗਈ। ਇਹ ਸਮਾਗਮ “ਅਕਾਲ ਡਰੱਗ ਡੀ-ਐਡਿਕਸ਼ਨ ਸੈਂਟਰ” ਅਤੇ “ਅਕਾਲ ਕਾਲਜ ਆਫ਼ ਹੈਲਥ ਐਂਡ ਅਲਾਈਡ ਸਾਇੰਸਜ਼, ਇਟਰਨਲ ਯੂਨੀਵਰਸਿਟੀ, ਬੜੂ ਸਾਹਿਬ” ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਸ ਵਿੱਚ 800 ਤੋਂ ਵੱਧ ਵਿਦਿਆਰਥੀਆਂ ਨੇ ਸਮਾਗਮ ਵਿੱਚ ਭਾਗ ਲਿਆ ਅਤੇ ਨਸ਼ਿਆਂ ਦੇ ਮਨੋਵਿਗਿਆਨਿਕ ਪ੍ਰਭਾਵਾਂ, ਬਚਾਅ ਅਤੇ ਇਲਾਜ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ। ਸਮਾਗਮ ਦੀ ਸ਼ੁਰੂਆਤ "ਚੁੱਪ 2" ਨਾਂ ਦੀ ਲਘੂ ਫ਼ਿਲਮ ਨਾਲ ਕੀਤੀ ਗਈ ਜੋ ਨਸ਼ਿਆਂ ਦੇ ਨੁਕਸਾਨਾਂ ਨੂੰ ਸਮਝਾਉਂਦੀ ਹੈ।
ਇਸ ਮੌਕੇ ਮਾਨਸਿਕ ਸਿਹਤ ਮਾਹਿਰਾਂ ਮਾਨਯੋਗ ਡਾ. ਸ਼ੁਭ ਮੋਹਨ ਸਿੰਘ, ਡਾ. ਸਿੰਮੀ ਵਰੇਚ, ਡਾ. ਕਰਿਸ਼ਨ ਕੁਮਾਰ, ਡਾ. ਭਾਰਤ ਅਤੇ ਡਾ. (ਕਰਨਲ) ਰਜਿੰਦਰ ਸਿੰਘ ਵੱਲੋਂ ਪੈਨਲ ਚਰਚਾ ਰਾਹੀਂ ਨਸ਼ਿਆਂ ਦੀ ਸਮੱਸਿਆ ਤੇ ਉਸਦੇ ਹੱਲਾਂ 'ਤੇ ਵਿਚਾਰ ਸਾਂਝੇ ਕੀਤੇ ਗਏ। ਇਸ ਤੋਂ ਇਲਾਵਾ, "ਜਰਨੈਲ ਸਿੰਘ" ਨਾਮਕ ਦਸਤਾਵੇਜ਼ੀ ਫ਼ਿਲਮ ਵੀ ਵਿਖਾਈ ਗਈ ਜੋ ਨਸ਼ਿਆਂ ਤੋਂ ਮੁਕਤੀ ਦੀ ਇੱਕ ਅਸਲ ਘਟਨਾ ’ਤੇ ਆਧਾਰਿਤ ਸੀ।
ਸਮਾਪਤੀ ਮੌਕੇ, ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਨਸ਼ਾ ਮੁਕਤੀ ਦੀ ਸ਼ਪਥ ਲੈ ਕੇ ਨਵੇਂ ਸਮਾਜ ਦੀ ਨਿਰਮਾਣ ਵੱਲ ਇੱਕ ਵੱਡਾ ਕਦਮ ਚੁੱਕਿਆ ਗਿਆ। ਅਕਾਲ ਅਕੈਡਮੀ ਦੇ ਪ੍ਰਿੰਸੀਪਲ ਰਵਿੰਦਰ ਕੌਰ ਜੀ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ, “ਨਸ਼ਾ ਸਾਡੇ ਸਮਾਜ ਲਈ ਇੱਕ ਕੈਂਸਰ ਵਰਗਾ ਹੈ। ਅਸੀਂ ਇਸ ਵਿਰੁੱਧ ਲਗਾਤਾਰ ਯਤਨ ਕਰਦੇ ਰਹਾਂਗੇ ਤਾਂ ਜੋ ਆਪਣੀ ਨੌਜਵਾਨ ਪੀੜ੍ਹੀ ਨੂੰ ਨੈਤਿਕ, ਅਧਿਆਤਮਕ ਅਤੇ ਸਿਹਤਮੰਦ ਜੀਵਨ ਵੱਲ ਲੈ ਜਾ ਸਕੀਏ।” ਇਸ ਜਾਗਰੂਕਤਾ ਸਮਾਗਮ ਰਾਹੀਂ ਅਕਾਲ ਅਕੈਡਮੀ ਵੱਲੋਂ ਨੌਜਵਾਨਾਂ ਵਿੱਚ ਨਸ਼ਿਆਂ ਵਿਰੁੱਧ ਸੂਚਨਾਤਮਕ ਤੇ ਪ੍ਰੇਰਕ ਸੁਨੇਹਾ ਦਿੱਤਾ ਗਿਆ ਜੋ ਭਵਿੱਖ ਵਿੱਚ ਨਿਸ਼ਚਤ ਤੌਰ 'ਤੇ ਲਾਭਕਾਰੀ ਸਾਬਿਤ ਹੋਵੇਗਾ।