ਅਕਾਲ ਅਕੈਡਮੀ ਮਧੀਰ ਦੇ ਵਿਦਿਆਰਥੀਆਂ ਨੇ ਅੰਤਰ-ਅਕਾਦਮੀ ਫੁਟਬਾਲ ਟੂਰਨਾਮੈਂਟ ਵਿੱਚ ਦਰਜ ਕੀਤੀ ਵਿਸ਼ੇਸ਼ ਜਿੱਤ
ਹਰਜਿੰਦਰ ਸਿੰਘ ਭੱਟੀ
ਮਧੀਰ, 25 ਅਪ੍ਰੈਲ 2025 : ਕਲਗੀਧਰ ਟਰਸਟ ਬੜੂ ਸਾਹਿਬ ਦੇ ਅਧੀਨ ਚੱਲ ਰਹੀ ਅਕਾਲ ਅਕੈਡਮੀ ਮਧੀਰ ਦੇ ਵਿਦਿਆਰਥੀਆਂ ਨੇ ਅੰਤਰ-ਅਕਾਦਮੀ ਫੁਟਬਾਲ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਹ ਟੂਰਨਾਮੈਂਟ ਅਕਾਲ ਅਕੈਡਮੀ ਮਧੀਰ ਵੱਲੋਂ ਕਰਵਾਇਆ ਗਿਆ ਸੀ, ਜਿਸ ਵਿੱਚ ਵੱਖ-ਵੱਖ ਅਕੈਡਮੀਆਂ ਤੋਂ ਆਈਆਂ ਟੀਮਾਂ ਨੇ ਭਾਗ ਲਿਆ। ਕੋਚ ਸਰਦਾਰ ਨਵਦੀਪ ਸਿੰਘ ਦੀ ਕੁਸ਼ਲ ਸਿਖਲਾਈ ਹੇਠ, ਅਕਾਲ ਅਕੈਡਮੀ ਮਧੀਰ ਦੀ ਟੀਮ ਨੇ ਬਾਕੀ ਸਾਰੀਆਂ ਟੀਮਾਂ ਨੂੰ ਪਿੱਛੇ ਛੱਡਦੇ ਹੋਏ ਜਿੱਤ ਦਰਜ ਕੀਤੀ। ਇਸ ਟੀਮ ਦੀ ਅਗਵਾਈ ਕਪਤਾਨ ਗੁਰਕੀਰਤ ਸਿੰਘ ਨੇ ਕੀਤੀ। ਟੀਮ ਦੇ ਸਾਰੇ ਹੀ ਖਿਡਾਰੀਆਂ ਨੇ ਮੈਦਾਨ 'ਚ ਕਾਬਿਲੇ-ਤਾਰੀਫ਼ ਪ੍ਰਦਰਸ਼ਨ ਕਰਦਿਆਂ ਸ਼ਾਨਦਾਰ ਜਿੱਤ ਹਾਸਲ ਕੀਤੀ ਅਤੇ ਸਾਰੇ ਟੂਰਨਾਮੈਂਟ ਦੌਰਾਨ ਵਧੀਆ ਖੇਡ ਪ੍ਰਦਰਸ਼ਨ ਕਰਕੇ ਆਪਣੀ ਖੇਡ ਕਾਬਲੀਅਤ ਦਾ ਲੋਹਾ ਮਨਵਾਇਆ। ਵਿਜੇਤਾ ਟੀਮ ਨੂੰ ਟਰਾਫੀ ਦੇ ਕੇ ਅਕਾਲ ਅਕੈਡਮੀ ਮਧੀਰ ਦੀ ਪ੍ਰਿੰਸੀਪਲ ਮੈਡਮ ਸੁਖਵੀਰ ਕੌਰ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਪ੍ਰਿੰਸੀਪਲ ਸੁਖਵੀਰ ਕੌਰ ਨੇ ਟੀਮ ਦੇ ਸਾਰੇ ਮੈਂਬਰਾਂ ਅਤੇ ਕੋਚ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਕਾਲ ਅਕੈਡਮੀ ਵਿਦਿਆਰਥੀਆਂ ਨੂੰ ਸਿਰਫ਼ ਪਾਠਕ੍ਰਮਕ ਸਿੱਖਿਆ ਹੀ ਨਹੀਂ, ਸਗੋਂ ਖੇਡਾਂ, ਕਲਾਵਾਂ ਅਤੇ ਧਾਰਮਿਕ ਗਿਆਨ ਵੱਲ ਵੀ ਪੂਰਾ ਧਿਆਨ ਦਿੰਦੀ ਹੈ। ਵਿਦਿਆਰਥੀਆਂ ਦਾ ਸਰਵ-ਪੱਖੀ ਵਿਕਾਸ ਅਤੇ ਸਿਹਤਮੰਦ ਸਮਾਜ ਦੀ ਸਥਾਪਨਾ ਹੀ ਅਕਾਲ ਅਕੈਡਮੀ ਦਾ ਮੁੱਖ ਉਦੇਸ਼ ਹੈ।