ਲੁਧਿਆਣਾ ਦੇ ਹਰਸ਼ਪ੍ਰੀਤ ਸਿੰਘ ਨੇ ਪੰਜਾਬ ਰਾਜ ਪ੍ਰਤਿਭਾ ਖੋਜ ਪ੍ਰੀਖਿਆ ਵਿੱਚ ਪਹਿਲਾ ਸਥਾਨ ਹਾਸਲ ਕੀਤਾ
• ਪ੍ਰੀਖਿਆ ਦੇ ਟੌਪ-500 ਵਿਦਿਆਰਥੀਆਂ ਨੂੰ 12ਵੀਂ ਜਮਾਤ ਤੱਕ ਦਿੱਤੀ ਜਾਵੇਗੀ ਸਕਾਲਰਸ਼ਿਪ
• 35 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਦਿੱਤੀ ਪ੍ਰੀਖਿਆ
ਚੰਡੀਗੜ੍ਹ, 24 ਅਪ੍ਰੈਲ 2025 - ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ, ਬੂਲੇਪੁਰ, ਜ਼ਿਲ੍ਹਾ ਲੁਧਿਆਣਾ ਦੇ ਵਿਦਿਆਰਥੀ ਹਰਸ਼ਪ੍ਰੀਤ ਸਿੰਘ ਨੇ ਸੈਸ਼ਨ 2024-25 ਲਈ ਪੰਜਾਬ ਰਾਜ ਪ੍ਰਤਿਭਾ ਖੋਜ ਪ੍ਰੀਖਿਆ (ਦਸਵੀਂ ਜਮਾਤ) ਵਿੱਚ 180 ਵਿੱਚੋਂ 165 ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਉਹਨਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਵਿਦਿਆਰਥਣਾਂ ਕੋਮਲਪ੍ਰੀਤ ਕੌਰ ਅਤੇ ਨਵਜੋਤ ਕੌਰ ਨੇ ਕ੍ਰਮਵਾਰ 159 ਅੰਕ ਅਤੇ 158 ਅੰਕ ਪ੍ਰਾਪਤ ਕਰਕੇ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਦੱਸਣਯੋਗ ਹੈ ਕਿ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਸ.ਸੀ.ਈ.ਆਰ.ਟੀ.) ਵੱਲੋਂ 2 ਫਰਵਰੀ, 2025 ਨੂੰ ਪੰਜਾਬ ਰਾਜ ਪ੍ਰਤਿਭਾ ਖੋਜ ਪ੍ਰੀਖਿਆ ਕਰਵਾਈ ਗਈ ਸੀ, ਜਿਸ ਤਹਿਤ 10ਵੀਂ ਜਮਾਤ ਦੇ ਚੋਟੀ ਦੇ 500 ਵਿਦਿਆਰਥੀਆਂ ਨੂੰ 200 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿੱਤਾ ਜਾਵੇਗਾ। ਪੰਜਾਬ ਸਰਕਾਰ ਦੀ ਇਸ ਸਕੀਮ ਰਾਹੀਂ ਇਨ੍ਹਾਂ ਵਿਦਿਆਰਥੀਆਂ ਨੂੰ ਦੋ ਸਾਲਾਂ ਤੱਕ ਯਾਨੀ 12ਵੀਂ ਜਮਾਤ ਤੱਕ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਪ੍ਰੀਖਿਆ ਤਹਿਸੀਲ ਪੱਧਰ 'ਤੇ ਸੂਬੇ ਭਰ ਦੇ 146 ਕੇਂਦਰਾਂ ਵਿੱਚ ਲਈ ਗਈ ਸੀ ਅਤੇ ਕੁੱਲ 41,190 ਵਿਦਿਆਰਥੀਆਂ ਨੇ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਈ ਸੀ। ਇਨ੍ਹਾਂ ਵਿੱਚੋਂ 35,854 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ 27,333 ਨੇ ਇਹ ਪ੍ਰੀਖਿਆ ਪਾਸ ਕੀਤੀ। ਇਸ ਪ੍ਰੀਖਿਆ ਦੀ ਯੋਗਤਾ ਦੇ ਆਧਾਰ 'ਤੇ 500 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਜਾਵੇਗੀ।
ਇਹਨਾਂ ਸਫ਼ਲ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦੀ ਸ਼ਲਾਘਾ ਕੀਤੀ ਅਤੇ ਚੋਟੀ ਦਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਨੂੰ ਉਜਾਗਰ ਵੀ ਕੀਤਾ। ਉਨ੍ਹਾਂ ਨੇ ਸੂਬੇ ਅੰਦਰ ਨੌਜਵਾਨ ਪ੍ਰਤਿਭਾ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਨਤੀਜਿਆਂ ਨੂੰ ਹੋਣ ਬਿਹਤਰ ਬਣਾਉਣ ਵਾਸਤੇ ਵਿੱਤੀ ਸਹਾਇਤਾ ਲਈ ਇਸ ਪ੍ਰੀਖਿਆ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਤਾਂ ਜੋ ਇਨ੍ਹਾਂ ਵਿਦਿਆਰਥੀਆਂ ਨੂੰ ਅਕਾਦਮਿਕ ਉਪਲਬਧੀਆਂ ਵਿੱਚ ਉੱਤਮਤਾ ਪ੍ਰਾਪਤ ਕਰਨ ਵਾਸਤੇ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਵਿਦਿਆਰਥੀ ਭਵਿੱਖ ਵਿੱਚ ਪੰਜਾਬ ਦਾ ਮਾਣ ਵਧਾਉਣ ਲਈ ਵੱਡੀਆਂ ਪ੍ਰਾਪਤੀਆਂ ਹਾਸਲ ਕਰਦੇ ਰਹਿਣਗੇ।
2 | 8 | 5 | 3 | 4 | 5 | 3 | 5 |