ਮਾਪਿਆਂ ਤੇ ਸਕੂਲ ਸਟਾਫ ਨੇ ਮੈਰਿਟ ’ਚ ਆਈ ਜੈਸਲੀਨ ਨੂੰ ਕਿਹਾ ‘ਸ਼ੁਕਰੀਆ ਧੀਏ’ ਤੂੰ ਮਾਣ ਵਧਾਇਆ
ਅਸ਼ੋਕ ਵਰਮਾ
ਬਠਿੰਡਾ, 5 ਅਪ੍ਰੈਲ 2025: ‘ਸ਼ੁਕਰੀਆ ਧੀਏ, ਤੂੰ ਪੂਰੇ ਪੰਜਾਬ ’ਚ ਪਿੰਡ ਭਗਤਾ ਭਾਈ ਦਾ ਸਿਰ ਉੱਚਾ ਕਰ ਦਿੱਤਾ ਹੈੇ।’ ‘ਧੀਏ, ਤੂੰ ਸਾਡੇ ਸਕੂਲ ਅਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ, ਸਾਡੇ ਕੋਲ ਸ਼ਬਦ ਨਹੀਂ, ਜਿਨ੍ਹਾਂ ਨਾਲ ਤੇਰਾ ਧੰਨਵਾਦ ਕਰ ਸਕੀਏ।’ ਬਠਿੰਡਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਧੀਨ ਪੈਂਦੇ ਵੱਡੇ ਪਿੰਡ ਜੋ ਇਲਾਕੇ ਦਾ ਅਹਿਮ ਕਸਬਾ ਵੀ ਹੈ ਦੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ ) ਦੀ ਵਿਦਿਆਰਥਣ ਜੈਸਲੀਨ ਕੌਰ ਨੂੰ ਸਕੂਲ ਸਟਾਫ, ਮਾਪਿਆਂ ਅਤੇ ਪਿੰਡ ਵਾਸੀਆਂ ਨੇ ਇਹ ਸ਼ਬਦ ਆਖੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਅੱਠਵੀਂ ਜਮਾਤ ਦੇ ਨਤੀਜੇ ਦੌਰਾਨ ਭਗਤਾ ਭਾਈ ਦੇ ਸਰਕਾਰੀ ਸਕੂਲ ਦੀ ਇਸ ਬੱਚੀ ਨੇ ਸਫਲਤਾ ਦੇ ਝੰਡੇ ਗੱਡੇ ਹਨ ਜਿਸ ਦਾ ਅੱਜ ਸਕੂਲ ਸਟਾਫ ਵੱਲੋਂ ਪ੍ਰਿੰਸੀਪਲ ਵਿਜੇ ਕੁਮਾਰ ਅਤੇ ਬੀਐਨਓ ਰਕੇਸ਼ ਕੁਮਾਰ ਦੀ ਮੌਜੂਦਗੀ ਵਿੱਚ ਸਨਮਾਨ ਵੀ ਕੀਤਾ ਗਿਆ।
ਇੱਥੇ ਇਹ ਵੀ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਲੜਕੀਆਂ ਦੇ ਇਹ ਉਹ ਸਕੂਲ ਹੈ ਜਿਸ ਦੀ ਪਿੰਡ ਵਾਸੀਆਂ ਨੇ ਧੀਆਂ ਨੂੰ ਨਜ਼ਦੀਕ ਸਿੱਖਿਆ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਆਪਣੇ ਪੱਧਰ ਤੇ ਸਥਾਪਨਾ ਕੀਤੀ ਸੀ। ਸਕੂਲ ਦੀ ਸਫਲਤਾ ਨੂੰ ਦੇਖਦਿਆਂ ਮਗਰੋਂ ਪੰਜਾਬ ਸਰਕਾਰ ਨੇ ਸਕੂਲ ਦਾ ਪ੍ਰਬੰਧ ਸੰਭਾਲ ਲਿਆ ਸੀ। ਇਸ ਸਕੂਲ ਤੋਂ ਸਿੱਖਿਆ ਹਾਸਲ ਕਰਨ ਵਾਲੀਆਂ ਕਾਫੀ ਲੜਕੀਆਂ ਚੰਗੇ ਅਹੁਦਿਆਂ ਤੇ ਸਰਕਾਰੀ ਸੇਵਾ ਨਿਭਾ ਰਹੀਆਂ ਹਨ। ਤੇ ਹੁਣ ਜੈਸਲੀਨ ਕੌਰ ਨੇ ਸਫਲਤਾ ਲਈ ਯਤਨ ਕਰਨ ਵਾਲਿਆਂ ਦੀ ਇਸ ਕਤਾਰ ’ਚ ਆਪਣਾ ਨਾਮ ਲਿਖਵਾਇਆ ਹੈ। ਭਗਤਾ ਭਾਈ ਦੀ ਖਾਨਾਪੱਤੀ ਦੇ ਰਹਿਣ ਵਾਲੇ ਬੀਰਬਲ ਸਿੰਘ ਜੋ ਕੱਪੜਿਆਂ ਦੀ ਸਿਲਾਈ ਕਰਦੇ ਹਨ ਅਤੇ ਸਤਵੀਰ ਕੌਰ ਦੀ ਧੀ ਜੈਸਲੀਨ ਦੀ ਸਫਲਤਾ ਦੀ ਖੁਸ਼ੀ ਵਿੱਚ ਅੱਜ ਸਮੁੱਚਾ ਸਟਾਫ ਖੁਸ਼ੀ ਵਿੱਚ ਖੀਵਾ ਦਿਖਾਈ ਦਿੱਤਾ ਜਿੰਨ੍ਹਾਂ ਕਲਾਸ ਦੀ ਇੰਚਾਰਜ ਨਵਦੀਪ ਕੌਰ ਨੂੰ ਉਚੇਚੀ ਵਧਾਈ ਦਿੱਤੀ।
ਇਸੇ ਤਰਾਂ ਹੀ ਮਾਪਿਆਂ ਨੂੰ ਵੀ ਅੱਜ ਵਧਾਈਆਂ ਦੇਣ ਵਾਲਿਆਂ ਦੀ ਲੜੀ ਨਹੀਂ ਟੁੱਟ ਰਹੀ ਸੀ। ਕੁੱਖਾਂ ਵਿੱਚ ਕੁੜੀਆਂ ਨੂੰ ਕਤਲ ਕਰਨ ਦੇ ਜਮਾਨੇ ਦੌਰਾਨ ਇੱਕ ਬੱਚੀ ਵੱਲੋਂ ਹਾਸਲ ਕੀਤੇ ਮੁਕਾਮ ਨੂੰ ਦੇਖਦਿਆਂ ਮਾਪਿਆਂ ਦੇ ਤਾਂ ਧਰਤੀ ਤੇ ਪੱਬ ਵੀ ਨਹੀਂ ਲੱਗ ਰਹੇ ਸਨ। ਅੱਜ ਇਸ ਪੱਤਰਕਾਰ ਨੇ ਜੈਸਲੀਨ ਦੀ ਵੱਡੀ ਭੈਣ ਨਾਲ ਨਵਨੀਤ ਕੌਰ ਗੱਲ ਕੀਤੀ ਤਾਂ ਉਹ ਹੱਦੋਂ ਵੱਧ ਖੁਸ਼ ਦਿਖਾਈ ਦਿੱਤੀ ਜੋ ਉਸ ਤੋਂ ਸਾਂਭੀ ਨਹੀਂ ਜਾ ਰਹੀ ਸੀ। ਇਹ ਉਹ ਨਵਨੀਤ ਕੌਰ ਹੈ ਜਿਸ ਨੂੰ ਘਰੇਲੂ ਮਜਬੂਰੀਆਂ ਕਾਰਨ ਪੜ੍ਹਾਈ ਛੱਡਣੀ ਪਈ ਸੀ ਪਰ ਅੱਜ ਭੈਣ ਦੀ ਸਫਲਤਾ ਉਸ ਨੂੰ ਆਪਣੀ ਹੀ ਨਜ਼ਰ ਆ ਰਹੀ ਸੀ। ਸਰਕਾਰੀ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਭਗਤਾ ਭਾਈ ਦੀ ਵਿਦਿਆਰਥਣ ਜੈਸਲੀਨ ਕੌਰ ਨੇ ਅੱਠਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਸ ਦਾ ਬੋਰਡ ਨੇ ਹੁਣ ਨਤੀਜਾ ਐਲਾਨਿਆ ਹੈ। ਨਤੀਜੇ ਦੌਰਾਨ ਜੈਸਲੀਨ ਕੌਰ ਨੇ 595/600 (99.17) ਫ਼ੀਸਦੀ ਅੰਕ ਪ੍ਰਾਪਤ ਕਰਕੇ ਸੂਬਾ ਪੱਧਰੀ ਮੈਰਿਟ ਦੌਰਾਨ ਛੇਵਾਂ ਸਥਾਨ ਹਾਸਲ ਕੀਤਾ ਹੈ।
ਮਹੱਤਵਪੂਰਨ ਤੱਥ ਇਹ ਵੀ ਹੈ ਕਿ ਇਕੱਲੇ ਸਰਕਾਰੀ ਸਕੂਲਾਂ ਦੀ ਮੈਰਿਟ ’ਚ ਉਸ ਦਾ ਪਹਿਲਾ ਸਥਾਨ ਬਣਦਾ ਹੈ। ਬੀਰਬਲ ਸਿੰਘ ਅਤੇ ਸਤਵੀਰ ਕੌਰ ਦੇ ਦੋ ਧੀਆਂ ਹੀ ਹਨ । ਜੈਸਲੀਨ ਕੌਰ ਪੁੱਤਰਾਂ ਵਾਂਗ ਮਾਪਿਆਂ ਦੇ ਮੋਢੇ ਨਾਲ ਮੋਢਾ ਜੋੜਕੇ ਪ੍ਰੀਵਾਰ ਨੂੰ ਕਿਸੇ ਚੰਗਾ ਮੁਕਾਮ ਤੇ ਲਿਜਾਣ ਦੀ ਇੱਛਾ ਰੱਖਦੀ ਹੈ। ਜੈਸਲੀਨ ਦਾ ਸੁਪਨਾ ਡਾਕਟਰ ਬਣਨ ਦਾ ਹੈ ਤਾਂ ਜੋ ਉਹ ਸਮਾਜ ਦੀ ਸੇਵਾ ਕਰਨ ’ਚ ਆਪਣਾ ਯੋਗਦਾਨ ਪਾ ਸਕੇ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਗਤਾ ਭਾਈ ਦੀ ਇੰਚਾਰਜ ਕਮਲਜੀਤ ਕੌਰ ਦਾ ਕਹਿਣਾ ਸੀ ਕਿ ਜੈਸਲੀਨ ਦੀ ਸਫਲਤਾ ਸਕੂਲ ਲਈ ਬੇਹੱਦ ਮਾਣ ਵਾਲੀ ਗੱਲ ਹੈ। ਇਸ ਮੌਕੇ ਸਕੂਲ ਸਟਾਫ ਵਿੱਚ ਕੁਲਵੰਤ ਕੌਰ, ਕਮਲਜੀਤ ਕੌਰ ਮਾਨ, ਸ਼ਿੰਦਰਪਾਲ, ਅਮਨਦੀਪ ਕੌਰ, ਗਗਨਦੀਪ ਕੌਰ, ਅਮਨਦੀਪ ਕੌਰ, ਸਿਮਰਜੀਤ ਕੌਰ, ਵੀਰਪਾਲ ਕੌਰ ਅਜੇ ਕੁਮਾਰ, ਇਕਬਾਲ ਸਿੰਘ, ਕਮਲਜੀਤ ਕੌਰ, ਬੇਅੰਤ ਕੌਰ, ਮੋਨਿਕਾ ਗੁਪਤਾ, ਨਨਿੰਦਰ ਕੌਰ, ਗੁਰਤੇਜ ਸਿੰਘ ਅਤੇ ਬੱਚੇ ਦਾ ਪਰਿਵਾਰ ਹਾਜ਼ਰ ਸੀ।