← ਪਿਛੇ ਪਰਤੋ
Babushahi Special: ਪੁਲਿਸ ਦੀਆਂ ਘੁਰਕੀਆਂ ਮਗਰੋਂ ਵੀ ਚਾਈਨਾ ਡੋਰ ਦੀ ਸਰਦਾਰੀ
ਅਸ਼ੋਕ ਵਰਮਾ
ਬਠਿੰਡਾ, 29 ਜਨਵਰੀ2025: ਬਠਿੰਡਾ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦੀਆਂ ਘੁਰਕੀਆਂ ਤੇ ਸਮਝਾਉਣ ਬੁਝਾਉਣ ਦੇ ਬਾਵਜੂਦ ਬਠਿੰਡਾ ’ਚ ਅੱਜ ਵੀ ਚਾਈਨਾ ਡੋਰ ਦੀ ਸਰਦਾਰੀ ਹੈ। ਹਾਲਾਂਕਿ ਪੁਲਿਸ ਨੇ ਇਸ ਡੋਰ ਤੇ ਰੋਕ ਲਾਉਣ ਲਈ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ ਫਿਰ ਵੀ ਛੱਤਾਂ ਤੇ ਖੂਨੀ ਅਤੇ ਕਾਤਲ ਮੰਨੀ ਜਾਂਦੀ ਇਸ ਡੋਰ ਨਾਲ ਪਤੰਗਾਂ ਦੇ ਪੇਚੇ ਲਾਉਣ ਦਾ ਸਿਲਸਿਲਾ ਜਾਰੀ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਮਾਪਿਆਂ ਨੂੰ ਇਸ ਘਾਤਕ ਡੋਰ ਦੇ ਮਾਰੂ ਸਿੱਟਿਆ ਬਾਰੇ ਜਾਣਕਾਰੀ ਹੈ ਫਿਰ ਵੀ ਬੱਚਿਆਂ ਨੂੰ ਜਾਂ ਤਾਂ ਵਰਜਦੇ ਨਹੀਂ ਜਾਂ ਫਿਰ ਬੱਚੇ ਉਨ੍ਹਾਂ ਤੋਂ ਆਕੀ ਹਨ। ਇਕੱਲੇ ਬਠਿੰਡਾ ਸ਼ਹਿਰ ’ਚ ਚਾਈਨਾ ਡੋਰ ਨਾਲ ਇਸ ਡੇਢ ਮਹੀਨੇ ਦੌਰਾਨ ਤਕਰੀਬਨ ਇੱਕ ਦਰਜਨ ਹਾਦਸੇ ਵਾਪਰ ਚੁੱਕੇ ਹਨ ਜਿੰਨ੍ਹਾਂ ’ਚ ਪੀੜਤਾਂ ਦੀ ਜਾਨ ਮਸਾਂ ਬਚੀ ਹੈ। ਤਿੰਨ ਦਿਨ ਪਹਿਲਾਂ ਤਾਂ ਨਾਮਦੇਵ ਰੋਡ ਤੇ ਇੱਕ ਨੌਜਵਾਨ ਦਾ ਅੱਧਾ ਗਲਾ ਕੱਟਿਆ ਗਿਆ ਸੀ ਜੋ ਹੁਣ ਵੀ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਇਹ ਤਾਂ ਸਿਰਫ ਇਨਸਾਨੀ ਜਿੰਦਗੀ ਹੈ ਜਦੋਂਕਿ ਪੰਛੀਆਂ ਦੀਆਂ ਮੌਤਾਂ ਦਾ ਤਾਂ ਕੋਈ ਹਿਸਾਬ ਹੀ ਨਹੀਂ ਜੋ ਹਰ ਸਾਲ ਹੁੰਦੀਆਂ ਹਨ। ਇਸ ਡੋਰ ਕਾਰਨ ਜਖਮੀ ਹੋਏ ਪਸ਼ੂ ਪਾਲਣ ਵਿਭਾਗ ਦੇ ਮੁਲਾਜਮ ਰਾਮ ਸਿੰਘ ਆਖਦੇ ਹਨ ਕਿ ਡਿਊਟੀ ਤੋਂ ਪਰਤਦਿਆਂ ਡੋਰ ’ਚ ਉਲਝਣ ਕਾਰਨ ਉਸ ਦੀਆਂ ਉਂਗਲਾਂ ਕੱਟੀਆਂ ਗਈਆਂ ਅਤੇ ਗਰਦਨ ਤੇ ਵੀ ਕੱਟ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਤਾਂ ਵਕਤ ਰਹਿੰਦੇ ਖੁਦ ਨੂੰ ਸੰਭਾਲ ਲਿਆ ਨਹੀਂ ਤਾਂ ਉਹ ਹੋਣਾ ਸੀ ਜਿਸ ਦੀ ਤਵੱਕੋ ਵੀ ਨਹੀਂ ਕੀਤੀ ਸੀ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸ਼ਨ ਡੋਰ ਵੇਚਣ ਅਤੇ ਵਰਤਣ ਵਾਲਿਆਂ ਖਿਲਾਫ ਅੱਤਵਾਦ ਵਰਗੀ ਸਖਤੀ ਕਰੇ। ਇਸ ਡੋਰ ਦੀ ਮਾਰ ’ਚ ਆਉਣ ਤੋਂ ਬਚੇ ਮਾਡਲ ਟਾਊਨ ਫੇਜ ਵਨ ਦੇ ਪਿਆਰਾ ਸਿਘ ਦਾ ਕਹਿਣਾ ਸੀ ਕਿ ਬੇਸ਼ੱਕ ਮੁਢਲਾ ਕਸੂਰ ਦੁਕਾਨਦਾਰ ਦਾ ਮੰਨਿਆ ਜਾਂਦਾ ਹੈ ਪਰ ਕਾਫੀ ਹੱਦ ਤੱਕ ਮਾਪੇ ਵੀ ਕਸੂਰਵਾਰ ਹਨ ਜੋ ਬੱਚਿਆਂ ਨੂੰ ਚਾਈਨਾ ਡੋਰ ਖਰੀਦਕੇ ਦਿੰਦੇ ਜਾਂ ਫਿਰ ਖਰੀਦਣ ਮੌਕੇ ਅੱਖਾਂ ਮੀਚ ਲੈਂਦੇ ਹਨ। ਸਰਕਾਰ ਨੇ ਇਹ ਡੋਰ ਵਰਤਣ ਅਤੇ ਵੇਚਣ ਵਾਲਿਆਂ ਨੂੰ ਸਖਤ ਸਜ਼ਾਵਾਂ ਦੇਣ ਦਾ ਕਾਨੂੰਨ ਬਨਾਉਣ ਤੋਂ ਇਲਾਵਾ ਲੱਖਾਂ ਰੁਪਏ ਜੁਰਮਾਨਾ ਲਾਉਣ ਦਾ ਫੈਸਲਾ ਵੀ ਵਰਤੋਂ ਅਤੇ ਵਿੱਕਰੀ ਨੂੰ ਰੋਕ ਨਹੀਂ ਸਕਿਆ ਹੈ। ਆਮ ਲੋਕਾਂ ਦਾ ਵੀ ਇਹੋ ਕਹਿਣਾ ਹੈ ਕਿ ਚਾਈਨਾ ਡੋਰ ਸਬੰਧੀ ਹੁਕਮ ਕਾਗਜ਼ੀ ਬਣ ਕੇ ਰਹਿ ਗਏ ਹਨ ਅਤੇ ਇਸ ਡੋਰ ਦੀ ਵਿੱਕਰੀ ਕਰਨ ਵਾਲਿਆਂ ਵੱਲੋਂ ਜਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਨੂੰ ਟਿੱਚ ਜਾਣਿਆ ਜਾ ਰਿਹਾ ਹੈ। ਪਾਂਡਾ ਡੋਰ ਖਰੀਦਦੇ ਨਹੀਂ ਲੋਕ ਬਠਿੰਡਾ ਪਤੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਜਕੁਮਾਰ ਦਾ ਕਹਿਣਾ ਹੈ ਕਿ ਚਾਈਨਾ ਡੋਰ ਦੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਵਾਉਣ ਦੇ ਬਾਵਜੂਦ ਲੋਕ ਪਾਂਡਾ ਡੋਰ ਖਰੀਦਣ ਨੂੰ ਤਿਆਰ ਨਹੀਂ ਹਨ ਜਿਸ ਕਰਕੇ ਉਨ੍ਹਾਂ ਦਾ ਕਾਰੋਬਾਰ ਪਿਛਲੇ ਸਾਲ ਨਾਲੋਂ ਚੌਥਾ ਹਿੱਸਾ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਹਫਤੇ ’ਚ 150 ਤੋਂ 200 ਚਰਖੜੀਆਂ ਵੇਚ ਦਿੰਦੇ ਸਨ ਪਰ ਐਤਕੀਂ ਸਿਰਫ 30 ਤੋਂ 35 ਹੀ ਵਿਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੱਚੇ ਚਾਈਨੋ ਡੋਰ ਹੀ ਮੰਗ ਰਹੇ ਹਨ ਜੋਕਿ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਦੀ ਪੁਲਿਸ ਦੀ ਨੇ ਸਖਤੀ ਵਧਾਈ ਤਾਂ ਚਾਈਨਾ ਡੋਰ ਦਾ ਭਾਅ ਅਤੇ ਵਿੱਕਰੀ ਦੋਵੇਂ ਵਧੇ ਹਨ। ਉਨ੍ਹਾਂ ਪਾਬੰਦੀਸ਼ੁਦਾ ਜਾਨਲੇਵਾ ਡੋਰ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ। ਲਾਅਨਤ ਇਹੋ ਜਿਹੀ ਕਮਾਈ ਦੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਚਾਇਨਾ ਡੋਰ ਬਿਜਲੀ ਦੇ ਪ੍ਰਵਾਰ ਵਾਲੀ ਹੈ ਜੋ ਪਤੰਗ ਉਡਾਉਂਦੇ ਜਾਂ ‘ਲੁੱਟਦੇ’ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਕਰੰਟ ਦਾ ਝਟਕਾ ਲੱਗਦਾ ਹੈ ਜਿਸ ਨਾਲ ਗੰਭੀਰ ਰੂਪ ‘ਚ ਜਖਮੀ ਅਤੇ ਮੌਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਡੋਰ ਦੀ ਧਾਰ ਐਨੀ ਤਿੱਖੀ ਹੈ ਕਿ ਗਲ ਵਿੱਚ ਫਸਣ ਮਗਰੋਂ ਸਾਹ ਰਗ ਵੱਢ ਦਿੰਦੀ ਹੈ। ਉਨ੍ਹਾਂ ਆਪਣੇ ਸ਼ੌਕ ਖਾਤਰ ਇਹ ਡੋਰ ਇਸਤੇਮਾਲ ਕਰਨ ਅਤੇ ਚੰਦ ਪੈਸਿਆਂ ਦੇ ਲਾਲਚ ਵਿੱਚ ਵੇਚਣ ਵਾਲਿਆਂ ਨੂੰ ਲਾਅਨਤਾਂ ਵੀ ਪਾਈਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਇਸ ਖੂਨੀ ਡੋਰ ਨਾਲ ਪਤੰਗ ਨਾਂ ਉਡਾਉਣ ਦੀ ਸਲਾਹ ਵੀ ਦਿੱਤੀ ਹੈ। ਚਾਰ ਸੌ ਗੱਟੂਆਂ ਸਮੇਤ ਦੋ ਗ੍ਰਿਫਤਾਰ ਬਠਿੰਡਾ ਪੁਲਿਸ ਨੇ ਇੱਕ ਆਪਰੇਸ਼ਨ ਦੌਰਾਨ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਚਾਈਨਾ ਡੋਰ ਦੇ 400 ਗੱਟੂ ਬਰਾਮਦ ਕੀਤੇ ਹਨ। ਪੁਲਿਸ ਨੇ ਇਸ ਤਰਾਂ ਕਰਕੇ ਪਿੰਡਾਂ ’ਚ ਡੋਰ ਸਪਲਾਈ ਕਰਨ ਵਾਲੇ ਨੈਟਵਰਕ ਦਾ ਭਾਂਡਾ ਭੰਨਿਆ ਹੈ। ਮੁਲਜਮ ਦੀ ਪਛਾਣ ਸਤੀਸ਼ ਕੁਮਾਰ ਪੁੱਤਰ ਮਕੇਸ਼ ਕੁਮਾਰ ਵਾਸੀ ਰਜੀਵ ਗਾਂਧੀ ਨਗਰ ਬਠਿੰਡਾ ਵਜੋਂ ਹੋਈ ਹੈ। ਇਸੇ ਤਰਾਂ ਪੁਲਿਸ ਨੇ ਅਭਿਸ਼ੇਕ ਪੁੱਤਰ ਬੌਬੀ ਵਾਸੀ ਬੇਅੰਤ ਨਗਰ ਬਠਿੰਡਾ ਨੂੰ ਚਾਈਨੋ ਡੋਰ ਦੇ 12 ਗੱਟੂਆਂ ਸਮੇਤ ਗ੍ਰਿਫਤਾਰ ਕੀਤਾ ਹੈ। ਘਰਾਂ ’ਚ ਛਾਪਿਆਂ ਲਈ ਟੀਮਾਂ ਬਣਾਈਆਂ ਡੀਐਸਪੀ ਸਿਟੀ ਹਰਬੰਸ ਸਿੰਘ ਦਾ ਕਹਿਣਾ ਸੀ ਕਿ ਬਠਿੰਡਾ ਪੁਲਿਸ ਨੇ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ਖਿਲਾਫ ਕਾਰਵਾਈ ਲਈ ਟੀਮਾਂ ਬਣਾਈਆਂ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨਾਬਾਲਿਗ ਕੋਲੋਂ ਚਾਈਨਾ ਡੋਰ ਮਿਲੀ ਤਾਂ ਮਾਪਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਮਾਪਿਆਂ ਨੂੰ ਬੱਚਿਆਂ ਨੂੰ ਇਹ ਡੋਰ ਵਰਤਣ ਤੋਂ ਰੋਕਣ ਅਤੇ ਘਰ ’ਚਪਈ ਹੋਣ ਤੇ ਨਸ਼ਟ ਕਰਨ ਦੀ ਅਪੀਲ ਵੀ ਕੀਤੀ ਹੈ।
Total Responses : 1573