← ਪਿਛੇ ਪਰਤੋ
ਵਿਜੇਪਾਲ ਬਰਾੜ ਚੰਡੀਗੜ੍ਹ, 3 ਅਕਤੂਬਰ, 2017 ਆਖਿਰਕਾਰ 38 ਦਿਨ ਦੀ ਲੁਕਣ-ਮੀਚੀ ਤੋਂ ਬਾਅਦ ਹਨੀਪ੍ਰੀਤ ਮੀਡੀਆ ਦੇ ਜ਼ਰੀਏ ਸਾਹਮਣੇ ਆ ਗਈ ਹੈ । ਆਜਤੱਕ ਤੇ ਨਿਊਜ਼ 24 ਚੈਨਲ ਨਾਲ ਕੀਤੀ ਖਾਸ ਗੱਲਬਾਤ ਰਾਂਹੀ ਹਨੀਪ੍ਰੀਤ ਨੇ ਆਪਣੇ ਆਪ ਨੂੰ ਬੇਕਸੂਰ ਦਸਦੇ ਹੋਏ ਇਨਸਾਫ ਦੀ ਗੁਹਾਰ ਲਗਾਈ ਹੈ । ਕਿਸੇ ਵੇਲੇ ਵੀ ਹਨੀਪ੍ਰੀਤ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਸਰੈਂਡਰ ਕਰ ਸਕਦੀ ਹੈ । ਇੰਟਰਵਿਊ ਵਿੱਚ ਹਨੀਪ੍ਰੀਤ ਨੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ । ਹਨੀਪ੍ਰੀਤ ਨੇ ਕਿਹਾ ਕਿ ਉਸਦੇ ਉੱਪਰ ਦਰਜ ਕੀਤਾ ਗਿਆ ਦੇਸ਼ਧ੍ਰੋਹ ਦਾ ਮਾਮਲਾ ਬਿਲਕੁੱਲ ਬੇਬੁਨਿਆਦ ਹੈ ਕਿਉਂਕਿ ਡੇਰਾ ਮੁਖੀ ਦੇ ਪੰਚਕੂਲਾ ਅਦਾਲਤ ਪਹੁੰਚਣ ਤੋਂ ਲੈ ਕੇ ਰੋਹਤਕ ਜੇਲ੍ਹ ਜਾਣ ਤੱਕ ਉਹ ਪੂਰੀ ਤਰਾਂ ਪੁਲਿਸ ਦੀ ਨਿਗਰਾਨੀ ਹੇਠ ਸੀ ਅਜਿਹੇ ਵਿੱਚ ਉਹ ਦੰਗਾ ਕਿਸਤਰਾਂ ਕਰਵਾ ਸਕਦੀ ਹੈ । ਹਨੀਪ੍ਰੀਤ ਨੇ ਕਿਹਾ ਕਿ ਉਹ ਦੇਸ਼ ਛੱਡ ਕੇ ਕਿਧਰੇ ਨਹੀਂ ਗਈ ਸੀ ਪਰ ਉਹ ਆਪਣੇ ਖਿਲਾਫ ਦਰਜ਼ ਮਾਮਲੇ ਤੋਂ ਬੇਹਦ ਘਬਰਾ ਗਈ ਸੀ ਜਿਸ ਕਰਕੇ ਉਸਨੂੰ ਕਿਸੇ ਨੇ ਸਲਾਹ ਨਹੀਂ ਦਿੱਤੀ ਕਿ ਉਸਨੂੰ ਅੱਗੇ ਕੀ ਕਰਨਾ ਚਾਹੀਦਾ ਹੈ ।ਬਾਅਦ ਵਿੱਚ ਉਹ ਵਕੀਲਾਂ ਦੇ ਸਲਾਹ ਤੇ ਦਿੱਲੀ ਹਾਈਕੋਰਟ ਗਈ ਤੇ ਹੁਣ ਪੰਜਾਬ ਹਰਿਆਣਾ ਹਾਈਕੋਰਟ ਦਾ ਰੁਖ ਕਰੇਗੀ । ਹਨੀਪ੍ਰੀਤ ਨੇ ਰੋਂਦੇ ਹੋਏ ਕਿਹਾ ਕਿ ਮੀਡੀਆ ਵਿੱਚ ਬੁਨਓ ਤੱਥਾਂ ਤੋਂ ਜਿਸ ਤਰੀਕੇ ਨਾਲ ਉਸਦੇ ਚਰਿੱਤਰ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ, ਉਸ ਨਾਲ ਉਸਨੂੰ ਮਾਨਸਿਕ ਤੌਰ ਤੇ ਡੂੰਘੀ ਸੱਟ ਵੱਜੀ ਹੈ । ਹਨੀਪ੍ਰੀਤ ਨੇ ਕਿਹਾ ਕਿ ਉਸਦੇ ਗੁਰਮੀਤ ਰਾਮ ਰਹੀਮ ਨਾਲ ਬਾਪ-ਬੇਟੀ ਦੇ ਰਿਸ਼ਤੇ ਨੂੰ ਬਦਨਾਮ ਕੀਤਾ ਗਿਆ ਹੈ ਜਦਕਿ ਅਸਲੀਅਤ ਦੇ ਵਿੱਚ ਅਜਿਹਾ ਕੁਝ ਨਹੀਂ ਹੈ ਤੇ ਉਸਦਾ ਰਾਮ ਰਹੀਮ ਨਾਲ ਬਾਪ ਬੇਟੀ ਦਾ ਪਵਿੱਤਰ ਰਿਸ਼ਤਾ ਹੈ । ਹਨੀਪ੍ਰੀਤ ਨੇ ਕਿਹਾ ਕਿ ਉਹ ਪੁਲਿਸ ਦੀ ਮਨਜੂਰੀ ਦੇ ਨਾਲ ਹੀ ਹੈਲੀਕਾਪਟਰ ਵਿੱਚ ਰਾਮ ਰਹੀਮ ਦੇ ਨਾਲ ਗਈ ਸੀ ਜਦਕਿ ਹੁਣ ਪੁਲਿਸ ਉਸਨੂੰ ਕਟਹਿਰੇ ਚ ਖੜ੍ਹਾ ਕਰ ਰਹੀ ਹੈ । ਤੇ ਹੁਣ ਉਹ ਹਾਈਕੋਰਟ ਵਿੱਚ ਆਪਣੀ ਬੇਗੁਨਾਹੀ ਦੇ ਲਈ ਲੜ੍ਹੇਗੀ । ਕੁਲ ਮਿਲਾ ਕੇ ਿੲਸ ਮਾਮਲੇ ਵਿੱਚ ਸਭ ਤੋਂ ਜਿਆਦਾ ਫਜ਼ੀਹਤ ਹਰਿਆਣਾ ਪੁਲਿਸ ਦੀ ਹੋ ਰਹੀ ਹੈ ਕਿਉਂਕਿ ਜਿਸ ਹਨੀਪ੍ਰੀਤ ਨੂੰ ਲੱਭਣ ਲਈ ਪੁਲਿਸ 38 ਦਿਨਾਂ ਤੋਂ ਤਰਲੇ ਮਾਰ ਰਹੀ ਹੈ ਉਸਨੂੰ ਮੀਡੀਆ ਨੇ ਲੱਭ ਲਿਆ ਹੈ ।
Total Responses : 267