ਪਿਛਲੇ ਦਿਨੀ ਫਿਰੋਜ਼ਪੁਰ 'ਚ ਲਗੇ ਕਰਫਿਉ ਦੌਰਾਨ ਬੰਦ ਪਏ ਬਾਜ਼ਾਰ ਦੀ ਤਸਵੀਰ
ਜਗਦੀਸ਼ ਥਿੰਦ
ਗੁਰੂਹਰਸਹਾਏ/ਫਿਰੋਜ਼ਪੁਰ, 30 ਅਗਸਤ, 2017 : ਡੇਰਾ ਸੱਚਾ ਸੌਦਾ ਸਿਰਸਾ ਮੁੱਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਖਿਲਾਫ ਆਏ ਸੀ ਬੀ ਆਈ ਅਦਾਲਤ ਦੇ ਫੈਸਲੇ ਦੌਰਾਨ ਪੰਜਾਬ ਅੰਦਰ ਸੀ ਆਰ ਪੀ ਐਫ , ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਦਸਤਿਆਂ ਦੀ ਤਾਇਨਾਤੀ ਦੋਰਾਨ ਬਹੁਤ ਸਾਰੇ ਧਾਰਮਿਕ ਸਥਾਨ, ਕਾਰ ਸੇਵਾ ਵਾਲੇ ਬਾਬੇ ਅਤੇ ਯੂਥ ਕਲੱਬਾਂ ਨਾਲ ਜੁੜੇ ਨੌਜਵਾਨ ਲੰਗਰ ਅਤੇ ਚਾਹ ਪਾਣੀ ਦੀ ਸੇਵਾ ਵਿਚ ਰੁੱਝੇ ਰਹੇ । ਡੇਰਾ ਭਜਨਗੜ੍ਹ ਗੋਲੂ ਕਾ ਮੋੜ ਤੋਂ ਸਵੇਰੇ , ਦੁਪਹਿਰੇ ਅਤੇ ਸ਼ਾਮ ਨੂੰ ਸ਼ਹੀਦ ਊਧਮ ਸਿੰਘ ਕਾਲਜ ਵਿੱਚ ਰੁਕੀ ਸੀ ਆਰ ਪੀ , ਨਾਕਿਆਂ ਤੇ ਤਾਇਨਾਤ ਪੰਜਾਬ ਪੁਲਿਸ ਲਈ ਲੰਗਰ ਅਤੇ ਚਾਹ ਪਹੁੰਚਾਈ ਜਾ ਰਹੀ ਹੈ ।
ਡੇਰਾ ਭਜਨਗੜ੍ਹ ਮੁੱਖੀ ਬਾਬਾ ਮੁਖਤਿਆਰ ਸਿੰਘ, ਕਲੱਬ ਪ੍ਰਧਾਨ ਵਿਜੇ ਥਿੰਦ ਅਤੇ ਸਾਥੀਆਂ ਦਾ ਕਹਿਣਾ ਹੈ ਕਿ ਕਰਫਿਊ ਕਾਰਨ ਢਾਬੇ ਬੰਦ ਹੋਣ ਅਤੇ ਫੌਜੀ ਦਸਤਿਆਂ ਵੱਲੋਂ ਅਪਣੀਆਂ ਮੈਸ ਨਾ ਸ਼ੁਰੂ ਹੋਣ ਕਾਰਨ ਉਹ ਲੰਗਰ ਦੀ ਸੇਵਾ ਕਰਕੇ ਖੁਸ਼ੀ ਮਹਿਸੂਸ ਕਰ ਰਹੇ ਹਨ । ਇਸ ਪੱਤਰਕਾਰ ਨੇ ਬਠਿੰਡਾ ਜਾਂਦਿਆਂ ਰਸਤੇ ਵਿੱਚ ਦੇਖਿਆ ਕਿ ਫਰੀਦਕੋਟ ਵਿਖੇ ਦਫਤਰ ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਮੈਡੀਕਲ ਦੇ ਨੇੜੇ ਲੱਗੇ ਨਾਕੇ ਤੇ ਕਾਰ ਸੇਵਾ ਵਾਲੇ ਨੌਜਵਾਨ ਆਪਣਾ ਛੋਟਾ ਹਾਥੀ ਰੋਕ ਕੇ ਜਵਾਨਾਂ ਨੂੰ ਪਰਸ਼ਾਦੇ ਸ਼ਕਾ ਰਹੇ ਸੀ । ਜਦ ਸਾਡੀ ਕਾਰ ਰੋਕੀ ਗਈ ਤਾਂ ਸਾਨੂੰ ਵੀ ਲੰਗਰ ਛਕਣ ਲਈ ਕਿਹਾ ਗਿਆ । ਪੰਜਾਬੀਆਂ ਨੇ ਹਮੇਸ਼ਾ ਵਾਂਗ ਇਸ ਵਾਰ ਵੀ ਅਪਣੇ ਖੁੱਲੇ ਅਤੇ ਸੇਵਾ ਭਾਵਨਾ ਵਾਲੇ ਸੁਭਾਅ ਦਾ ਪ੍ਰਗਟਾਵਾ ਕੀਤਾ ਹੈ ।