ਵਿਜੇਪਾਲ ਬਰਾੜ
ਚੰਡੀਗੜ੍ਹ, 31 ਅਗਸਤ, 2017 : ਦੋ ਸਾਧਵੀਆਂ ਦੇ ਬਲਾਤਕਾਰ ਮਾਮਲੇ 'ਚ ਰੋਹਤਕ ਜੇਲ੍ਹ 'ਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਪਦਮ ਸ਼੍ਰੀ ਐਵਾਰਡ ਲੈਣ ਦੀ ਜੁਗਾੜਬੰਦੀ ਕਰ ਰਿਹਾ ਸੀ । ਹਰਿਆਣਾ ਦੇ ਇੱਕ ਆਰਟੀਆਈ ਕਾਰਕੁੰਨ ਨੇ ਕੇਂਦਰੀ ਗ੍ਰਹਿ ਮੰਤਰਾਲੇ ਕੋਲੋਂ ਆਰਟੀਆਈ ਦੇ ਜਰੀਏ ਪਦਮ ਸ਼੍ਰੀ ਐਵਾਰਡ ਲਈ ਹੁਣ ਤੱਕ ਆਈਆਂ ਸਿਫਾਰਸ਼ਾਂ ਦੀ ਜਾਣਕਾਰੀ ਮੰਗੀ ਸੀ ਜਿਸਦੇ ਜਵਾਬ ਵਿੱਚ ਇਹ ਰੌਚਕ ਖੁਲਾਸਾ ਹੋਇਆ ਹੈ ਕਿ ਪਦਮ ਸ਼੍ਰੀ ਲਈ ਕੇਂਦਰ ਕੋਲ ਪਹੁੰਚੀਆਂ ਕੁੱਲ 18,768 ਨਾਵਾਂ ਦੀਆਂ ਸਿਫਾਰਸ਼ਾ ਵਿੱਚੋਂ 4202 ਸਿਫਾਰਿਸ਼ਾਂ ਸਿਰਫ ਗੁਰਮੀਤ ਰਾਮ ਰਹੀਮ ਦੇ ਨਾਮ ਦੀਆਂ ਹੀ ਹਨ ਤੇ ਇਨ੍ਹਾਂ ਵਿੱਚੋਂ 4156 ਸਿਫਾਰਿਸ਼ਾਂ ਕੇਵਲ ਸਿਰਸਾ ਜਿਲ੍ਹੇ ਤੋਂ ਆਈਆਂ ਹਨ ਜਿਸਤੋਂ ਜਾਹਿਰ ਹੈ ਕਿ ਇਹ ਸਿਫਾਰਿਸ਼ਾਂ ਭੇਜਣ ਵਾਲੇ ਸਾਰੇ ਲੋਕ ਗੁਰਮੀਤ ਰਾਮ ਰਹੀਮ ਦੇ ਭਗਤ ਹੀ ਹੋਣਗੇ ।
ਨਿਊਜ ਪੋਰਟਲ ਫਰਸਟ ਪੋਸਟ ਦੇ ਖੁਲਾਸੇ ਮੁਤਾਬਿਕ ਆਰਟੀਆਈ ਕਾਰਕੁੰਨ ਰਾਜੂਦੀਨ ਜੰਗ ਨੂੰ ਕੇਂਦਰ ਸਰਕਾਰ ਵੱਲੋਂ 608 ਪੇਜਾਂ ਦਾ ਆਰਟੀਆਈ ਦਾ ਜਵਾਬ ਆਇਆ ਹੈ ਜਿਸ ਵਿੱਚ ਪਦਮ ਸ਼੍ਰੀ ਲਈ ਮੰਗੀਆਂ ਸਿਫਾਰਿਸ਼ਾਂ ਚ 4202 ਵਾਰ ਗੁਰਮੀਤ ਰਾਮ ਰਹੀਮ ਦੇ ਨਾਮ ਦਾ ਹੀ ਜਿਕਰ ਹੈ । ਰਾਜੂਦੀਨ ਜੰਗ ਦੇ ਮੁਤਾਬਿਕ ਪਦਮ ਸ਼੍ਰੀ ਸਨਮਾਨਾਂ ਦੇ ਲਈ ਨਾਮਜਦਗੀਆਂ ਦੀ ਆਖਰੀ ਤਰੀਕ 15 ਸਿਤੰਬਰ ਹੈ ਤੇ ਜੇਕਰ ਰਾਮ ਰਹੀਮ ਨੂੰ ਸਜਾ ਨਾਂ ਹੁੰਦੀ ਤਾਂ ਹੁਣ ਤੱਕ ਉਸਦੇ ਨਾਮ ਦੀਆਂ ਸਿਫਾਰਿਸ਼ਾਂ ਚ ਹੋਰ ਵਾਧਾ ਹੋ ਜਾਣਾ ਸੀ । ਗੌਰਤਲਬ ਹੈ ਕਿ ਪਦਮ ਸ਼੍ਰੀ ਸਨਮਾਨ ਕੇਂਦਰ ਸਰਕਾਰ ਵੱਲੋਂ 26 ਜਨਵਰੀ 2018 ਨੂੰ ਿਦੱਤੇ ਜਾਣੇ ਹਨ ।
ਤਸਵੀਰਾਂ ਦੇਖਣ ਲਈ ਇਸ ਲਿੰਕ 'ਤੇ ਕਲਿਕ ਕਰੋ
http://www.babushahi.in/view-news.php?id=44853