"ਸਕੂਲ ਮੈਂਟਰਸ਼ਿਪ ਪ੍ਰੋਗਰਾਮ" ਤਹਿਤ ਡੀ.ਸੀ. ਮੋਗਾ ਸਾਗਰ ਸੇਤੀਆ ਨੇ ਸਕੂਲੀ ਵਿਦਿਆਰਥੀਆਂ ਨਾਲ ਕੀਤੀ ਵਿਸ਼ੇਸ਼ ਮੁਲਾਕਾਤ
- ਡਿਪਟੀ ਕਮਿਸ਼ਨਰ ਨਾਲ ਬਿਤਾਏ ਕੁਝ ਘੰਟਿਆਂ ਦੇ ਪ੍ਰੋਗਰਾਮ ਨਾਲ, ਵਿਦਿਆਰਥੀਆਂ ਵਿੱਚ ਭਰਿਆ ਵਿਲੱਖਣ ਉਤਸ਼ਾਹ
- ਵਿਦਿਆਰਥੀਆਂ ਨੂੰ ਕਿਹਾ ! ਪੂਰੀ ਮਿਹਨਤ ਅਤੇ ਲਗਨ ਨਾਲ ਹੋ ਸਕਦੀ ਹਰ ਮੰਜਿਲ ਦੀ ਪ੍ਰਾਪਤੀ
ਗੁਰਪ੍ਰੀਤ ਸਿੰਘ ਮੰਡਿਅਣੀ
ਬਾਘਾਪੁਰਾਣਾ (ਮੋਗਾ)11 ਜੁਲਾਈ, 2025 - ਸੂਬੇ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਬੇਮਿਸਾਲ ਕ੍ਰਾਂਤੀਆਂ ਲਿਆਂਦੀਆਂ ਜਾ ਰਹੀਆਂ ਹਨ ਜਿਸਤੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੀ ਇਸ ਖੇਤਰ ਵਿੱਚ ਪੂਰੀ ਮਿਹਨਤ ਨਾਲ ਕੰਮ ਕਰ ਰਿਹਾ ਹੈ। ਪੰਜਾਬ ਸਰਕਾਰ ਦਾ ‘ਸਕੂਲ ਮੈਂਟਰਸ਼ਿਪ ਪ੍ਰੋਗਰਾਮ’ ਆਪਣੇ ਆਪ ਵਿੱਚ ਇੱਕ ਵਿਲੱਖਣ ਤੇ ਨਿਵੇਕਲਾ ਪ੍ਰੋਗਰਾਮ ਹੈ ਜਿਸਦਾ ਵਿਦਿਆਰਥੀਆਂ ਨੂੰ ਜਮੀਨੀ ਪੱਧਰ ਤੇ ਲਾਹਾ ਮਿਲ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਪੰਜਾਬ ਦੇ ਆਈ. ਏ.ਐੱਸ, ਆਈ.ਪੀ.ਐੱਸ. ਤੇ ਹੋਰ ਉੱਚ ਪੱਧਰੀ ਅਧਿਕਾਰੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਦੇ ਹਨ, ਉਹ ਆਪਣੇ ਤਜਰਬਿਆਂ, ਸੰਘਰਸ਼ਾਂ ਤੇ ਕਾਮਯਾਬੀ ਦੀਆਂ ਕਹਾਣੀਆਂ ਵਿਦਿਆਰਥੀਆਂ ਨਾਲ ਸਾਂਝੀਆਂ ਕਰਦੇ ਹਨ ਤਾਂ ਕਿ ਉਹਨਾਂ ਨੂੰ ਇੱਕ ਨਵੀਂ ਸੇਧ ਦਿੱਤੀ ਜਾ ਸਕੇ ਅਤੇ ਉਹ ਵੀ ਆਪਣੀ ਦਿਲਚਸਪੀ ਦੇ ਖੇਤਰ ਵਿੱਚ ਬੁਲੰਦੀਆਂ ਨੂੰ ਛੂਹ ਸਕਣ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਵੱਲੋਂ ਕੀਤਾ ਗਿਆ, ਉਹ ਅੱਜ "ਸਕੂਲ ਮੈਂਟਰਸ਼ਿਪ ਪ੍ਰੋਗਰਾਮ" ਤਹਿਤ ਸਕੂਲ ਆਫ ਐਮੀਨੈਂਸ ਬਾਘਾਪੁਰਾਣਾ ਦੇ ਵਿਦਿਆਰਥੀਆਂ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਨ ਲਈ ਪਹੁੰਚੇ ਸਨ। ਇਸ ਮੌਕੇ ਉਹਨਾਂ ਨਾਲ ਐਸ.ਡੀ.ਐਮ. ਬਾਘਾਪੁਰਾਣਾ ਸ੍ਰ. ਬੇਅੰਤ ਸਿੰਘ ਸਿੱਧੂ, ਜ਼ਿਲ੍ਹਾ ਮਾਲ ਅਫ਼ਸਰ ਸ਼੍ਰੀ ਲਕਸ਼ੇ ਗੁਪਤਾ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਗੁਰਦਿਆਲ ਸਿੰਘ ਮਠਾੜੂ ਤੋਂ ਇਲਾਵਾ ਹੋਰ ਵੀ ਅਧਿਕਾਰੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਅਧਿਕਾਰੀਆਂ ਦਾ ਵਿਦਿਆਰਥੀਆਂ ਨਾਲ ਗੱਲਬਾਤ ਕਰਨਾ ਨਾ ਸਿਰਫ਼ ਉਤਸ਼ਾਹਕਾਰੀ ਹੁੰਦਾ ਹੈ ਸਗੋਂ ਉਨ੍ਹਾਂ ਲਈ ਅਜਿਹਾ ਮੌਕਾ ਹੁੰਦਾ ਹੈ, ਜੋ ਆਮ ਤੌਰ ’ਤੇ ਉਨ੍ਹਾਂ ਨੂੰ ਕਦੇ ਨਹੀਂ ਮਿਲਦਾ। ਆਮ ਘਰ ਦੇ ਵਿਦਿਆਰਥੀਆਂ ਲਈ ਉੱਚ ਅਹੁਦਿਆਂ ’ਤੇ ਬੈਠੇ ਅਫ਼ਸਰਾਂ ਨਾਲ ਮਿਲਣਾ ਤੇ ਉਨ੍ਹਾਂ ਦੀ ਜ਼ਿੰਦਗੀ ਦੇ ਬਾਰੇ ਜਾਣਨਾ ਸੁਪਨੇ ਵਰਗੀ ਗੱਲ ਹੁੰਦੀ ਹੈ। ਇਸ ਯਤਨ ਰਾਹੀਂ ਵਿਦਿਆਰਥੀ ਨਾ ਸਿਰਫ਼ ਇਹ ਜਾਣਦੇ ਹਨ ਕਿ ਉਨ੍ਹਾਂ ਦੀ ਦਿਲਚਸਪੀ ਕਿਸ ਖੇਤਰ ਵਿਚ ਹੋ ਸਕਦੀ ਹੈ ਸਗੋਂ ਇਹ ਵੀ ਸਿੱਖਦੇ ਹਨ ਕਿ ਉਹ ਆਪਣੇ ਮਨਚਾਹੇ ਖੇਤਰ ਵਿਚ ਕਿਵੇਂ ਅੱਗੇ ਵੱਧ ਸਕਦੇ ਹਨ। ਡਿਪਟੀ ਕਮਿਸ਼ਨਰ ਨਾਲ ਬਿਤਾਏ ਕੁਝ ਘੰਟਿਆਂ ਨੇ ਵਿਦਿਆਰਥੀਆਂ ਅੰਦਰ ਇੱਕ ਨਿਵੇਕਲਾ ਉਤਸ਼ਾਹ ਭਰਿਆ ਕਿਉਂਕਿ ਡਿਪਟੀ ਕਮਿਸ਼ਨਰ ਵੱਲੋਂ ਵਿਦਿਆਰਥੀਆਂ ਨਾਲ ਦੋਸਤਾਂ ਵਾਂਗ ਗੱਲਬਾਤ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ, ਗ਼ਰੀਬੀ, ਰੁਕਾਵਟਾਂ, ਸਮਾਜਿਕ ਦਬਾਅ ਜਾਂ ਹੋਰ ਮੁਸ਼ਕਲਾਂ ਨੂੰ ਨਜਰ ਅੰਦਾਜ ਕਰਕੇ ਆਪਣੇ ਸੁਪਨੇ ਪੂਰੇ ਕਰਨ ਲਈ ਪ੍ਰੇਰਿਤ ਕੀਤਾ। ਇਹ ਸੁਣ ਕੇ ਵਿਦਿਆਰਥੀਆਂ ਅੰਦਰ ਨਵੀਂ ਜਾਗਰੂਕਤਾ ਪੈਦਾ ਹੁੰਦੀ ਹੈ। ਸ਼੍ਰੀ ਸਾਗਰ ਸੇਤੀਆ ਵੱਲੋਂ ਉਹਨਾਂ ਦੇ ਆਈ.ਏ.ਐਸ. ਬਣਨ ਦੇ ਰਾਹ ਵਿੱਚ ਆਈਆਂ ਮੁਸ਼ਕਿਲਾਂ, ਚੁਣੌਤੀਆਂ ਆਦਿ ਬਾਰੇ ਵਿਦਿਆਰਥੀਆਂ ਨਾਲ ਖੁੱਲ੍ਹੇ ਕੇ ਗੱਲਬਾਤ ਕੀਤੀ ਅਤੇ ਕਿਹਾ ਕਿ ਮਿਹਨਤ ਅਤੇ ਪੂਰਨ ਜਜਬੇ ਨਾਲ ਦੁਨੀਆਂ ਦੀ ਕੋਈ ਵੀ ਮੰਜਿਲ ਪ੍ਰਾਪਤ ਕੀਤੀ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਵੱਲੋਂ ਸਕੂਲ ਵਿੱਚ ਵਿਦਿਆਰਥੀਆਂ ਲਈ ਇੱਕ ਸੁਝਾਅ ਬਕਸਾ ਵੀ ਲਗਾਇਆ ਗਿਆ ਅਤੇ ਬੱਚਿਆ ਨੂੰ ਦੱਸਿਆ ਕਿ ਉਹ ਜਿਹੜੀ ਜਿਹੜੀ ਵੀ ਸੋਧ ਸਕੂਲ ਵਿੱਚ ਦੇਖਣਾ ਚਹੁੰਦੇ ਹਨ ਜਾਂ ਕੋਈ ਨਵੀਂ ਸੁਵਿਧਾ ਸਕੂਲ ਵਿੱਚ ਦੇਖਣੀ ਚਹੁੰਦੇ ਹਨ ਉਹ ਇਸ ਸੁਝਾਅ ਬਕਸੇ ਵਿੱਚ ਦੇ ਸਕਦੇ ਹਨ ਉਸਨੂੰ ਪੂਰਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ, ਸਿੱਖਿਆ ਵਿਭਾਗ ਪੁਰਜੋਰ ਕੋਸ਼ਿਸ਼ ਕਰੇਗਾ।