ਨਦੀ ਨੂੰ ਪਤਾ ਹੈ
ਨਦੀ ਨੂੰ ਪਤਾ ਹੈ ਕਿ
ਉਸ ਵਿੱਚ ਜੋ ਵੀ ਪੈਣਾ ਹੈ
ਉਸੇ ਨੇ ਵਹਿਣਾ ਹੈ
ਜਲ
ਅੰਮ੍ਰਿਤ
ਜ਼ਹਿਰ
ਜੀਵਨ
ਮੌਤ
ਨਦੀ ਨੇ ਤਾਂ ਨਦੀ ਰਹਿਣਾ ਹੈ
ਉਸ ਨੂੰ ਕੀ ਫ਼ਰਕ ਪੈਣਾ ਹੈ
ਨਦੀ ਨੂੰ ਪਤਾ ਹੈ ਕਿ
ਉਸ ਦੀ ਗੰਦਗੀ ਨੂੰ
ਨਗਰ ਸੇਵਕਾਂ ਤੋਂ ਕੋਈ ਖਤਰਾ ਨਹੀਂ
ਜਿਨ੍ਹਾਂ ਦੇ ਬੰਗਲੇ
ਨਦੀ ਦੇ ਮੁਸ਼ਕ ਦੀ ਮਾਰ ਤੋਂ ਦੂਰ
ਨਗਰ ਦੇ ਦੂਸਰੇ ਪਾਰ ਨੇ
ਨਦੀ ਨੂੰ ਪਤਾ ਹੈ ਕਿ
ਕੁਝ ਲੋਕ ਪੂੰਜੀ ਦੀ ਢਾਂਗੀ ਨਾਲ
ਬੱਦਲਾਂ ਦੀ ਫਾੜੀ ਲਾਹ ਕੇ
ਬੋਤਲਾਂ ਚ ਬੰਦ ਕਰ ਵੇਚਦੇ
ਨਦੀ ਨੂੰ ਇਹ ਵੀ ਪਤਾ ਹੈ ਕਿ
ਜੋ ਵਿਕਦਾ ਹੈ ਉਹ ਬਚਦਾ ਨਹੀਂ
ਨਦੀ ਨੂੰ ਪਤਾ ਹੈ
ਕਿ ਉਸ ਦੀ ਰਖਵਾਲੀ ਦੇ
ਦਾਅਵੇਦਾਰ ਕੁੱਤਿਆਂ
ਹੁਣ ਹੋਰ ਨਹੀਂ ਭੌਂਕ ਸਕਣਾ
ਉਨ੍ਹਾਂ ਆਪਣੀ ਮਨ ਪਸੰਦ ਥਾਂ ਤੇ
ਪੂਛ ਮਾਰ ਸਾਫ਼ ਕਰ
ਕਾਬਜ਼ ਤੇ ਕਾਣੇ ਹੋ ਬਹਿਣਾ ਹੈ
ਸਮੁੰਦਰ ਬੱਦਲ ਵਰਖਾ ਚੋਅ ਨਦੀ ਤੇ ਫਿਰ ਸਮੁੰਦਰ ਵਾਲੇ ਜਲ-ਚੱਕਰ ਵਾਂਗ
ਕਈ ਤਰ੍ਹਾਂ ਦੇ ਜ਼ਹਿਰ-ਚੱਕਰ ਵੀ ਹੁੰਦੇ
ਇੱਕ ਚੱਕਰ ਦਾ ਨਦੀ ਨੂੰ
ਬੜੀ ਚੰਗੀ ਤਰ੍ਹਾਂ ਪਤਾ ਹੈ
ਕਿ ਉਸ ਦੇ ਜਲ ਵਿੱਚ ਜ਼ਹਿਰ ਪਾਉਣ ਵਾਲੇ
ਬੱਝਵੇਂ ਮਹੀਨੇ ਤਾਰਦੇ
ਨਦੀ ਦੇ ਚੌਕੀਦਾਰਾਂ ਨੂੰ
ਮਹੀਨੇ ਉੱਤੇ ਨੂੰ ਜਾਂਦੇ ਜਾਂਦੇ ਜੁੜ ਕੇ
ਸਾਲ ਤੇ ਪੰਜ ਸਾਲੇ ਬਣ ਕੇ
ਵੋਟ ਫੰਡਾਂ ਦੀਆਂ ਬੋਰੀਆਂ ਵਿੱਚ ਜਾ ਡਿੱਗਦੇ
ਵੋਟ ਫੰਡ ਦਾ ਜ਼ਹਿਰ ਲੋਕਤੰਤਰ ਨੂੰ
ਪਹਿਲਾਂ ਵੋਟਤੰਤਰ
ਤੇ ਫਿਰ ਚੋਰਤੰਤਰ ਬਣਾਉਂਦਾ
ਇਸ 'ਤੇ ਨਦੀ ਨੂੰ ਕੀ ਇਤਰਾਜ਼ ਹੋਣਾ ਹੈ
ਉਸ ਵਿੱਚ ਤਾਂ ਜੋ ਪੈਣਾ ਹੈ
ਉਹੀ ਵਹਿਣਾ ਹੈ
ਨਦੀ ਨੂੰ ਪਤਾ ਹੈ ਕਿ
ਜਿਨਾਂ ਨੂੰ ਗੰਦ ਵਿੱਚ ਆਨੰਦ ਹੈ
ਉਹ ਸਫਾਈ ਦੇ ਨਾਹਰੇ ਹੀ ਲਾ ਸਕਦੇ
ਕੇਵਲ
ਇਸ ਤੋਂ ਬਿਨਾਂ ਨਦੀ ਨੂੰ
ਵਿਰਾਸਤ ਸਿਆਸਤ
ਵਪਾਰ ਵਿਹਾਰ
ਧਰਮਾਂ ਕਰਮਾਂ
ਫ਼ਸਲਾਂ ਨਸਲਾਂ
ਸੰਬੰਧਾਂ ਪ੍ਰਬੰਧਾਂ
ਤੇ ਰੋਗਾਂ ਸੋਗਾਂ
ਬਾਰੇ ਵੀ ਕਾਫ਼ੀ ਕੁਛ ਪਤਾ ਹੈ
ਪਰ ਨਦੀ ਨੇ ਇਹਨਾਂ ਰੌਲਿਆਂ ਤੋਂ
ਕੀ ਲੈਣਾ ਹੈ
ਉਸ ਵਿੱਚ ਤਾਂ
ਜੋ ਪੈਣਾ ਸੋ ਵਹਿਣਾ ਹੈ
ਉਸ ਨੂੰ ਕੀ ਫਰਕ ਪੈਣਾ ਹੈ
ਨਦੀ ਨੂੰ ਪਤਾ ਹੈ
ਜਸਵੰਤ ਜ਼ਫ਼ਰ

-
ਜਸਵੰਤ ਜ਼ਫ਼ਰ, writer
jaswant@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.