ਅੱਧੀ ਰਾਤ ਨੂੰ ਮੋਟਰਸਾਈਕਲ ਤੇ ਆਏ ਵਿਅਕਤੀਆਂ ਨੇ ਪਿੰਡ ਵਿੱਚ ਕਰਨੀ ਸ਼ੁਰੂ ਕਰਤੀ ਫਾਇਰਿੰਗ
- ਪੂਰੇ ਪਿੰਡ ਵਿੱਚ ਬਣਿਆ ਦਹਿਸ਼ਤ ਦਾ ਮਾਹੌਲ, ਪੀੜਿਤ ਅਨੁਸਾਰ ਪਹਿਲਾਂ ਵੀ ਦੋ ਵਾਰ ਹੋ ਚੁੱਕੇ ਹਨ ਹਮਲੇ
ਰੋਹਿਤ ਗੁਪਤਾ
ਗੁਰਦਾਸਪੁਰ, 11 ਜੁਲਾਈ 2025 - ਜ਼ਿਲਾ ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਔਲਖ ਕਲਾਂ ਵਿੱਚ ਬੀਤੀ ਰਾਤ ਕੁਝ ਅਣਪਛਾਤਿਆ ਵੱਲੋਂ ਪਿੰਡ ਦੇ ਹੀ ਇੱਕ ਘਰ ਦੇ ਗੇਟ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਕਾਰਨ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮੌਕੇ ਤ ਪਹੁੰਚੀ ਪੁਲਿਸ ਵੱਲੋਂ ਇੱਕ ਜਿੰਦਾ ਕਾਰਤੂਸ ਅਤੇ ਮੁਲਜਮਾਂ ਦੀ ਇੱਕ ਸਿਰ ਦੀ ਟੋਪੀ ਵੀ ਬਰਾਮਦ ਕੀਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ । ਦੂਜੇ ਪਾਸੇ ਪੀੜਿਤ ਪਰਿਵਾਰ ਦੇ ਮੈਂਬਰ ਸਰਬਜੀਤ ਸਿੰਘ ਸ਼ੱਬੂ ਦਾ ਕਹਿਣਾ ਹੈ ਕਿ ਰਾਤ ਸਾਢੇ ਬਾਰਾਂ ਵਜੇ ਦੇ ਕਰੀਬ ਮੋਟਰਸਾਈਕਲ ਤੇ ਆਏ ਹਮਲਾਵਰਾਂ ਵੱਲੋਂ ਕੁੱਲ ਪੰਜ ਫਾਇਰ ਕੀਤੇ ਗਏ ਸਨ।
ਉੱਥੇ ਹੀ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪੰਜਾਬ ਪ੍ਰੈਜੀਡੈਂਟ ਦਵਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਅਣਪਛਾਤਿਆਂ ਵੱਲੋਂ ਪਿੰਡ ਦੇ ਵਿੱਚ ਗੋਲੀਆਂ ਚਲਾਉਣੀਆਂ ਜਿਸ ਦੇ ਨਾਲ ਪਿੰਡ ਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਂ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਮਿਲ ਚੁੱਕੇ ਹਾਂ ਤੇ ਜੇਕਰ ਪੰਜ ਦਿਨਾਂ ਦੇ ਵਿੱਚ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤਾਂ ਸਾਨੂੰ ਪ੍ਰਦਰਸ਼ਨ ਕਰਨਾ ਪਵੇਗਾ ।
ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਸੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੈਨੂੰ ਇਸ ਘਟਨਾ ਬਾਰੇ ਸਵੇਰੇ 11 ਵਜੇ ਪਤਾ ਲੱਗਾ ਸੀ ਕਿਉਂਕਿ ਇਸ ਪਰਿਵਾਰ ਵੱਲੋਂ ਪੰਚਾਇਤੀ ਜਮੀਨ ਉੱਤੇ ਕਬਜ਼ਾ ਕੀਤਾ ਹੋਇਆ ਹੈ ਤੇ ਉਸ ਨੂੰ ਨਵਾਂ ਮੋੜ ਦੇਣ ਲਈ ਉਹਨਾਂ ਵੱਲੋ ਮੇਰੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਹਨ ਸਾਡੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ।
ਜਦੋਂ ਇਸ ਘਟਨਾ ਬਾਰੇ ਹਰਚੋਵਾਲ ਦੇ ਚੌਂਕੀ ਇੰਚਾਰਜ ਸਵਰਨ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪਿੰਡ ਔਲਖ ਕਲਾਂ ਵਿੱਚ ਬੀਤੀ ਰਾਤ ਗੋਲੀ ਚੱਲਣ ਬਾਰੇ ਸਾਨੂੰ ਪਤਾ ਲੱਗਾ ਸੀ ਤੇ ਮੌਕੇ ਤੇ ਜਾ ਕੇ ਅਸੀਂ ਉਥੋਂ ਇੱਕ ਜਿੰਦਾ ਕਾਰਤੂਸ ਅਤੇ ਗੋਲੀ ਚਲਾਉਣ ਵਾਲੇ ਅਣਪਛਾਤਿਆਂ ਦੀ ਇੱਕ ਸਿਰ ਦੀ ਟੋਪੀ ਬਰਾਮਦ ਕੀਤੀ ਹੈ। ਉਹਨਾਂ ਕਿਹਾ ਕਿ ਸਾਡੀ ਤਫਤੀਸ਼ ਚੱਲ ਰਹੀ ਹੈ ਬਾਕੀ ਇਹਨਾਂ ਦਾ ਕੋਈ ਜਮੀਨੀ ਵਿਵਾਦ ਵੀ ਚੱਲ ਰਿਹਾ ਅਸੀਂ ਬਰੀਕੀ ਨਾਲ ਸ਼ਾਨਬੀਨ ਕਰ ਰਹੇ ਹਾਂ ਮੁਲਜਮਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।