ਟਰੈਫਿਕ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਨਾਜਾਇਜ਼ ਤੌਰ ’ਤੇ ਲਗਾਏ ਹੋਰਡਿੰਗਜ਼/ਬੋਰਡ ਉਤਾਰੇ
ਸ਼ਹਿਰ ਵਿੱਚ ਨਾਜਾਇਜ਼ ਤੋਰ ’ਤੇ ਲਗਾਏ ਬੋਰਡ/ਹੋਰਡਿੰਗਜ਼ ਅਤੇ ਕਬਜ਼ਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਕਮਿਸ਼ਨਰ, ਨਗਰ ਨਿਗਮ ਬਟਾਲਾ
ਰੋਹਿਤ ਗੁਪਤਾ
ਬਟਾਲਾ, 11 ਜੁਲਾਈ 2025 - ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਦੱਸਿਆ ਕਿ ਬਟਾਲਾ ਸ਼ਹਿਰ ਦੇ ਵੱਖ-ਵੱਖ ਬਜਾਰਾਂ ਵਿਖੇ ਟਰੈਫਿਕ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ, ਨਾਜਾਇਜ਼ ਤੌਰ ’ਤੇ ਲਗਾਏ ਹੋਰਡਿੰਗਜ/ਬੋਰਡ ਆਦਿ ਉਤਾਰਨ ਦੀ ਕਾਰਵਾਈ ਕਰਦਿਆਂ ਅੱਜ ਨਗਰ ਨਿਗਮ ਬਟਾਲਾ ਦੀ ਟੀਮ ਵਲੋਂ ਜਲੰਧਰ ਰੋਡ ’ਤੇ ਨਾਜਾਇਜ਼ ਤੌਰ ’ਤੇ ਲਗਾਏ ਹੋਰਡਿੰਗਜ/ਬੋਰਡ ਉਤਾਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਉਨ੍ਹਾਂ ਦੱਸਿਆ ਕਿ ਬਟਾਲਾ ਸ਼ਹਿਰ ਦੇ ਜਲੰਧਰ ਰੋਡ ’ਤੇ ਨਾਜਾਇਜ਼ ਤੌਰ ’ਤੇ ਹੋਰਡਿੰਗਜ਼/ਬੋਰਡ ਲਗਾਏ ਗਏ ਸਨ, ਜਿਸ ਨਾਲ ਆਵਾਜਾਈ ਵਿੱਚ ਵਿਘਨ ਪੈਂਦਾ ਸੀ ਤੇ ਟਰੈਫਿਕ ਦੀ ਸਮੱਸਿਆ ਵੀ ਪੈਦਾ ਹੁੰਦੀ ਸੀ। ਉਨ੍ਹਾਂ ਕਿਹਾ ਕਿ ਟਰੈਫਿਕ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਮੱਦੇਨਜ਼ਰ ਨਗਰ ਨਿਗਮ ਦੀ ਟੀਮ ਵੱਲੋਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਕਮਿਸ਼ਨਰ ਨਗਰ ਨਿਗਮ ਨੇ ਅੱਗੇ ਕਿਹਾ ਕਿ ਸ਼ਹਿਰ ਵਿੱਚ ਨਜਾਇਜ਼ ਤੋਰ ’ਤੇ ਲਗਾਏ ਬੋਰਡ/ਹੋਰਡਿੰਗਜ ਅਤੇ ਕਬਜ਼ਿਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਦੁਕਾਨ ਦਾ ਸਮਾਨ ਨਿਰਧਾਰਤ ਹੱਦ ਅੰਦਰ ਹੀ ਰੱਖਣ ਤਾਂ ਜੋ ਪੈਦਲ ਅਤੇ ਵਹੀਕਲ ਚਲਾਉਣ ਵਾਲਿਆਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਨਹੀਂ ਤਾਂ ਨਗਰ ਨਿਗਮ ਵਲੋਂ ਸਖ਼ਤ ਕਾਰਵਾਈ ਕਰਦਿਆਂ ਚਲਾਨ ਕੱਟੇ ਜਾਣਗੇ।