ਅਕਾਲੀ ਵਰਕਰਾਂ ਵਿੱਚ ਜੋਸ਼ ਭਰਨ ਜਗਰਾਉਂ ਪੁੱਜੇ ਪ੍ਰਧਾਨ ਸੁਖਬੀਰ ਬਾਦਲ
- ਲੈਂਡ ਪੁਲਿੰਗ ਨਿਤੀ ਦੇ ਵਿਰੋਧ ਚ 15 ਨੂੰ ਅਕਾਲੀ ਦਲ ਲਗਾਵੇਗਾ ਧਰਨਾ
- ਗੱਡੀਆਂ ਨਹੀਂ ਬੱਸਾਂ ਭਰ ਕੇ ਧਰਨੇ ਵਿੱਚ ਪਹੁੰਚਣ ਦੀ ਅਕਾਲੀ ਆਗੂਆਂ ਦੀ ਲਾਈ ਡਿਊਟੀ
ਦੀਪਕ ਜੈਨ
ਜਗਰਾਉਂ, 11 ਜੁਲਾਈ 2025 - ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ 15 ਜੁਲਾਈ ਨੂੰ ਲੁਧਿਆਣਾ ਵਿਖੇ ਵਿਸ਼ਾਲ ਧਰਨਾ ਪ੍ਰਦਰਸ਼ਨ ਕਰਨ ਦੀ ਰਣਨੀਤੀ ਉਲੀਕੀ ਗਈ ਹੈ। ਇਸੇ ਦੇ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਗਰਾਉਂ ਵਿਖੇ ਫੇਰੀ ਪਾਈ ਗਈ ਉਹਨਾਂ ਦੀ ਅੱਜ ਦੀ ਫੇਰੀ ਦਾ ਮੁੱਖ ਕਾਰਨ 15 ਜੁਲਾਈ ਨੂੰ ਲੱਗਣ ਵਾਲੇ ਧਰਨੇ ਤੋਂ ਪਹਿਲਾਂ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਲਾਮਬੰਦ ਕਰਨ ਦੇ ਨਾਲ ਨਾਲ ਉਹਨਾਂ ਵਿੱਚ ਜੋਸ਼ ਭਰਨਾ ਅਤੇ ਸਰਕਾਰ ਦੀ ਇਸ ਨੀਤੀ ਦਾ ਡੱਟ ਕੇ ਵਿਰੋਧ ਕਰਨ ਦਾ ਸੁਨੇਹਾ ਦੇਣਾ ਸੀ।
ਲੁਧਿਆਣਾ ਫਿਰੋਜ਼ਪੁਰ ਮਾਰਗ ਤੇ ਸਥਿਤ ਇੱਕ ਨਿੱਜੀ ਹੋਟਲ ਵਿੱਚ ਰੱਖੀ ਵਰਕਰ ਮਿਲਣੀ ਵਿੱਚ ਪਹੁੰਚੇ ਸੁਖਬੀਰ ਬਾਦਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਬੋਲਦਿਆਂ ਕਿਹਾ ਕਿ ਦਿੱਲੀ ਦੇ ਲੁਟੇਰੇ ਪੰਜਾਬ ਨੂੰ ਲੁੱਟਣ ਆ ਬੈਠੇ ਹਨ ਉਹਨਾਂ ਕਿਹਾ ਕਿ ਭਗਵੰਤ ਮਾਨ ਤਾਂ ਸਿਰਫ ਦਸਤਕਤ ਕਰਨ ਦਾ ਮੁੱਖ ਮੰਤਰੀ ਹੈ ਜਦਕਿ ਸੂਬੇ ਦੇ ਸਾਰੇ ਹੀ ਫੈਸਲੇ ਆਮ ਆਦਮੀ ਪਾਰਟੀ ਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦਾ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਲੈ ਰਿਹਾ ਹੈ ਭਗਵੰਤ ਮਾਨ ਤਾਂ ਉਹਨਾਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਿਆ ਹੈ।
ਉਹਨਾਂ ਕਿਹਾ ਕਿ ਆਪ ਵਾਲਿਆਂ ਨੂੰ ਪਤਾ ਹੈ ਕੀ ਨਾ ਤਾਂ ਹੁਣ ਉਹਨਾਂ ਦੀ ਦਿੱਲੀ ਵਿੱਚ ਸਰਕਾਰ ਬਣਨੀ ਹੈ ਤੇ ਨਾ ਹੀ ਦੁਬਾਰਾ ਪੰਜਾਬ ਵਿੱਚ ਇਸ ਲਈ ਉਹ ਇਸ ਲੈਂਡ ਪੁਲਿੰਗ ਨੀਤੀ ਦੇ ਤਹਿਤ ਸਾਡੇ ਕਿਸਾਨਾਂ ਦੀ ਜ਼ਮੀਨ ਹੜਪਣਾ ਚਾਹੁੰਦੇ ਹਨ ਜੋ ਕਿ ਦਿੱਲੀ ਦੇ ਕਰੋੜਪਤੀਆਂ ਨੂੰ ਮਹਿੰਗੇ ਭਾਵੇ ਕੇ ਮੋਟੀ ਰਕਮ ਇਕੱਠਾ ਕਰਨ ਦੀ ਲਾਲਸਾ ਲਈ ਬੈਠੇ ਹਨ। ਉਹਨਾਂ ਅਕਾਲੀ ਵਰਕਰਾਂ ਨੂੰ ਕਿਹਾ ਕਿ ਡੇਢ ਸਾਲ ਦਾ ਸਮਾਂ ਰਹਿ ਗਿਆ ਹੈ ਤੇ ਹੁਣ ਉਹ ਆਪਣੀ ਕਮਰ ਪੂਰੀ ਤਰਹਾਂ ਕੱਸ ਲੈਣ ਅਤੇ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਲਈ ਆਪਣਾ ਘਰ ਬਾਰ ਛੱਡ ਕੇ ਪਾਰਟੀ ਨੂੰ ਮਜਬੂਤ ਕਰਨ ਦੇ ਲਈ ਦਿਨ ਰਾਤ ਇੱਕ ਕਰ ਦੇਣ ਤਾਂ ਜੋ ਆਉਂਦੇ ਸਮੇਂ ਅਕਾਲੀ ਦਲ ਦੀ ਮੁੜ ਤੋਂ ਪੰਜਾਬ ਵਿੱਚ ਸਰਕਾਰ ਬਣਾਈ ਜਾ ਸਕੇ ਅਤੇ ਇਸ ਕਿਸਾਨ ਮਾਰੂ ਨੀਤੀ ਨੂੰ ਖਤਮ ਕੀਤਾ ਜਾ ਸਕੇ।
ਉਹਨਾਂ ਕਿਹਾ ਕਿ 15 ਤਰੀਕ ਨੂੰ ਲੁਧਿਆਣਾ ਵਿਖੇ ਲੱਗਣ ਵਾਲੇ ਧਰਨੇ ਵਿੱਚ ਉਹਨਾਂ ਨੂੰ ਗੱਡੀਆਂ ਵਿੱਚ ਅਕਾਲੀ ਵਰਕਰ ਨਹੀਂ ਬਲਕਿ ਬੱਸਾਂ ਭਰ ਭਰ ਕੇ ਅਕਾਲੀ ਵਰਕਰ ਪਹੁੰਚਣ ਤਾਂ ਜੋ ਇਸ ਧਰਨੇ ਨੂੰ ਸੂਬਾ ਪੱਧਰੀ ਧਰਨਾ ਬਣਾਉਂਦੇ ਹੋਏ ਕਾਮਯਾਬ ਕੀਤਾ ਜਾ ਸਕੇ। ਮੀਡੀਆ ਨਾਲ ਗੱਲਬਾਤ ਕਰਦੇ ਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਕਿਸਾਨਾਂ ਦੀਆਂ ਜਮੀਨਾਂ ਦਿੱਲੀ ਦੇ ਵੱਡੇ ਬਿਲਡਰਾਂ ਨੂੰ ਕਰੋੜਾਂ ਰੁਪਏ ਵਿੱਚ ਵੇਚਣਾ ਚਾਹੁੰਦਾ ਹੈ ਜੋ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਕੀਮਤ ਤੇ ਨਹੀਂ ਹੋਣ ਦੇਵੇਗੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 15 ਜੁਲਾਈ ਤੋਂ ਕੇਜਰੀਵਾਲ ਦੀ ਸਰਕਾਰ ਦੇ ਖਿਲਾਫ ਜੰਗ ਸ਼ੁਰੂ ਕਰ ਰਿਹਾ ਹੈ ਅਤੇ ਉਹਨਾਂ ਦੀ ਜਗਰਾਉਂ ਫੇਰੀ ਇਸੇ ਸਬੰਧ ਵਿੱਚ ਹੈ।
ਉਹਨਾਂ ਕਿਹਾ ਕਿ ਸਾਢੇ ਤਿੰਨ ਸਾਲ ਇਹਨਾਂ ਦੀ ਲੁੱਟ ਕਸੁੱਟ ਨੇ ਪੰਜਾਬ ਦੀ ਦੁਰਦਸ਼ਾ ਕਰਕੇ ਰੱਖ ਦਿੱਤੀ ਹੈ ਤੇ ਹੁਣ ਡੇਢ ਸਾਲ ਰਹਿ ਗਿਆ ਹੈ ਉਹਨਾਂ ਨੇ ਆਪਣੇ ਵਰਕਰਾਂ ਨੂੰ ਕਿਹਾ ਹੈ ਕਿ ਹੁਣ ਆਪਾਂ ਤਕੜੇ ਹੋ ਕੇ ਇਹਨਾਂ ਦੇ ਖਿਲਾਫ ਆਪਣੀ ਲੜਾਈ ਲੜੀਏ। ਉਹਨਾਂ ਕਿਹਾ ਕਿ ਕਿਸੇ ਹਾਲਤ ਵਿੱਚ ਵੀ ਕਿਸਾਨਾਂ ਦੀ ਇੱਕ ਇੰਚ ਜਮੀਨ ਵੀ ਕੇਜਰੀਵਾਲ ਐਂਡ ਉਹਨਾਂ ਦੀ ਪਾਰਟੀ ਨੂੰ ਹੜਪਣ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਗੁਰਚਰਨ ਸਿੰਘ ਗਰੇਵਾਲ, ਸਾਬਕਾ ਵਿਧਾਇਕ ਐਸ ਆਰ ਕਲੇਰ, ਅਕਾਲੀ ਆਗੂ ਦੀਪ ਇੰਦਰ ਸਿੰਘ ਭੰਡਾਰੀ, ਕਮਲਜੀਤ ਸਿੰਘ ਮੱਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਰਹੇ।