ਅਬੋਹਰ ਪੁਲਿਸ ਮੁਕਾਬਲਾ: ਖਾਲੜਾ ਮਿਸ਼ਨ ਨੇ ਹਾਈਕੋਰਟ ਕੋਲੋਂ suo moto ਕਾਰਵਾਈ ਕਰਨ ਦੀ ਕੀਤੀ ਮੰਗ
ਚੰਡੀਗੜ੍ਹ, 11 ਜੁਲਾਈ 2025 - ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਮਾਨਯੋਗ ਹਾਈਕੋਰਟ ਨੂੰ ਪੱਤਰ ਲਿਖ ਕੇ ਅਬੋਹਰ ਦੇ ਝੂਠੇ ਮੁਕਾਬਲੇ ਬਾਰੇ 'ਖੁਦ ਦੀ ਪਹਿਲ ਤੇ' (suo moto) ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਖਾਲੜਾ ਮਿਸ਼ਨ ਨੇ ਹਾਈਕੋਰਟ ਨੂੰ ਆਪਣੇ ਪੱਤਰ 'ਚ ਲਿਖਿਆ ਕਿ, "ਬੇਨਤੀ ਹੈ ਕਿ ਪਿਛਲੀ ਦਿਨੀਂ ਸੰਜੇ ਵਰਮਾ ਨਾਂ ਦੇ ਕਾਰੋਬਾਰੀ ਦਾ ਅਬੋਹਰ ਵਿਖੇ ਮੰਦਭਾਗਾਂ ਕਤਲ ਕਰ ਦਿੱਤਾ ਗਿਆ ਸੀ। ਖਬਰਾਂ ਦੇ ਮੁਤਾਬਿਕ ਇਸ ਕਤਲ ਦੀ ਜਿੰਮੇਵਾਰੀ ਲਾਰੈਂਸ ਗਰੁੱਪ ਨੇ ਲਈ ਹੈ। ਪੰਜਾਬ ਪੁਲੀਸ ਨੇ ਪਟਿਆਲੇ ਤੋਂ ਦੋ ਨੌਜਵਾਨ ਜਸਪ੍ਰੀਤ ਸਿੰਘ ਅਤੇ ਰਾਮ ਰਤਨ ਨੂੰ ਘਰਾਂ ਤੋਂ ਗ੍ਰਿਫਤਾਰ ਕਰਕੇ ਅਬੋਹਰ ਨੇੜੇ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਹੈ। ਕਹਾਣੀ ਉਹੋ ਪੁਰਾਣੀ ਜੋ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਝੂਠੇ ਮੁਕਬਲਿਆਂ ਵੇਲੇ ਘੜੀ ਜਾਂਦੀ ਸੀ। ਪੰਜਾਬ ਤਾਂ 25 ਹਜ਼ਾਰ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਦਾ ਨਿਆਂ ਮੰਗ ਰਿਹਾ ਹੈ ਜਿੰਨ੍ਹਾਂ ਦੀਆਂ ਮਿਰਤਕ ਦੇਹਾਂ ਲਾਵਾਰਸ ਕਰਾਰ ਦੇ ਕੇ ਸ਼ਮਸ਼ਾਨਘਾਟਾਂ ਵਿੱਚ ਸਾੜ ਦਿੱਤੀਆਂ ਸਨ। ਪਰ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਸੰਵਿਧਾਨ ਕਾਨੂੰਨ ਦੀਆਂ ਗੱਲਾਂ ਕੀਤਆਂ ਪਰ ਅਮਲ ਨਹੀਂ ਕੀਤਾ, ਪੂਰੀਆਂ ਧੱਜੀਆਂ ਉਡਾਈਆਂ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਕੋਲ 21 ਨੌਜਵਾਨ ਪੇਸ਼ ਕਰਾਉਂਦਾ ਹੈ, ਉਹਨਾਂ ਨੂੰ ਪੰਜਾਬ ਦੀ ਬੇਅੰਤ ਸਿੰਘ, ਕੇ.ਪੀ.ਐਸ. ਗਿੱਲ ਜੋੜੀ ਝੂਠੇ ਮੁਕਾਬਲਿਆਂ ਵਿੱਚ ਖਤਮ ਕਰ ਦੇਂਦੀ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਨੂੰ ਡੀ.ਜੀ.ਪੀ. ਲਾਇਆ, ਐਸ.ਐਸ.ਪੀ. ਲਾਇਆ। ਨਸ਼ਿਆਂ ਰਾਂਹੀ ਜਵਾਨੀ ਦਾ ਘਾਣ ਪਵਿੱਤਰ ਧਰਤੀ ਤੇ ਹੋ ਰਿਹਾ ਹੈ। ਹਾਈ ਕੋਰਟ ਵਿੱਚ ਪੇਸ਼ ਰਿਪੋਰਟਾਂ 'ਤੇ ਕੋਈ ਕਾਰਵਾਈ ਨਹੀਂ ਹੁੰਦੀ। ਬੇਅਦਬੀਆਂ ਦੇ ਦੋਸ਼ੀ ਬਚ ਨਿਕਦੇ ਹਨ।
ਇੰਦਰਾਂ ਮਾਡਲ, ਗੁਜਰਾਤ ਮਾਡਲ, ਨਾਗਪੁਰ ਮਾਡਲ, ਦਿੱਲੀ ਮਾਡਲ, ਕੇਜਰੀਵਾਲ ਮਾਡਲਾਂ ਨੇ ਪੰਜਾਬ ਦੀ ਹੋਂਦ ਮਿਟਾਉਣ ਦਾ ਏਜੰਡਾ ਮਿੱਥਿਆ ਹੈ। ਭਗਵੰਤ ਮਾਨ ਦੀ ਸਰਕਾਰ ਝੂਠੇ ਮੁਕਾਬਲਿਆਂ ਨੂੰ ਜਾਇਜ਼ ਦੱਸ ਰਹੀ ਹੈ। ਉਹ ਕਰਨਲ ਬਾਠ ਦੀ ਕੁੱਟਮਾਰ ਨੂੰ ਜਾਇਜ਼ ਦੱਸਦੀ ਹੈ। ਕਰੰਟ ਲਾ ਕੇ ਨੌਜਾਵਾਨਾਂ ਨੂੰ ਮਾਰਨ ਨੂੰ ਜਾਇਜ਼ ਦੱਸਦੀ ਹੈ। ਅਸੀਂ ਮੰਗ ਕਰਦੇ ਹਾਂ ਕਿ ਤੁਸੀਂ ਦਖਲ ਅੰਦਾਜੀ ਕਰੋ ਅਬੋਹਰ ਝੂਠੇ ਮੁਕਾਬਲੇ ਦੀ ਹੀ ਨਹੀਂ ਸਗੋਂ ਪੰਜਾਬ ਦੀ ਧਰਤੀ ਤੇ ਹੋਏ ਹਜ਼ਾਰਾਂ ਝੂਠੇ ਮੁਕਾਬਲਿਆਂ ਦੀ ਪੜ੍ਹਤਾਲ ਦਾ ਹੁਕਮ ਦੇਵੋ।"