ਜ਼ਮੀਨ ਤੇ ਕਬਜ਼ਾ ਕਰਨ ਦੇ ਮਾਮਲੇ ਵਿੱਚ ਜਨਤਕ ਜਥੇਬੰਦੀਆਂ ਦਾ ਵਫਦ ਐਸਐਸਪੀ ਨੂੰ ਮਿਲਿਆ
ਅਸ਼ੋਕ ਵਰਮਾ
ਬਠਿੰਡਾ, 11 ਜੁਲਾਈ 2025 :ਡੱਬਵਾਲੀ ਰੋਡ ਨੇੜੇ ਜ਼ਮੀਨ 'ਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ਿਆਂ ਖਿਲਾਫ਼ ਬਠਿੰਡਾ ਜ਼ਿਲ੍ਹੇ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਸਾਂਝਾ ਵਫ਼ਦ ਐਸ ਐਸ ਪੀ ਬਠਿੰਡਾ ਨੂੰ ਮਿਲਿਆ। ਵਫ਼ਦ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਡੀ ਟੀ ਐਫ਼ ਦੇ ਸੂਬਾ ਸਕੱਤਰ ਰੇਸ਼ਮ ਖੇਮੂਆਣਾ, ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਕੁਮਾਰ,ਪੀ ਐਸ ਯੂ ਸ਼ਹੀਦ ਰੰਧਾਵਾ ਦੇ ਆਗੂਆਂ ਅਤੇ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਕਰਦਿਆਂ ਬਠਿੰਡਾ ਪੁਲਿਸ ਨੇ ਥਾਣਾ ਕੈਨਾਲ ਕਲੋਨੀ ਵਿਖੇ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।ਥਾਣਾ ਕੈਨਾਲ ਕਲੋਨੀ ਨੇ ਗੁਰਜੀਤ ਸਿੰਘ ਅਤੇ ਪ੍ਰਿੰਸ ਕੁਮਾਰ ਨੂੰ ਇਸ ਜਮੀਨ ਨਹੀਂ ਕਬਜ਼ਾ ਕਰਨ ਮਾਮਲੇ ਵਿੱਚ ਨਾਮਜਦ ਕੀਤਾ ਹੈ।ਜ਼ਮੀਨ ਮਾਲਕ ਪਰਵਿੰਦਰ ਸਿੰਘ, ਸੁਖਵਿੰਦਰ ਸਿੰਘ ਪੁੱਤਰਾਨ ਤਰਸੇਮ ਸਿੰਘ ਅਤੇ ਪਰਮਜੀਤ ਕੌਰ ਪਤਨੀ ਵਰਿੰਦਰ ਸਿੰਘ ਨੇ ਦੱਸਿਆ ਕਿ ਸਾਡੀ ਜੱਦੀ ਪੁਸ਼ਤੀ ਜ਼ਮੀਨ ਜੋਂ ਕਿ ਡੱਬਵਾਲੀ ਰੋਡ ਬਠਿੰਡਾ ਵਿਖੇ ਸਥਿਤ ਹੈ ਜਿਸ ਤੇ ਕੁਝ ਗੁੰਡਾ ਅਨਸਰਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਗੁੰਡਿਆਂ ਵੱਲੋਂ ਚਾਰਦੀਵਾਰੀ ਢਾਹ ਗੇਟ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਿਸ ਦਾ ਜ਼ਮੀਨ ਦੇ ਜੱਦੀ ਮਾਲਕਾ ਵੱਲੋਂ ਵਿਰੋਧ ਕਰਨ ਤੇ ਹਥਿਆਰਾਂ ਨਾਲ ਲੈਸ ਹੋ ਕੇ ਆਏ ਗੁੰਡਿਆ ਵੱਲੋਂ ਔਰਤਾਂ ਨਾਲ ਕੁੱਟਮਾਰ ਵੀ ਕੀਤੀ ਗਈ ਅਤੇ ਜ਼ਮੀਨ ਦੀ ਰਾਖੀ ਲਈ ਲਗਾਏ ਗਏ ਕੈਮਰੇ ਅਤੇ ਡੀ ਵੀ ਆਰ ਸਮੇਂਤ ਹੋਰ ਸਾਮਾਨ ਨੂੰ ਵੀ ਚੋਰੀ ਕਰਕੇ ਹਮਲਾਵਰ ਨਾਲ ਲ਼ੈ ਗਏ। ਜ਼ਮੀਨ ਦੇ ਮਾਲਕ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਇਸ ਜ਼ਮੀਨ ਤੇ ਉਹਨਾਂ ਦੇ ਦਾਦਾ ਜੀ ਨੂੰ 1981 ਤੋਂ ਕੋਰਟ ਵੱਲੋਂ ਸਟੇਅ ਵੀ ਮਿਲਿਆ ਹੋਇਆ ਹੈ ਅਤੇ ਜੱਦੀ ਪੁਸ਼ਤੀ ਤੋਂ ਹੀ ਉਹ ਇਸ ਜ਼ਮੀਨ 'ਤੇ ਕਾਬਜ਼ ਹਨ । ਉਹਨਾਂ ਕਿਹਾ ਕਿ ਜ਼ਮੀਨ ਬਹੁਤ ਮਹਿੰਗੀ ਹੋਣ ਕਰਕੇ ਗੁੰਡਾ ਅਨਸਰਾਂ ਵੱਲੋਂ ਸਿਆਸੀ ਸਿਹ 'ਤੇ ਇਸ ਤਰ੍ਹਾਂ ਨਜਾਇਜ਼ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਇਲਾਕੇ ਦੀਆਂ ਜਨਤਕ ਜਥੇਬੰਦੀਆਂ ਅਤੇ ਪੀੜਤ ਪਰਿਵਾਰ ਵੱਲੋਂ ਸਰਕਾਰ ਤੋਂ ਮੰਗ ਵੀ ਕੀਤੀ ਗਈ ਕਿ ਇਹਨਾਂ ਦੋਸ਼ਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜ਼ੋ ਭਵਿੱਖ ਅੰਦਰ ਵੀ ਕੋਈ ਲੋਕਾਂ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰੇ।