ਰਿਸ਼ਤਿਆਂ ਵਿੱਚ ਦੂਰੀ ਪੈਣਾ ਜ਼ਿੰਦਗੀ ਦੀ ਬਹੁਤ ਕੁੜੱਤਣ ਭਰੀ ਸੱਚਾਈ ਹੈ, ਇਹ ਹੁੰਦਾ ਆਇਆ ਏ ਤੇ ਹੁੰਦਾ ਰਹੇਗਾ। ਜੇਕਰ ਮੈਂ ਆਪਣੀ ਗੱਲ ਕਰਾਂ ਤਾਂ ਕੁਝ ਰਿਸ਼ਤਿਆਂ ਉਤੇ ਮੈਨੂੰ ਮਾਣ ਤੇ ਹੰਕਾਰ ਸੀ ਪਰ ਸਮਾਂ ਬਹੁਤ ਬਲਵਾਨ ਹੈ, ਜੋ ਰਾਵਣ ਦਾ ਹੰਕਾਰ ਕੱਚ ਦੀਆਂ ਵੰਗਾਂ ਵਾਂਗ ਤੋੜ ਕੇ ਸੁੱਟ ਸਕਦਾ ਏ ਮੇਰੀ ਤਾਂ ਉਸ ਸਮੇਂ ਅੱਗੇ ਹੈਸੀਅਤ ਹੀ ਕੀ ਹੈ ਭਲਾ! ਬਹੁਤ ਚੰਗੇ ਤੇ ਮਾੜੇ ਦਿਨਾਂ ਦੀਆਂ ਯਾਦਾਂ, ਜੋ ਪਰਛਾਵੇਂ ਵਾਂਗ ਮੇਰੇ ਨਾਲ ਨਾਲ ਰਹਿੰਦੀਆਂ ਨੇ,ਮੇਰੇ ਕੋਲ ਬਹੁਤ ਕੁਝ ਸੀ, ਜੋ ਮੈਂ ਗਵਾ ਲਿਆ,ਫਿਰ ਕਿਸੇ ਨੇ ਦੱਸਿਆ ਕਿ ਜੋ ਕੋਲ ਹੈ, ਉਸਨੂੰ ਸੰਭਾਲਣ ਵਿੱਚ ਹੀ ਸਿਆਣਪ ਹੈ। ਹਰ ਕੋਸ਼ਿਸ ਕੀਤੀ ਪਰ ਟੁੱਟ ਚੁੱਕੀ ਮਾਲਾ ਦੇ ਮਣਕੇ ਬਿਖਰਣ ਤੋਂ ਬਚਾਉਣੇ ਐਨੇ ਸੌਖਾਲੇ ਕਿੱਥੇ ਨੇ? ਕਈ ਵਾਰ ਇਨਸਾਨ ਦੇ ਹੱਥ ਸਭ ਕੁਝ ਹੁੰਦੇ ਹੋਏ ਵੀ ਹੱਥ ਖਾਲੀ ਹੀ ਰਹਿੰਦੇ ਨੇ…ਰਿਸ਼ਤੇ ਕਿਸੇ ਫੁੱਲਾਂ ਵਾਲੇ ਬੂਟੇ ਦੀ ਤਰਾਂ ਹੁੰਦੇ ਨੇ, ਜਿੰਨਾਂ ਦੀ ਸਾਂਭ ਸੰਭਾਲ ਕਿਸੇ ਅਣਥੱਕ ਮਾਲੀ ਵਾਂਗ ਕਰਨੀ ਪੈਂਦੀ ਏ…ਜਦੋਂ ਰਿਸ਼ਤਿਆਂ ਦੀ ਸੰਭਾਲ ਕਰਨ ਵਾਲਾ ਮਾਲੀ ਥੱਕ ਜਾਏ, ਅੱਕ ਜਾਏ, ਹਤਾਸ਼ ਹੋਕੇ ਬੈਠ ਜਾਏ, ਤਾਂ ਫਿਰ ਉਹ ਰਿਸ਼ਤੇ ਇਕ ਬੇਬੱਸ ਹੋਏ ਉਸ ਫੁੱਲ ਵਾਂਗ ਸਮੇਂ ਤੋਂ ਪਹਿਲਾਂ ਹੀ ਝੜ ਜਾਂਦੇ ਨੇ ਤੇ ਆਪਣੀਆਂ ਹੀ ਜੜਾਂ ਵਿੱਚ ਡਿੱਗ ਪੈਦੇਂ ਨੇ…ਕਦੇ ਵੀ ਕੋਈ ਇਨਸਾਨ ਸੰਪੂਰਨ ਨਹੀਂ ਹੋ ਸਕਦਾ। ਮੇਰਾ ਖਿਆਲ ਹੈ ਕਿ ਇਨਸਾਨ ਨੂੰ ਇਨਸਾਨ ਹੀ ਬਣਨ ਲਈ ਇੱਕ ਜੀਵਨ ਤਾਂ ਬਹੁਤ ਛੋਟਾ ਹੈ,ਰਿਸ਼ਤੇ ਸੱਚਮੁੱਚ ਕੱਚੇ ਧਾਗੇ ਦੀ ਤਰਾਂ ਹੀ ਹੁੰਦੇ ਨੇ, ਤਦੇ ਕਬੀਰ ਸਹਿਬ ਲਿਖਦੇ ਨੇ
ਰਹਿਮਨ ਧਾਗਾ ਪਰੇਮ ਕਾ
ਮਤ ਤੋੜੋ ਝਟਕਾਏ
ਟੂਟੇ ਤੋ ਜੁੜਤ ਨਾਹੀ ਜਬ ਗਠ ਪੜ ਜਾਏ
ਇਹ ਗਠ ਸ਼ਬਦ ਹਮੇਸ਼ਾ ਬੜਾ ਭਾਰਾ ਤੇ ਭੈੜਾ ਲਗਦਾ ਏ ਮੈਨੂੰ। ਮਜਬੂਤ ਤਾਂ ਸਿਰਫ ਸਾਡੇ ਖਿਆਲ ਹੁੰਦੇ ਨੇ। ਰਿਸ਼ਤਿਆਂ ਦੀ ਕਦਰ ਕੀਮਤ ਹਰ ਪ੍ਰਾਣੀ ਆਪਣੇ ਘਰ, ਆਪਣੇ ਪਿੰਡ ਤੇ ਆਪਣੇ ਦੇਸ਼ ਤੋਂ ਹੀ ਸਿੱਖਦਾ ਹੈ। ਹੁਣ ਜੋ ਵਿਅਕਤੀ ਇਸ ਸਭ ਤੋਂ ਦੂਰ ਹੋ ਗਿਆ, ਉਹ ਸਿਰਫ ਰਿਸ਼ਤਿਆਂ ਬਾਰੇ ਜਾਣੂ ਰਹਿੰਦਾ ਏ ਪਰ ਉਹ ਆਪਣਾਪਣ ਗੁਆ ਲੈਂਦਾ ਏ। ਕਿਉਕਿ ਪੰਛੀ ਆਲਣਾ ਛੱਡ ਕੇ ਕਿਤੇ ਹੋਰ ਬਸੇਰਾ ਕਰਨਗੇ, ਤਾਂ ਕੁਦਰਤ ਦਾ ਨਿਯਮ ਹੈ ਕਿ ਖਾਲੀ ਹੋਈਆਂ ਚੀਜਾਂ ਨੂੰ ਉਹ ਟਿਕਾਣੇ ਲਾਉਣਾ ਬਾਖੂਬੀ ਜਾਣਦੀ ਹੈ। ਕੁਦਰਤ ਦੇ ਇਸ ਅਸੂਲ ਦੀ ਗਵਾਹੀ ਪੰਜਾਬ ਦੇ ਪਿੰਡਾਂ ਦੇ ਉਹ ਘਰਾਂ ਨੂੰ ਲੱਗੇ ਜਿੰਦੇ ਭਰ ਰਹੇ ਨੇ, ਜੋ ਕਦੋਂ ਖੁਲਣਗੇ?
ਵੇ ਜੱਗਿਆ,
ਤੁਰ ਪਰਦੇਸ ਗਿਓਂ
ਬੂਹਾ ਵੱਜਿਆ
ਜੱਗੇ ਕਦੋਂ ਪਿੰਡ ਪਰਤਣਗੇ ਹੁਣ? ਪਤਾ ਨਹੀਂ।
ਇਹ ਠੀਕ ਹੈ ਕਿ ਤਰੱਕੀ ਹੋਈ ਹੈ ਤੇ ਨਵੀਂ ਮਨੁੱਖੀ ਜਿੰਦਗੀ ਦੀ ਸ਼ੁਰੂਆਤ ਉਤੇ ਜਿੱਥੇ ਲੋਕਾਂ ਵਿਚ ਬਹੁਤ ਖੁਸ਼ੀ ਵੀ ਹੈ, ਉੱਥੇ ਇੱਕ ਡੂੰਘੇਰਾ ਗਮ ਵੀ ਹੈ, ਐਦਾਂ ਦੀ ਦੁਨੀਆਂ 'ਚ ਜਾਣਾ, ਜਿੱਥੇ ਦੁੱਖ ਦੁੱਖ ਨਹੀਂ ਹੈ, ਤੇ ਖੁਸ਼ੀ ਖੁਸ਼ੀ ਨਹੀਂ ਹੈ..ਮੇਰੇ ਖਿਆਲ ਅਨੁਸਾਰ ਇਹ ਨਵੀਂ ਮੰਜਿਲ ਲੋਕਾਂ ਨੂੰ ਕਾਇਰ ਬਣਾ ਰਹੀ ਏ ਕਿਉਂਕਿ ਪਤਾ ਨੀ ਇਹ ਕਿੱਦਾ ਦੀ ਅਜੀਬ ਖੁਸ਼ੀ ਹੈ, ਜਿਹੜੀ ਪਹਿਲਾਂ ਆਪਣਿਆਂ ਤੋਂ ਲੁਕੋਣੀ ਪੈਂਦੀਂ ਹੈ, ਫਿਰ ਆਪਣਿਆਂ ਤੋਂ ਦੂਰ ਵੀ ਕਰਦੀ ਏ, ਮੈਂ ਨਹੀਂ ਚਾਹੁੰਦਾ, ਕੁਝ ਸਾਲਾਂ ਬਾਅਦ ਜਦੋ ਮੈਂ ਕਿਸੇ ਆਪਣੇ ਖਾਸ ਨੂੰ ਮਿਲਾਂ, ਤਾਂ ਪੁੱਛਾਂ ਕਿ ਜਵਾਨੀ, ਸਮਾਂ ਤੇ ਰਿਸ਼ਤੇ ਗਵਾ ਕੇ ਲੈਕੇ ਕੀ ਆਇਆਂ ਏਂ ?ਤਾਂ ਅੱਗੋਂ ਉਹ ਕਹੇ ਕਿ ਸਿਰਫ ਕੁਝ ਪੈਸੇ। ਪੈਸਾ ਬਹੁਤ ਕੁਝ ਹੋ ਸਕਦਾ ਪਰ ਸਭ ਕੁੱਝ ਨਹੀਂ।
ਪਹਿਲਾਂ ਮਾਂ ਪਿਉ ਦਾ ਘਰ ਛੱਡ ਕੇ ਸਿਰਫ ਧੀ ਜਾਦੀਂ ਸੀ ਪਰ ਅੱਜ ਪਰਦੇਸੀ ਹੋਣ ਲਈ ਪੁਤ ਵੀ ਪਿਛੇ ਨਹੀ ਰਹੇ। ਮੁੰਡੇ ਘਰ ਛੱਡ ਕੇ ਤੁਰੇ। ਸਾਰੀ ਜਵਾਨੀ ਘਰੋਂ ਬਾਹਰ ਹੀ ਕੱਢ ਕੇ ਵਤਨ ਆਉਦੇ ਨੇ। ਬੜਾ ਕੁਝ ਗੁਆ ਚੁਕੇ ਹੁੰਦੇ ਨੇ ਉਦੋਂ ਤਕ। ਅਜਿਹਾ ਕੀ ਪਾਉਣਾ ਅਸੀਂ ਦੀਪ ਸਿਆਂ, ਜਿਹੜਾ ਕਦੇ ਕਦੇ ਸਾਨੂੰ ਆਪਣਿਆ ਦੇ ਅੰਤਿਮ ਦਰਸ਼ਨ ਵੀ ਵੀਡੀਉ ਕਾਲਾਂ
ਉਤੇ ਕਰਨੇ ਪੈਂਦੇ ਨੇ? ਹਾਏ ਓ ਰੱਬਾ ਮੇਰਿਆ, ਗਮਾਂ ਨੇ ਘੇਰਿਆ।
ਕੀ ਸੱਚ ਮੁੱਚ ਉਹ ਮੰਜਿਲ ਇੰਨੀ ਖੂਬਸੂਰਤ ਹੋਵੇਗੀ? ਕੀ ਉੱਥੇ ਸਾਡੇ ਆਪਣਿਆਂ ਨਾਲੋਂ ਵੀ ਜਿਆਦਾ ਜ਼ਰੂਰੀ ਰੁਝੇਵੇਂ ਨੇ?
ਮੈਂ ਤਾਂ ਸੁਣਿਆ ਸੀ ਕਿ ਮਾਂ ਪਿਉ ਤੋਂ ਦੂਰੀ ਪਾਉਣ ਵਾਲਾ ਰੱਬ ਹੁੰਦਾ ਏ ਪਰ ਅਸੀਂ ਤਾਂ ਹੁਣ ਇੰਨੇ ਅੱਗੇ ਲੰਘ ਗਏ ਹਾਂ ਕਿ ਉਹਦੇ ਫੈਸਲੇ ਤੋਂ ਪਹਿਲਾਂ ਆਪ ਇਹ ਫੈਸਲਾ ਕਰ ਲੈਂਦੇ ਹਾਂ। ਬੁਢਾਪੇ ਵਿਚ ਪਏ ਬਹੁਤੇ ਘਰਾਂ 'ਚ ਮਾਂ ਬਾਪ ਰੋਜ਼ਾਨਾ ਉਸ ਮਹਿਲਾਂ ਵਰਗੇ ਘਰਾਂ ਨੂੰ ਜੇਲ ਦੀ ਤਰਾਂ ਦੇਖਦੇ ਨੇ। ਬਾਹਰ ਜਿੱਥੇ ਬੱਚਿਆਂ ਦਾ ਜੋਰ ਪੱਕੇ ਹੋਣ 'ਤੇ ਲੱਗਿਆ ਏ, ਘਰੇ ਮਾਂ ਪਿਉ ਉਮਰੋਂ ਕੱਚੇ ਹੋ ਗਏ ਨੇ ।ਛੋਟੇ ਹੁੰਦੇਂ ਇੱਕ ਲੂੰਬੜੀ ਦੀ ਕਹਾਣੀ ਸੁਣਦੇ ਸੀ ਕਿ ਜਦ ਪਾ ਨਾ ਸਕੀ, ਤਾਂ ਕਹਿੰਦੀ ਅੰਗੂਰ ਖੱਟੇ ਨੇ , ਬੜਾ ਹੱਸਦੇ ਸੀ ਉਹਦੇ 'ਤੇ। ਅੱਜ ਪਤਾ ਲੱਗਦਾ ਕਿ ਅਸੀਂ ਉਹਦੇ ਹਾਲਾਤਾਂ 'ਤੇ ਹੱਸਦੇਅ ਰਹੇ।
ਜਰੂਰੀ ਨਹੀਂ ਅੰਗੂਰ ਖੱਟੇ ਹੀ ਹੋਣ,
ਕਦੇ ਕਦੇ ਜ਼ਹਿਰ ਵੀ ਲੱਗਣ ਲੱਗ ਪੈਦੇਂ ਨੇ ਅੰਗੂਰ।
ਅੱਜ ਏਨਾ ਹੀ। ਮੇਰੀ ਡਾਇਰੀ ਦਾ ਪੰਨਾ ਉਦਾਸ ਹੈ।

-
ਦੀਪ ਬਰਾੜ, ਲੇਖਕ
******
88475 30513
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.