ਮੁਕਦਮਿਆਂ ਨਾਲ ਸੰਬੰਧਿਤ ਥਾਣੇ ਦੇ ਬਾਹਰ ਮੋਟਰਸਾਈਕਲ ਸਕੂਟਰ ਹਟਾਏ ਗਏ
ਸੁਖਮਿੰਦਰ ਭੰਗੂ
ਲੁਧਿਆਣਾ 11 ਜੁਲਾਈ 2025 - ਸਮਾਰਟ ਸਿਟੀ ਲੁਧਿਆਣਾ ਦਾ ਪੌਸ਼ ਇਲਾਕਾ ਮਾਡਲ ਟਾਊਨ ਜਿੱਥੇ ਥਾਣੇ ਦੇ ਬਾਹਰ ਵੱਖ ਵੱਖ ਮੁਕਦਮਿਆਂ ਵਿੱਚ ਬੰਦ ਕੀਤੇ ਹੋਏ ਸਕੂਟਰ ਮੋਟਰਸਾਈਕਲ ਤੇ ਆਟੋ ਵਗੈਰਾ ਪਏ ਹੋਏ ਸਨ ਜੋ ਕਿ ਬਹੁਤ ਜਿਆਦਾ ਜਗ੍ਹਾ ਘੇਰਦੇ ਹਨ। ਜਿਸ ਨਾਲ ਸ਼ਾਮ ਵੇਲੇ ਟਰੈਫਿਕ ਬਹੁਤ ਜਿਆਦਾ ਹੋ ਜਾਂਦੀ ਹੈ ਅਤੇ ਵੱਡਾ ਜਾਮ ਲੱਗ ਜਾਂਦਾ ਹੈ। ਜਿਸ ਨਾਲ ਦੁਕਾਨਦਾਰਾਂ ਨੂੰ ਅਤੇ ਆਉਣ ਜਾਣ ਵਾਲਿਆਂ ਨੂੰ ਬਹੁਤ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ।
ਇਸ ਸਭ ਨੂੰ ਦੇਖਦੇ ਹੋਏ ਮਾਡਲ ਟਾਊਨ ਮਾਰਕੀਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਵੱਲੋਂ ਬੀਤੇ ਦਿਨ ਕਮਿਸ਼ਨਰ ਪੁਲਸ ਲੁਧਿਆਣਾ ਅਤੇ ਮਾਡਲ ਟਾਊਨ ਥਾਣੇ ਦੇ ਐਸਐਚਓ ਨੂੰ ਇਸ ਸਮੱਸਿਆ ਬਾਰੇ ਜਾਣੂ ਕਰਵਾਇਆ।ਦੁਕਾਨਦਾਰਾਂ ਨੇ ਦੱਸਿਆ ਕਿ ਜਦੋਂ ਗ੍ਰਾਹਕ ਜਾਮ ਦੇਖਦਾ ਹੈ ਤਾਂ ਦੁਕਾਨਾਂ ਵੱਲ ਨਹੀਂ ਜਾਂਦਾ ਅਤੇ ਬਾਹਰੋਂ ਬਾਹਰ ਮੁੜ ਜਾਂਦਾ ਹੈ ।
ਇਸ ਕਰਕੇ ਸਾਨੂੰ ਦੁਕਾਨਦਾਰੀ ਕਰਨੀ ਔਖੀ ਹੋਈ ਪਈ ਹੈ । ਇਸ ਸਬੰਧੀ ਫੌਰੀ ਤੌਰ ਤੇ ਐਕਸ਼ਨ ਲੈਂਦਿਆਂ ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਐਸ ਐਚ ਓ ਮਾਡਲ ਟਾਊਨ ਨੂੰ ਹਦਾਇਤ ਕੀਤੀ ਗਈ ਕਿ ਇਹ ਜੋ ਮੁਕਦਮੇ ਵਿੱਚ ਵੱਖ-ਵੱਖ ਮੋਟਰਸਾਈਕਲ ਸਕੂਟਰ ਜੋ ਕਿ ਬਹੁਤ ਵੱਡੀ ਜਗ੍ਹਾ ਘੇਰਦੇ ਸਨ ਉਹਨਾਂ ਨੂੰ ਉਥੋਂ ਹਟਾਇਆ ਜਾਵੇ ਤਾਂ ਜੋ ਟਰੈਫਿਕ ਦੀ ਸਮੱਸਿਆ ਨਾਲ ਜੂਝ ਰਿਹਾ ਦੁਕਾਨਦਾਰ ਅਤੇ ਹੋਰ ਆਵਾਜਾਈ ਵਾਲੇ ਲੋਕ ਇਸ ਸਮੱਸਿਆ ਤੋਂ ਨਿਜਾਤ ਪਾ ਸਕਣ।
ਅੱਜ ਸਵੇਰੇ ਹੀ ਇੱਕ ਵੱਡਾ ਟਰੱਕ ਜਿਸ ਵਿੱਚ ਮੋਟਰਸਾਈਕਲ ਅਤੇ ਸਕੂਟਰ ਲੱਦ ਕੇ ਦੂਸਰੀ ਜਗ੍ਹਾ ਪਹੁੰਚਾਏ ਗਏ ਅਤੇ ਜਗ੍ਹਾ ਖਾਲੀ ਕਰ ਦਿੱਤੀ ਗਈ। ਇਸ ਤੇ ਮਾਰਕੀਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਕਮਿਸ਼ਨਰ ਪੁਲਿਸ ਲੁਧਿਆਣਾ ਦਾ ਅਤੇ ਐਸਐਚਓ ਮਾਡਲ ਟਾਊਨ ਦਾ ਧੰਨਵਾਦ ਕੀਤਾ ।