ਬਾਗਬਾਨੀ ਵਿਭਾਗ ਵੱਲੋਂ ਮਲਕਪੁਰ ਵਿਖੇ ਬਾਗਬਾਨੀ ਵਿਭਾਗ ਦੀਆਂ ਸਕੀਮਾਂ ਬਾਰੇ ਜਾਗਰੂਕ ਕੈਂਪ
ਹਰਜਿੰਦਰ ਸਿੰਘ ਭੱਟੀ
ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 11 ਜੁਲਾਈ 2025 - ਬਾਗਬਾਨੀ ਵਿਭਾਗ, ਜ਼ਿਲ੍ਹਾ ਐੱਸ.ਏ.ਐੱਸ. ਨਗਰ ਵੱਲੋਂ ਬਲਾਕ ਡੇਰਾਬੱਸੀ ਦੇ ਪਿੰਡ ਮਲਕਪੁਰ ਵਿਖੇ ਇਸ ਵਿਭਾਗ ਨਾਲ ਸਬੰਧਤ ਸਕੀਮਾਂ ਬਾਰੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਕੌਮੀ ਬਾਗਬਾਨੀ ਮਿਸ਼ਨ ਸਕੀਮ ਤਹਿਤ ਨਵੀਆਂ ਗਾਈਡਲਾਈਨਜ਼ ਸਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਕਿ ਉਹ ਰਵਾਇਤੀ ਫਸਲਾਂ ਤੋਂ ਹੱਟ ਕੇ ਬਾਗਬਾਨੀ ਅਪਣਾਉਂਦੇ ਹੋਏ ਵਧੇਰੇ ਮੁਨਾਫਾ ਕਮਾ ਸਕਦੇ ਹਨ । ਧਰਤੀ ਹੇਠਲੇ ਪਾਣੀ ਦਾ ਮਿਆਰ ਦਿਨ ਪ੍ਰਤੀ ਦਿਨ ਨੀਵਾਂ ਹੁੰਦਾ ਜਾ ਰਿਹਾ ਹੈ, ਸੋ ਇਸ ਨੂੰ ਨਜਿਠਣ ਲਈ ਬਾਗਬਾਨੀ ਦੀ ਅਹਿਮ ਭੂਮਿਕਾ ਹੈ। ਕਿਉਂਕਿ ਬਾਗਬਾਨੀ ਨਾਲ ਸੰਬਧਤ ਫਸਲਾਂ ਕਣਕ, ਝੋਨੇ ਦੀ ਬਜਾਏ ਘੱਟ ਪਾਣੀ ਨਾਲ ਪੈਦਾ ਕੀਤੀਆਂ ਜਾ ਸਕਦੀਆਂ ਹਨ ਅਤੇ ਮੁਨਾਫਾ ਵੀ ਵਧੇਰੇ ਖਟਿਆ ਜਾ ਸਕਦਾ ਹੈ।
ਨਰਿੰਦਰਬੀਰ ਸਿੰਘ ਮਾਨ, ਉਪ ਡਾਇਰੈਕਟਰ ਬਾਗਬਾਨੀ, ਐੱਸ.ਏ.ਐੱਸ. ਨਗਰ ਵੱਲੋਂ ਦੱਸਿਆ ਗਿਆ ਕਿ ਇਸ ਵਿਭਾਗ ਵਿਖੇ ਕੌਮੀ ਬਾਗਬਾਨੀ ਮਿਸ਼ਨ ਸਕੀਮ ਅਤੇ ਸਟੇਟ ਪਲਾਨ ਸਕੀਮ ਤਹਿਤ ਵੱਖ-ਵੱਖ ਮੱਦਾਂ ਜਿਵੇਂ ਕਿ ਨਵੇਂ ਬਾਗ, ਹਾਈਬ੍ਰਿਡ ਸਬਜੀਆਂ ਦੀ ਕਾਸ਼ਤ, ਸੁਰੱਖਿਅਤ ਖੇਤੀ, ਬਾਗਾਂ ਲਈ ਮਸ਼ੀਨਰੀ, ਛੋਟੇ ਟਰੈਕਟਰ, ਪਾਵਰ ਟਿੱਲਰ, ਸਪਰੇ ਪੰਪ, ਖੁੰਬਾਂ ਦੀ ਕਾਸ਼ਤ, ਮੱਧੂ ਮੱਖੀਆਂ ਦਾ ਧੰਦਾ, ਕੋਲਡ ਸਟੋਰੇਜ਼ ਆਦਿ ਉਪਰ 35-50% ਤੱਕ ਸਬਸਿਡੀ ਮੁਹੱਇਆ ਕਰਵਾਈ ਜਾਂਦੀ ਹੈ।
ਇਸ ਮੌਕੇ ਸ਼੍ਰੀ ਕੋਮਲਪ੍ਰੀਤ ਸਿੰਘ, ਬਾਗਬਾਨੀ ਵਿਕਾਸ ਅਫਸਰ, ਖਰੜ੍ਹ ਵੱਲੋਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਬਾਗਬਾਨੀ ਅਪਣਾਉਂਦੇ ਹੋਏ ਵੱਧ ਤੋਂ ਵੱਧ ਇਨਾਂ ਸਕੀਮਾਂ ਦਾ ਲਾਭ ਉਠਾਇਆ ਜਾਵੇ ਤਾਂ ਜੋ ਛੋਟੇ ਅਤੇ ਸੀਮਾਂਤ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁਕਿਆ ਜਾ ਸਕੇ।
ਬਲਾਕ ਡੇਰਾਬੱਸੀ ਦੇ ਖੁੰਬ ਕਾਸ਼ਤਕਾਰਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਤਾਂ ਜੋ ਉਨ੍ਹਾਂ ਦਾ ਢੁਕਵਾਂ ਹੱਲ ਕੱਢਿਆ ਜਾ ਸਕੇ । ਇਸ ਮੌਕੇ ਸ਼੍ਰੀਮਤੀ ਅਮਨਪ੍ਰੀਤ ਕੌਰ, ਬਾਗਬਾਨੀ ਵਿਕਾਸ ਅਫਸਰ, ਡੇਰਾਬੱਸੀ, ਸ਼੍ਰੀਮਤੀ ਕਮਲਪ੍ਰੀਤ ਕੌਰ, ਬਾਗਬਾਨੀ ਵਿਕਾਸ ਅਫਸਰ, ਕੁਰਾਲੀ ਅਤੇ ਬਾਕੀ ਸਹਾਇਕ ਸਟਾਫ ਵੀ ਹਾਜ਼ਰ ਸੀ। ਇਸ ਤੋਂ ਇਲਾਵਾ ਭੂਮੀ ਅਤੇ ਜਲ ਸੰਭਾਲ ਵਿਭਾਗ, ਪਸ਼ੂ ਪਾਲਣ ਵਿਭਾਗ, ਖੇਤੀਬਾੜੀ ਵਿਭਾਗ ਦੇ ਨੁਮਾਇੰਦਿਆਂ ਵੱਲੋਂ ਆਪਣੇ ਵਿਭਾਗ ਨਾਲ ਸਬੰਧਤ ਕਿਸਾਨ ਹਿੱਤ ਦੀਆਂ ਸਕੀਮਾਂ ਸਬੰਧੀ ਪ੍ਰਚਾਰ ਕੀਤਾ ਗਿਆ ।