← ਪਿਛੇ ਪਰਤੋ
ਚਿੱਟਾ ਕੁਈਨ ਅਮਨਦੀਪ ਦੇ ਦੋਸਤ ਸੋਨੂੰ ਦਾ ਪੁਲਿਸ ਨੂੰ ਮਿਲਿਆ ਤਿੰਨ ਦਿਨ ਦਾ ਰਿਮਾਂਡ
ਅਸ਼ੋਕ ਵਰਮਾ
ਬਠਿੰਡਾ ,22 ਅਪ੍ਰੈਲ 2024 : ਕਾਲੀ ਥਾਰ ’ਚ ਚਿੱਟੇ ਸਮੇਤ ਗ੍ਰਿਫਤਾਰ ਬਰਖਾਸਤ ਹੈਡ ਕਾਂਸਟੇਬਲ ਅਮਨਦੀਪ ਕੌਰ ਵਾਸੀ ਚੱਕ ਫਤਿਹ ਸਿੰਘ ਵਾਲੇ ਦੇ ਦੋਸਤ ਬਲਵਿੰਦਰ ਸਿੰਘ ਉਰਫ ਸੋਨੂੰ ਦਾ ਪੁਲਿਸ ਨੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਜਿਸ ਦੌਰਾਨ ਪੁਲਿਸ ਸੋਨੂੰ ਤੋਂ ਨਸ਼ਾ ਤਸਕਰੀ ਨਾਲ ਜੁੜੀਆਂ ਤੰਦਾਂ ਨੂੰ ਤਲਾਸ਼ਣ ਦੀ ਕੋਸ਼ਿਸ਼ ਕਰੇਗੀ। ਪੁਲਿਸ ਨਸ਼ਾ ਤਸਕਰੀ ਦੇ ਇਸ ਗੋਰਖਧੰਦੇ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਅਦਾਲਤ ਤੋਂ ਅਮਨਦੀਪ ਦਾ ਇੱਕ ਵਾਰ ਫਿਰ ਤੋਂ ਰਿਮਾਂਡ ਹਾਸਲ ਕਰਕੇ ਦੋਵਾਂ ਤੋਂ ਵੱਖ ਵੱਖ ਅਤੇ ਆਹਮੋ ਸਾਹਮਣੇ ਬਿਠਾਕੇ ਵੀ ਪੁੱਛਗਿਛ ਕਰ ਸਕਦੀ ਹੈ। ਬਲਵਿੰਦਰ ਸਿੰਘ ਸੋਨੂੰ ਨੂੰ ਸੀਆਈਏ ਸਟਾਫ ਦੀ ਟੀਮ ਨੇ 18 ਦਿਨਾਂ ਦੀ ਕਰੜੀ ਮੁਸ਼ੱਕਤ ਤੋਂ ਬਾਅਦ ਸੋਮਵਾਰ ਨੂੰ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਸੀ। ਸੋਨੂੰ ਆਪਣੀ ਪਤਨੀ ਗੁਰਮੇਲ ਕੌਰ ਉਰਫ ਗਗਨ ਦੀ ਕੁੱਟਮਾਰ ਕਰਨ ਤੋਂ ਬਾਅਦ ਫਰਾਰ ਹੋ ਗਿਆ ਸੀ। ਅਮਨਦੀਪ ਵੱਲੋਂ ਪੁਲਿਸ ਰਿਮਾਂਡ ਦੌਰਾਨ ਕੀਤੇ ਖੁਲਾਸਿਆਂ ਮਗਰੋਂ ਪੁਲਿਸ ਨੇ ਬਲਵਿੰਦਰ ਸਿੰਘ ਉਰਫ ਸੋਨੂੰ ਨੂੰ 3 ਅਪ੍ਰੈਲ ਨੂੰ ਅਮਨਦੀਪ ਕੌਰ ਖਿਲਾਫ ਦਰਜ ਕੇਸ ਵਿੱਚ ਦੋਸ਼ੀ ਵਜੋਂ ਨਾਮਜਦ ਕੀਤਾ ਸੀ। ਥਾਣਾ ਕੈਂਟ ਦੇ ਮੁੱਖ ਥਾਣਾ ਅਫਸਰ ਹਰਜੀਵਨ ਸਿੰਘ ਨੇ ਦੱਸਿਆ ਕਿ ਅਦਾਲਤ ’ਚ ਪੇਸ਼ ਕਰਕੇ ਬਲਵਿੰਦਰ ਸਿੰਘ ਉਰਫ ਸੋਨੂੰ ਦਾ 7 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਤਿੰਨ ਦਾ ਰਿਮਾਂਡ ਦਿੱਤਾ ਹੈ। ਮੁੱਖ ਥਾਣਾ ਅਫਸਰ ਨੇ ਇਸ ਮਾਮਲੇ ’ਚ ਕੋਈ ਹੋਰ ਪ੍ਰਤੀਕਿਰਿਆ ਦੇਣ ਤੋਂ ਪੂਰੀ ਤਰਾਂ ਟਾਲਾ ਵੱਟਿਆ ਅਤੇ ਪੱਤਰਕਾਰਾਂ ਦੇ ਹਰ ਸਵਾਲ ਨੂੰ ਜਾਂਚ ਨਾਲ ਜੋੜਕੇ ਬਾਅਦ ’ਚ ਦੱਸਣ ਬਾਰੇ ਕਿਹਾ ਗਿਆ। ਹਾਲਾਂਕਿ ਪੁਲਿਸ ਕਿਸੇ ਕਿਸਮ ਦਾ ਖੁਲਾਸਾ ਕਰਨ ਤੋ ਗੁਰੇਜ਼ ਕਰਦੀ ਦਿਖਾਈ ਦਿੱਤੀ ਪਰ ਅਧਿਕਾਰੀਆਂ ਨੂੰ ਅਹਿਮ ਜਾਣਕਾਰੀ ਮਿਲਣ ਦੀ ਉਮੀਦ ਹੈ ਜੋ ਇਸ ਕੇਸ ਨੂੰ ਨਵਾਂ ਮੋੜ ਦੇਣ ਵਾਲੀ ਸਾਬਤ ਹੋ ਸਕਦੀ ਹੈ।ਦੱਸਣਯੋਗ ਹੈ ਕਿ ਅਮਨਦੀਪ ਕੌਰ ਨੂੰ ਐਂਟੀ ਨਾਰਕੋਟਿਕਸ ਟਾਸਕ ਫੋਰਸ ਅਤੇ ਸਿਖਲਾਈ ਅਧੀਨ ਆਈਪੀਐਸ ਅਫਸਰ ਅਭਿਨਵ ਜੈਨ ਦੀ ਟੀਮ ਨੇ 3 ਅਪ੍ਰੈਲ ਨੂੰ 17 .71 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਦੀ ਅਮਨਦੀਪ ਕੌਰ ਤੋਂ ਪੁੱਛਗਿਛ ਦੌਰਾਨ ਸੋਨੂੰ ਦਾ ਨਾਮ ਸਾਹਮਣੇ ਆਇਆ ਸੀ। ਜਿਸ ਦਿਨ ਪੁਲਿਸ ਅਮਨਦੀਪ ਨੂੰ ਅਦਾਲਤ ’ਚ ਪੇਸ਼ ਕਰਨ ਲਈ ਲਿਆਈ ਤਾਂ ਮੌਕੇ ਤੇ ਸੋਨੂੰ ਦੀ ਪਤਨੀ ਗੁਰਮੇਲ ਕੌਰ ਵੀ ਪੁੱਜ ਗਈ ਜਿਸ ਨੇ ਆਪਣੇ ਪਤੀ ਤੇ ਅਮਨਦੀਪ ਨਾਲ ਮਿਲਕੇ ਚਿੱਟੇ ਦੀ ਤਸਕਰੀ ਕਰਨ ਦੇ ਦੋਸ਼ ਲਾਏ ਸਨ।
Total Responses : 0