← ਪਿਛੇ ਪਰਤੋ
Babushahi Special: ਨਗਰ ਨਿਗਮ ਵੱਲੋਂ ਠੇਕੇਦਾਰ ਲਈ ਖੱਟੀ ਦਾ ਸਾਧਨ ਬਣਾਈ ਪੀਲੀ ਪੱਟੀ ਮੇਅਰ ਦੇ ਦਖਲ ਪਿੱਛੋਂ ਹਟੀ
ਅਸ਼ੋਕ ਵਰਮਾ
ਬਠਿੰਡਾ,22 ਅਪ੍ਰੈਲ 2025: ਨਗਰ ਨਿਗਮ ਬਠਿੰਡਾ ਵੱਲੋਂ ਮਲਟੀਸਟੋਰੀ ਪਾਰਕਿੰਗ ਦੇ ਠੇਕੇਦਾਰ ਨੂੰ ਕਥਿਤ ਤੌਰ ਤੇ ਲਾਹਾ ਖਟਾਉਣ ਅਤੇ ਆਪਣਾ ਖਜਾਨਾ ਭਰਨ ਦੇ ਨਾਲ ਨਾਲ ਆਮ ਆਦਮੀ ਦੀਆਂ ਜੇਬਾਂ ਕੱਟਣ ਲਈ ਕਈ ਬਜ਼ਾਰਾਂ ’ਚ ਤੰਗ ਕੀਤੀ ਪੀਲੀ ਪੱਟੀ ਦੇ ਮਾਮਲੇ ਵਿੱਚ ਮੇਅਰ ਪਦਮਜੀਤ ਸਿੰਘ ਮਹਿਤਾ ਦੇ ਦੌਰੇ ਤੋਂ ਬਾਅਦ ਪਹਿਲਾਂ ਵਾਲੀ ਸਥਿਤੀ ’ਚ ਬਹਾਲ ਕਰ ਦਿੱਤੀ ਗਈ ਹੈ। ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਲਏ ਇਸ ਫੈਸਲੇ ਨਾਲ ਵੱਖ ਵੱਖ ਬਜ਼ਾਰਾਂ ਵਿੱਚ ਪੀਲੀ ਲਾਈਨ ਤੋਂ ਬਾਹਰ ਰਹਿ ਜਾਣ ਵਾਲੀ ਗੱਡੀਆਂ ਨੂੰ ਪਾਰਕਿੰਗ ਦੇ ਠੇਕੇਦਾਰ ਵੱਲੋਂ ਟੋਅ ਕਰਨ ਮੌਕੇ ਨਿੱਤ ਦਿਨ ਹੋਣ ਵਾਲੀਆਂ ਝੜਪਾਂ ਤੋਂ ਰਾਹਤ ਮਿਲਣ ਦੀ ਉਮੀਦ ਹੈ। ਨਗਰ ਨਿਗਮ ਨੇ ਅੱਜ ਤੰਗ ਕੀਤੀ ਪੀਲੀ ਪੱਟੀ ਬਾਹਰ ਮਿਣਤੀ ਮਗਰੋਂ ਨਵੀਂ ਪੀਲੀ ਲਾਈਨ ਲਾ ਦਿੱਤੀ ਹੈ। ਦੇਖਿਆ ਗਿਆ ਕਿ ਅੱਜ ਬਜ਼ਾਰ ਵਿੱਚ ਮੋਟਰਸਾਈਕਲ ਅਤੇ ਕਾਰਾਂ ਪੀਲੀ ਲਾਈਨ ਦੇ ਅੰਦਰ ਖਲੋਤੀਆਂ ਸਨ ਜੋ ਪਹਿਲਾਂ ਬਾਹਰ ਰਹਿ ਜਾਂਦੀਆਂ ਸਨ। ਇੱਥੇ ਇਹ ਵੀ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਮਲਟੀਸਟੋਰੀ ਪਾਰਕਿੰਗ ਦੇ ਠੇਕੇ ਅਨੁਸਾਰ ਪੀਲੀ ਲਾਈਨ ਦੇ ਅੰਦਰੋਂ ਗੱਡੀਆਂ ਚੁੱਕਣ ਦੀ ਮਨਾਹੀ ਕੀਤੀ ਗਈ ਹੈ। ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਰਤਾ ਪਿਛਾਂਹ ਚੱਲਦੇ ਹਾਂ ਜਦੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਰੱਖੇ ਨੀਂਹ ਪੱਥਰ ਤੇ ਕਾਂਗਰਸ ਸਰਕਾਰ ਆਉਣ ਮਗਰੋਂ ਤੱਤਕਾਲੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਪਹਿਲਕਦਮੀ ਸਦਕਾ ਬਠਿੰਡਾ ਦੇ ਬਜ਼ਾਰਾਂ ਅਤੇ ਸੜਕਾਂ ਆਦਿ ਤੋਂ ਟਰੈਫਿਕ ਦੋ ਬੋਝ ਘੱਟ ਕਰਨ ਲਈ ਮਾਲ ਰੋਡ ਤੇ ਮਲਟੀਸਟੋਰੀ ਪਾਰਕਿੰਗ ਬਣਾਈ ਸੀ। ਜਦੋਂ ਪਾਰਕਿੰਗ ਦਾ ਠੇਕਾ ਦਿੱਤਾ ਗਿਆ ਤਾਂ ਕੁੱਝ ਸ਼ਰਤਾਂ ਤੈਅ ਹੋਈਆਂ ਸਨ ਅਤੇ ਜਿੰਨ੍ਹਾਂ ਬਜ਼ਾਰਾਂ ਚੋਂ ਗੱਡੀਆਂ ਚੁੱਕੀਆਂ ਜਾ ਸਕਦੀਆਂ ਸਨ ਉਨ੍ਹਾਂ ਦੀ ਨਿਸ਼ਾਨਦੇਹੀ ਵੀ ਕੀਤੀ ਗਈ ਸੀ। ਮਈ ਅਤੇ ਜੁਲਾਈ 2024 ਦੌਰਾਨ ਜਦੋਂ ਬਜ਼ਾਰਾਂ ਚੋਂ ਗੱਡੀਆਂ ਚੁੱਕੀਆਂ ਜਾਣ ਲੱਗੀਆਂ ਤਾਂ ਵਪਾਰੀ ਧਿਰਾਂ ਨੇ ਕਾਰੋਬਾਰ ਨੁਕਸਾਨੇ ਜਾਣ ਦੇ ਮੱਦੇਨਜ਼ਰ ਵਿਰੋਧ ਜਤਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਮਾਮਲੇ ਨੇ ਐਨਾ ਤੂਲ ਫੜ ਲਿਆ ਕਿ ਵਪਾਰ ਮੰਡਲ ਦੇ ਸੱਦੇ ਅਤੇ ਇਸ ਮੁੱਦੇ ਤੇ ਬਣੀ ਸੰਘਰਸ਼ ਕਮੇਟੀ ਨੇ ਅਜਾਦੀ ਦਿਵਸ ਵਾਲੇ ਦਿਨ 15 ਅਗਸਤ 2024 ਨੂੰ ਬਠਿੰਡਾ ਬੰਦ ਕਰਕੇ ਧਰਨਾ ਦਿੱਤਾ ਸੀ। ਇਸ ਤੋਂ ਬਾਅਦ ਨਗਰ ਨਿਗਮ ਦੇ ਜਰਨਲ ਹਾਊਸ ਦੀ ਮੀਟਿੰਗ ਦੌਰਾਨ ਚਰਚਾ ਤੋਂ ਮਗਰੋਂ ਮੁੱਦਾ ਇਸ ਸਿੱਟੇ ’ਤੇ ਅੱਪੜਿਆ ਕਿ ਕਾਨੂੰਨੀ ਨਜ਼ਰੀਏ ਤੋਂ ਨਿਸ਼ਚਿਤ ਸਮੇਂ ਤੋਂ ਪਹਿਲਾਂ ਪਾਰਕਿੰਗ ਦਾ ਠੇਕਾ ਤਾਂ ਰੱਦ ਨਹੀਂ ਕੀਤਾ ਜਾ ਸਕਦਾ ਪਰ ਟੋਅ ਦਾ ਕੰਮ ਨਿਗਮ ਭਵਿੱਖ ’ਚ ਆਪਣੇ ਕਰਮਚਾਰੀਆਂ ਦੀ ਨਿਗਰਾਨੀ ’ਚ ਕਰੇਗਾ। ਇਹ ਵੀ ਫ਼ੈਸਲਾ ਹੋਇਆ ਕਿ ਅਣਜਾਣ ਲੋਕਾਂ ਨੂੰ ਸੂਚਨਾ ਦੇਣ ਲਈ ਸ਼ਹਿਰ ’ਚ ਬੋਰਡ ਲਾਏ ਜਾਣਗੇ ਅਤੇ ਬਹੁਮੰਜ਼ਿਲੀ ਪਾਰਕਿੰਗ ਦੇ ਨਜ਼ਦੀਕ ਫਾਇਰ ਬ੍ਰਿਗੇਡ ਚੌਕ ’ਚ ਬਿਜਲੀ ਨਾਲ ਚੱਲਣ ਵਾਲਾ ਡਿਜੀਟਲ ਸੂਚਨਾ ਬੋਰਡ ਵੀ ਚੌਵੀ ਘੰਟੇ ਚਾਲੂ ਰੱਖਿਆ ਜਾਵੇਗਾ। ਗ਼ਲਤ ਪਾਰਕਿੰਗ ਦੀ ਸ਼ਨਾਖ਼ਤ ਲਈ ਬਾਜ਼ਾਰਾਂ ਵਿੱਚ ਕੈਮਰੇ ਲਾਉਣ ਦਾ ਫ਼ੈਸਲਾ ਹੋਇਆ ਸੀ। ਇਸ ਨੂੰ ਸਿਤਮਜ਼ਰੀਫੀ ਹੀ ਕਿਹਾ ਜਾ ਸਕਦਾ ਹੈ ਕਿ ਨਗਰ ਨਿਗਮ ਤੇ ਉਸ ਵਕਤ ਕਾਬਜ ਧਿਰ ਨੇ ਮੀਟਿੰਗ ’ਚ ਹੋਏ ਫੈਸਲਿਆਂ ਨੂੰ ਮੁਕੰਮਲ ਰੂਪ ’ਚ ਲਾਗੂ ਕਰਨ ਦੀ ਥਾਂ ਬਜ਼ਾਰਾਂ ਵਿੱਚ ਪੀਲੀ ਪੱਟੀ ਹੀ ਤੰਗ ਕਰ ਦਿੱਤੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਨਗਰ ਨਿਗਮ ਦੀ ਟੋਅ ਵੈਨ ਬਿਨਾਂ ਕਿਸੇ ਰੋਕ ਟੋਕ ਦੇ ਗੱਡੀਆਂ ਚੁੱਕਣ ਲੱਗ ਪਈ ਜਿਸ ਦਾ ਅਸਰ ਬਜ਼ਾਰਾਂ ’ਚ ਗਾਹਕਾਂ ਦੇ ਆਉਣ ਤੋਂ ਕੰਨੀ ਕਤਰਾਉਣ ਦੇ ਰੂਪ ’ਚ ਨਿਕਲਿਆ। ਅੱਜ ਵੀ ਇੱਕ ਬਜਾਰ ਦੇ ਕੁੱਝ ਕਾਰੋਬਾਰੀਆਂ ਨੇ ਦੱਸਿਆ ਕਿ ਟੋਅ ਹੋਣ ਦੇ ਡਰੋਂ ਗਾਹਕ ਕਾਰਾਂ ਆਦਿ ਲਿਆਉਣੋ ਹਟ ਗਏ ਅਤੇ ਗਾਹਕ ਨਾਂ ਆਉਣ ਕਾਰਨ ਦੁਕਾਨਦਾਰੀ ਵੀ ਬੁਰੀ ਤਰਾਂ ਪ੍ਰਭਾਵਿਤ ਹੋਣ ਲੱਗੀ ਹੈ ਜਿਸ ਨੂੰ ਲੀਹ ਤੇ ਆਉਣ ’ਚ ਕਾਫੀ ਵਕਤ ਲੱਗੇਗਾ। ਉਨ੍ਹਾਂ ਨੇ ਮੇਅਰ ਪਦਮਜੀਤ ਸਿੰਘ ਮਹਿਤਾ ਦਾ ਵੀ ਧੰਨਵਾਦ ਕੀਤਾ ਹੈ ਜਿੰਨ੍ਹਾਂ ਪੀਲੀ ਲਾਈਨ ਸਹੀ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਅੱਖਾਂ ਵਾਲਿਆਂ ਨੂੰ ਨਹੀਂ ਦਿਸੇ ਦੁੱਖ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਬੇਸ਼ੱਕ ਨਗਰ ਨਿਗਮ ਦੇ ਕਮਿਸ਼ਨਰ ਅਜੇ ਅਰੋੜਾ ਅੱਖਾਂ ਦੇ ਪੱਖ ਤੋਂ ਕੁਦਰਤ ਦੇ ਸ਼ਿਕਾਰ ਹਨ ਪਰ ਜਿਸ ਢੰਗ ਨਾਲ ਉਨ੍ਹਾਂ ਨੇ ਵਪਾਰੀਆਂ ਦੇ ਦਰਦ ਨੂੰ ਮਹਿਸੂਸ ਕਰਕੇ ਕਰਵਾਈ ਕਰਦਿਆਂ ਧੱਕੇ ਦਾ ਸਬੱਬ ਪੀਲੀ ਲਾਈਨ ਦਰੁਸਤ ਕਰਵਾਈ ਹੈ ਉਸ ਲਈ ਉਹ ਕਮਿਸ਼ਨਰ ਨੂੰ ਸੈਲੂਟ ਕਰਦੇ ਹਨ। ਸ੍ਰੀ ਮਹੇਸ਼ਵਰੀ ਨੇ ਕਿਹਾ ਕਿ ਉਨ੍ਹਾਂ ਨੇ ਪੀਲੀ ਲਾਈਨ ਤੰਗ ਕਰਨ ਦੇ ਸਬੰਧ ’ਚ ਸ਼ਕਾਇਤ ਦੇਣ ਤੋਂ ਬਾਅਦ ਕਈ ਅਫਸਰਾਂ ਨੂੰ ਮਿਲੇ ਸਨ ਪਰ ਅੱਖਾਂ ਹੁੰਦਿਆਂ ਕਿਸੇ ਨੂੰ ਵੀ ਵਪਾਰੀਆਂ ਦੇ ਦੁੱਖ ਨਜ਼ਰ ਨਹੀਂ ਆਏ ਜਦੋਂਕਿ ਮੌਜੂਦਾ ਕਮਿਸ਼ਨਰ ਬਿਨਾਂ ਦੇਖਿਆਂ ਹੀ ਸਭ ਕੁੱਝ ਸਮਝ ਗਏ ਹਨ। ਵਪਾਰੀਆਂ ਨੂੰ ਰਾਹਤ ਦੀ ਉਮੀਦ ਵਪਾਰ ਮੰਡਲ ਦੇ ਪ੍ਰਧਾਨ ਜੀਵਨ ਗੋਇਲ ਦਾ ਕਹਿਣਾ ਸੀ ਕਿ ਪੀਲੀ ਪੱਟੀ ਸਹੀ ਹੋਣ ਨਾਲ ਕਾਰਾਂ ਟੌਅ ਕਰਨ ਮੌਕੇ ਹੁੰਦੇ ਕਲੇਸ਼ ਤੋ ਖਹਿੜਾ ਛੁੱਟਣ ਦੀ ਆਸ ਬੱਝੀ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਦੇ ਵਪਾਰ ਮੰਡਲ ਵੀ ਹੱਕ ਵਿੱਚ ਹੈ ਪਰ ਇੱਥੇ ਤਾਂ ਦਿਨ ਹੀ ਧੱਕੇਸ਼ਾਹੀ ਨਾਲ ਚੜ੍ਹਦਾ ਸੀ। ਉਨ੍ਹਾਂ ਇਸ ਮਾਮਲੇ ’ਚ ਕਮਿਸ਼ਨਰ ਨਗਰ ਨਿਗਮ ਅਤੇ ਮੇਅਰ ਪਦਮਜੀਤ ਸਿੰਘ ਮਹਿਤਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
Total Responses : 0