ਜਲ ਸਪਲਾਈ ਸਕੀਮਾਂ ਪੰਚਾਇਤਾਂ ਨੂੰ ਦੇਣ ਵਿਰੁੱਧ ਫੀਲਡ ਮੁਲਾਜ਼ਮਾਂ ਨੇ ਵਿਭਾਗ ਦੇ ਦਫ਼ਤਰ ਅੱਗੇ ਲਾਇਆ ਧਰਨਾ
ਅਸ਼ੋਕ ਵਰਮਾ
ਬਠਿੰਡਾ, 22 ਅਪ੍ਰੈਲ 2025 :ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੇਂਡੂ ਜਲ ਸਪਲਾਈਆਂ(ਵਾਟਰ ਵਰਕਸ) ਨੂੰ ਪੰਚਾਇਤਾਂ ਦੇ ਹਵਾਲੇ ਕਰਨ ਦੇ ਫੈਸਲੇ ਦੇ ਵਿਰੁੱਧ ਪੀ ਡਬਲਿਯੂ ਡੀ ਫੀਲਡ ਐਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਤਹਿਤ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਮੌੜ ਦੀ ਪ੍ਰਧਾਨਗੀ ਹੇਠ ਕਾਰਜਕਾਰੀ ਇੰਜੀਨੀਅਰ ਨੰ: 2 ਅਤੇ 3 ਜਲ ਸਪਲਾਈ ਤੇ ਸੈਨੀਟੇਸ਼ਨ ਦੇ ਦਫ਼ਤਰ ਬਠਿੰਡਾ ਵਿਖੇ ਧਰਨਾ ਲਾਉਣ ਤੋਂ ਬਾਅਦ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ ਗਿਆ ।ਇਸ ਮੌਕੇ ਜਥੇਬੰਦੀ ਦੇ ਜਿਲ੍ਹਾ ਪੈ੍ਸ ਸਕੱਤਰ ਗੁਰਮੀਤ ਸਿੰਘ ਭੋਡੀਪੁਰਾ ਤੇ ਜਨਰਲ ਸਕੱਤਰ ਦਰਸ਼ਨ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆ ਮੁਲਾਜ਼ਮ ਮਾਰੂ ਨੀਤੀਆ ਦਾ ਮੋੜਾ ਦੇਣ ਲਈ ਸੰਘਰਸ਼ਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਸੂਬਾ ਸਰਕਾਰ ਜਲ ਸਪਲਾਈ ਨੂੰ ਲੈ ਕੇ ਆਪਣੀ ਜਿੰਮੇਵਾਰੀ ਪੰਚਾਇਤਾ ਦੇ ਸਿਰ ਮੜ੍ਹ ਰਹੀ ਹੈ ਅਤੇ ਉੱਚ ਅਧਿਕਾਰੀ ਜਲ ਸਪਲਾਈ ਸਕੀਮਾਂ ਧੜਾ ਧੜ ਪੰਚਾਇਤਾਂ ਹਵਾਲੇ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਇਸ ਨਾਲ ਵਿਭਾਗ ਦੀਆ ਖਾਲੀ ਪਈਆ ਕਈ ਪੋਸਟਾਂ ਖਤਮ ਕੀਤੀਆਂ ਜਾ ਰਹੀਆ ਹਨ। ਉਨ੍ਹਾ ਕਿਹਾ ਕਿ ਵਿਭਾਗ ਦੇ ਉੱਚ ਅਧਿਕਾਰੀ ਆਪਣੇ ਅਧਿਕਾਰਾ ਦਾ ਗ਼ਲਤ ਇਸਤੇਮਾਲ ਕਰਕੇ ਮੁਲਾਜ਼ਮ ਮਾਰੂ ਨੀਤੀਆ ਲਾਗੂ ਕਰ ਰਹੇ ਹਨ। ਆਗੂਆਂ ਨੇ ਜਲ ਸਪਲਾਈ ਸਕੀਮਾਂ ਪੰਚਾਇਤਾਂ ਦੇ ਹਵਾਲੇ ਕਰਨ ਦਾ ਫੈਸਲਾ ਵਾਪਸ ਲੈਣ ਦੇ ਨਾਲ ਨਾਲ ਮੰਗ ਪੱਤਰਾਂ ਵਿੱਚ ਦਰਜ ਵੱਖ-ਵੱਖ ਮੰਗਾਂ ਪ੍ਰਵਾਨ ਕਰਨ ਦੀ ਮੰਗ ਕੀਤੀ।ਇਸ ਮੌਕੇ ਤੇ ਚੇਅਰਮੈਨ ਹਰਨੇਕ ਸਿੰਘ ਗਹਿਰੀ,ਧਰਮ ਸਿੰਘ ਕੋਠਾ ਗੁਰੂ, ਬਲਵਿੰਦਰ ਸਿੰਘ ਜੱਗਾ ਰਾਮ ਤੀਰਥ,ਕਿਸ਼ੋਰ ਚੰਦ ਗਾਜ,ਸੁਖਚੈਨ ਸਿੰਘ,ਕੁਲਵੰਤ ਸਿੰਘ ਬੁਰਜ ਥਰੋੜ,ਲਖਬੀਰ ਸਿੰਘ ਭਾਗੀਬਾਂਦਰ ,ਸਾਧੂ ਸਿੰਘ ਤਲਵੰਡੀ,ਗੁਰਜੰਟ ਸਿੰਘ ਮੌੜ,ਮਨਜੀਤ ਸਿੰਘ ਖੇਤੀ ਖੋਜ ਕੇਂਦਰ ਬਠਿੰਡਾ,ਹਰਪ੍ਰੀਤ ਸਿੰਘ,ਪੂਰਨ ਸਿੰਘ ਆਦਿ ਆਗੂਆਂ ਨੇ ਆਪਣੇ ਵਿਚਾਰ ਰੱਖਦਿਆਂ ਫੀਲਡ ਮੁਲਾਜ਼ਮਾਂ ਨੂੰ 22 ਤਰੀਕ ਹੋਣ ਦੇ ਬਾਵਜੂਦ ਤਨਖਾਹ ਨਾ ਮਿਲਣ ਦਾ ਮੁੱਦਾ ਚੁੱਕਿਆ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਤਨਖਾਹਾਂ ਨਾ ਦਿੱਤੀਆਂ ਤਾਂ ਸੰਘਰਸ਼ ਵਿੱਢਿਆ ਜਾਵੇਗਾ।