ਲੱਖੋਵਾਲ ਯੂਨੀਅਨ ਵੱਲੋਂ ਡੇਰਾਬੱਸੀ ਆਉਣ 'ਤੇ ਮੁੱਖ ਮੰਤਰੀ ਹਰਿਆਣਾ ਦੀ ਡੱਟ ਕੇ ਮੁਖਾਲਫ਼ਤ ਕਰਨ ਦਾ ਐਲਾਨ
ਮਲਕੀਤ ਸਿੰਘ ਮਲਕਪੁਰ
ਲਾਲੜੂ 22 ਅਪ੍ਰੈਲ 2025: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਡੇਰਾਬੱਸੀ ਦੀ ਇੱਕ ਮੀਟਿੰਗ ਕਰਮ ਸਿੰਘ ਬਰੌਲੀ ਬਲਾਕ ਪ੍ਰਧਾਨ ਡੇਰਾਬੱਸੀ ਦੀ ਅਗਵਾਈ ਹੇਠ ਜਥੇਬੰਦੀ ਦੇ ਮੁੱਖ ਦਫਤਰ ਨੇੜੇ ਟੋਲ ਪਲਾਜਾ ਦੱਪਰ ਵਿਖੇ ਹੋਈ , ਜਿਸ ਵਿੱਚ ਵੱਖ-ਵੱਖ ਮੁੱਦਿਆਂ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ ,ਜਿਸ ਵਿੱਚੋਂ ਇੱਕ ਅਹਿਮ ਮੁੱਦਾ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਨੂੰ ਲੈ ਕੇ ਵਿਚਾਰ ਚਰਚਾ ਦਾ ਰਿਹਾ। ਬਲਾਕ ਪ੍ਰਧਾਨ ਨੇ ਦੱਸਿਆ ਕਿ 26 ਅਪ੍ਰੈਲ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਡੇਰਾਬੱਸੀ ਕੰਟਰੀ ਸਾਈਡ ਪੈਲਸ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਗੇ।
ਕਰਮ ਸਿੰਘ ਨੇ ਕਿਹਾ ਕਿ ਲੰਘੇ ਕਿਸਾਨੀ ਸੰਘਰਸੀ ਸਮੇਂ ਦੌਰਾਨ ਕਿਸਾਨਾਂ ਨੂੰ ਹਰਿਆਣੇ ਦੀ ਭਾਜਪਾ ਸਰਕਾਰ ਵੱਲੋਂ ਹਰਿਆਣਾ ਵਿੱਚ ਦਾਖਿਲ ਨਹੀਂ ਹੋਣ ਦਿੱਤਾ ਸੀ, ਹਾਲਾਂਕਿ ਕਿਸਾਨਾਂ ਨੇ ਹਰਿਆਣੇ ਦੇ ਵਿੱਚ ਬਣੇ ਹੋਏ ਨੈਸ਼ਨਲ ਹਾਈਵੇ ਰਾਹੀਂ ਦਿੱਲੀ ਜਾਣਾ ਚਾਹੁੰਦੇ ਸਨ, ਪ੍ਰੰਤੂ ਹਰਿਆਣਾ ਦੀ ਬੀਜੇਪੀ ਸਰਕਾਰ ਵੱਲੋਂ ਕੇਂਦਰ ਦੇ ਇਸ਼ਾਰੇ ਉੱਤੇ ਕੌਮੀ ਮਾਰਗ ਉੱਤੇ ਵੱਡੇ -ਵੱਡੇ ਕੰਕਰੀਟ ਵਾਲੇ ਬੈਰੀਕੇਡ ਲਗਾ ਕੇ ਅਤੇ ਲੋਹੇ ਦੀਆਂ ਤਿੱਖੀਆਂ ਕਿਲਾਂ ਲਗਾ ਕੇ ਕਿਸਾਨਾਂ ਨੂੰ ਪੰਜਾਬ ਦੀ ਹੱਦ ਉੱਤੇ ਹੀ ਰੋਕ ਦਿੱਤਾ ਗਿਆ ਸੀ ਤਾਂ ਕਿ ਉਹ ਹਰਿਆਣਾ ਰਾਹੀ ਹੋ ਕੇ ਦਿੱਲੀ ਨਾ ਚਲੇ ਜਾਣ। ਕਰਮ ਸਿੰਘ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੂੰ ਕੰਟਰੀ ਸਾਈਡ ਵਿੱਚ ਹੋਣ ਵਾਲੇ ਪ੍ਰੋਗਰਾਮ ਦੇ ਨਾਲ ਕੋਈ ਕਿਸੇ ਕਿਸਮ ਦਾ ਮਲਾਲ ਨਹੀਂ ਅਤੇ ਨਾ ਹੀ ਕਿਸੇ ਹੋਰ ਵਿਅਕਤੀ ਵਿਸ਼ੇਸ਼ ਨਾਲ ਉਨ੍ਹਾਂ ਦੀ ਕੋਈ ਨਰਾਜ਼ਗੀ ਹੈ ।
ਉਨ੍ਹਾਂ ਕਿਹਾ ਕਿ ਯੂਨੀਅਨ ਸਿਰਫ ਮੁੱਖ ਮੰਤਰੀ ਹਰਿਆਣਾ ਨੂੰ ਇਹ ਚੀਜ਼ ਵਿਖਾਉਣ ਦੀ ਕੋਸ਼ਿਸ਼ ਕਰੇਗੀ, ਜਿਸ ਤਰਾਂ ਹਰਿਆਣਾ ਦੀ ਭਾਜਪਾ ਵੱਲੋਂ ਕਿਸਾਨਾਂ ਨੂੰ ਹਰਿਆਣਾ ਵਿੱਚ ਦਾਖਲ ਹੋਣ 'ਤੇ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਕੰਟਰੀ ਸਾਈਡ ਪੈਲਸ ਨੂੰ ਜਾਣ ਵਾਲੀ ਰੋਡ ਉਪਰ ਲੋਹੇ ਦੀਆਂ ਕਿੱਲਾਂ ਲਗਾ ਕੇ ਉਸ ਤਰ੍ਹਾਂ ਦਾ ਹੀ ਮਾਹੌਲ ਪੈਦਾ ਕੀਤਾ ਜਾਵੇਗਾ ,ਜਿਸ ਤਰਾਂ ਦਾ ਮਾਹੌਲ ਹਰਿਆਣਾ ਦੀ ਬੀਜੇਪੀ ਸਰਕਾਰ ਨੇ ਕਿਸਾਨਾਂ ਨੂੰ ਹਰਿਆਣੇ ਵਿੱਚ ਦਾਖਲ ਹੋਣ ਸਮੇਂ ਕੀਤਾ ਸੀ। ਕਰਮ ਸਿੰਘ ਨੇ ਕਿਹਾ ਕਿ ਯੂਨੀਅਨ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਨੂੰ ਸਵਾਲ ਕਰੇਗੀ ਅਤੇ ਉਨ੍ਹਾਂ ਤੋਂ ਸਵਾਲਾਂ ਦੇ ਜਵਾਬ ਲੈਣਗੇ, ਜੇਕਰ ਉਨ੍ਹਾਂ ਨੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਨਾ ਦਿੱਤਾ ਉਹ ਨਾਇਬ ਸਿੰਘ ਸੈਣੀ ਦਾ ਡੱਟ ਕੇ ਵਿਰੋਧ ਕਰਨਗੇ।
ਮੀਟਿੰਗ ਵਿੱਚ ਬਲਾਕ ਪ੍ਰਧਾਨ ਤੋਂ ਇਲਾਵਾ ਮਨਪ੍ਰੀਤ ਸਿੰਘ ਅਮਲਾਲਾ ਕਾਰਜਕਾਰੀ ਮੈਂਬਰ ਬੀਕੇਯੂ ਲੱਖੋਵਾਲ ਪੰਜਾਬ, ਕੁਲਦੀਪ ਸਿੰਘ ਸਰਸੀਣੀ, ਬਲਜੀਤ ਸਿੰਘ ਭਾਊ, ਜਗਤਾਰ ਸਿੰਘ ਝਾਰਮੜੀ ,ਹਰੀ ਸਿੰਘ ਬਹੋੜਾ, ਸਾਹਿਬ ਸਿੰਘ ਦੱਪਰ, ਹਰੀ ਸਿੰਘ ਰੰਗੀ, ਧਰਮਪਾਲ ਘੋਲੂ ਮਾਜਰਾ, ਰਣਜੀਤ ਸਿੰਘ ਰਾਣਾ ਭਗਵਾਨਪੁਰ, ਨਾਨੂੰ ਸਿੰਘ, ਕੇਹਰ ਸਿੰਘ ਚਡਿਆਲਾ, ਕਰਨੈਲ ਸਿੰਘ ਤੋਗਾਪੁਰ ,ਗੁਰਪਾਲ ਸਿੰਘ ਦੱਪਰ, ਪਰਮਜੀਤ ਸਿੰਘ ਦੱਪਰ ,ਬਖਸੀਸ ਸਿੰਘ ਭੱਟੀ , ਬਲਜਿੰਦਰ ਸਿੰਘ ਚਡਿਆਲਾ, ਮੋਹਨ ਸਿੰਘ ਕਸੌਲੀ ,ਦਰਸਨ ਸਿੰਘ ਫਤਿਹਪੁਰ, ਰਾਮ ਸਿੰਘ ਜੰਡਲੀ, ਸੁਰਜੀਤ ਸਿੰਘ ਅੰਬ ਛੱਪਾ, ਰਘਬੀਰ ਸਿੰਘ ਦੱਪਰ, ਛੱਜਾ ਸਿੰਘ ਦੱਪਰ, ਭਾਗ ਸਿੰਘ ਖੇੜੀ ਜੱਟਾਂ, ਜਗਤਾਰ ਸਿੰਘ ਜਵਾਹਰਪੁਰ, ਹਰੀ ਰਾਮ ਦੱਪਰ, ਹਰਬੰਸ ਸਿੰਘ ਧਨੌਨੀ, ਹਰਜੀਤ ਸਿੰਘ ਭਗਵਾਨਪੁਰ, ਹਰਪਾਲ ਸਿੰਘ ਚਾਂਦਹੇੜੀ ਸਮੇਤ ਕਿਸਾਨ ਹਾਜਰ ਸਨ।