ਤਰਨ ਤਾਰਨ : ਸਰਹੱਦੀ ਨਸ਼ਾ ਤਸਕਰੀ ਗਿਰੋਹ ਦੇ ਦੋ ਮੈਂਬਰ ਐਨਕਾਊਂਟਰ ਮਗਰੋਂ ਗ੍ਰਿਫਤਾਰ
ਬਲਜੀਤ ਸਿੰਘ
ਤਰਨ ਤਾਰਨ, 22 ਅਪ੍ਰੈਲ 2025 : ਤਰਨ ਤਾਰਨ ਪੁਲਿਸ ਨੇ ਸਰਹੱਦ ਪਾਰ ਤਸਕਰੀ ਚਲਾਉਣ ਵਾਲੇ ਇੱਕ ਗੰਭੀਰ ਨੈੱਟਵਰਕ ਖਿਲਾਫ ਵੱਡੀ ਸਫਲਤਾ ਹਾਸਲ ਕੀਤੀ ਹੈ। ਸੀਆਈਏ ਸਟਾਫ ਨੇ ਗੁਪਤ ਜਾਣਕਾਰੀ ਦੇ ਆਧਾਰ 'ਤੇ ਥਾਣਾ ਸਰਾਏ ਅਮਾਨਤ ਖਾਂ ਦੇ ਨਜ਼ਦੀਕ ਨਾਕਾਬੰਦੀ ਦੌਰਾਨ ਦੋ ਸ਼ੱਕੀ ਵਿਅਕਤੀਆਂ ਨੂੰ ਰੁਕਣ ਲਈ ਇਸ਼ਾਰਾ ਕੀਤਾ, ਪਰ ਉਨ੍ਹਾਂ ਵੱਲੋਂ ਪੁਲਿਸ 'ਤੇ ਗੋਲੀਆਂ ਚਲਾਈਆਂ ਗਈਆਂ।
ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਜਿਸ ਵਿੱਚ ਇੱਕ ਮੁਲਜ਼ਮ ਸੁਖਦੇਵ ਸਿੰਘ ਉਰਫ਼ ਦੇਵ ਦੇ ਲੱਤ 'ਚ ਗੋਲੀ ਲੱਗੀ। ਪੁਲਿਸ ਨੇ ਤੁਰੰਤ ਇੱਕ ਹੋਰ ਮੁਲਜ਼ਮ ਸਵਰਨ ਕੁਮਾਰ ਉਰਫ਼ ਘੋੜਾ ਸਮੇਤ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਘਟਨਾ ਦੇ ਤੁਰੰਤ ਬਾਅਦ ਜ਼ਖ਼ਮੀ ਮੁਲਜ਼ਮ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਦੋਹਾਂ ਵਿਅਕਤੀਆਂ ਕੋਲੋਂ ਦੋ ਗਲਾਕ ਪਿਸਤੌਲ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਹੋਈ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਇਹ ਦੋਵੇਂ ਵਿਅਕਤੀ ਆਈਐਸਆਈ ਪੱਧਰੀ ਨਸ਼ਾ-ਹਥਿਆਰ ਤਸਕਰੀ ਨੈੱਟਵਰਕ ਨਾਲ ਸੰਬੰਧਤ ਹੋ ਸਕਦੇ ਹਨ।
ਤਰਨ ਤਾਰਨ ਦੇ ਐਸਐਸਪੀ ਵਲੋਂ ਦੱਸਿਆ ਗਿਆ ਕਿ ਇਹ ਮੁਹਿੰਮ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਚਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਕੀਤੀ ਗਈ ਸੀ ਅਤੇ ਇਸ ਦੀ ਜਾਂਚ ਹੋਰ ਗਹਿਰੀ ਕੀਤੀ ਜਾ ਰਹੀ ਹੈ।