Babushahi Special: ਢੋਲ ਦੇ ਡੱਗਿਆਂ ਦੀ ਸਰਦਾਰੀ 'ਤੇ ਉੱਠਦੇ ਪੰਜਾਬੀਆਂ ਦੇ ਪੱਬ
ਅਸ਼ੋਕ ਵਰਮਾ
ਬਠਿੰਡਾ,15 ਫਰਵਰੀ 2025: ਸੰਗੀਤ ਦੀ ਦੁਨੀਆਂ ਤੇ ਛਾਏ ਵਿਦੇਸ਼ੀ ਸਾਜ਼ਾਂ ਦੇ ਬਾਵਜੂਦ ਭੰਗੜਾ ਪਾਉਣ ਲਈ ਪੰਜਾਬੀਆਂ ਦੇ ਪੱਬ ਸਿਰਫ ਢੋਲ ਤੇ ਡੱਗਾ ਲੱਗਣ ਤੇ ਹੀ ਉੱਠਦੇ ਹਨ। ਹਾਲਾਂਕਿ ਪਿਛਲੇ ਕੁੱਝ ਦਹਾਕਿਆਂ ਤੋਂ ਜਪਾਨ ਆਦਿ ਮੁਲਕਾਂ ਨੇ ਕਈ ਤਰਾਂ ਦੀਆਂ ਖੋਜਾਂ ਕਰਕੇ ਰਿਵਾਇਤੀ ਸਾਜ਼ਾਂ ਦਾ ਬਦਲ ਲੱਭਣ ’ਚ ਸਫਲਤਾ ਹਾਸਲ ਕੀਤੀ ਹੈ ਪਰ ਪੰਜਾਬੀ ਵਿਰਸੇ ਦੇ ਮੁਦਈ ਮੰਨੇ ਜਾਂਦੇ ‘ਢੋਲ’ ਦੀ ਥਾਪ ’ਤੇ ਰਤਾ ਵੀ ਅਸਰ ਨਹੀਂ ਪਿਆ ਹੈ। ਅੱਜ ਵੀ ਜਦੋਂ ਕਈ ਖੁਸ਼ੀ ਦਾ ਮੌਕਾ ਆਉਂਦਾ ਹੈ ਤਾਂ ਪੰਜਾਬੀ ਸਭ ਤੋਂ ਪਹਿਲਾਂ ਢੋਲ ਵਾਲਿਆਂ ਨੂੰ ਯਾਦ ਕਰਦੇ ਹਨ। ਏਧਰ ਢੋਲ ਵੱਜਿਆ ਤੇ ਨਾਲ ਦੀ ਨਾਲ ਹੀ ਮਹੌਲ ਤਬਦੀਲ ਹੋ ਜਾਂਦਾ ਹੈ। ਬਠਿੰਡਾ ਪੱਟੀ ’ਚ ਤਾਂ ਵਿਆਹ ਸਾਹੇ ਦੇ ਦਿਨਾਂ ਦੌਰਾਨ ਢੋਲੀਆਂ ਦੀ ਤੋਟ ਪੈ ਜਾਂਦੀ ਹੈ। ਭਾਵੇਂ ਢੋਲਾਂ ਦੀ ਸਰਦਾਰੀ ਬਰਕਰਾਰ ਹੈ ਪਰ ਮਹਿੰਗਾਈ ਦਾ ਡੰਗ ਵੀ ਢੋਲ ਦੀ ਅਵਾਜ਼ ਨੂੰ ਵੱਜਿਆ ਹੈ।
ਕਈ ਢੋਲ ਮਾਸਟਰ ਤਾਂ ਅਜਿਹੇ ਹਨ ਜੋ ਆਪਣੀ ਕਲਾ ਦੇ ਸਹਾਰੇ ਚੰਗੀ ਕਮਾਈ ਕਰ ਰਹੇ ਹਨ ਜਦੋਂਕਿ ਬਹੁਤਿਆਂ ਲਈ ਢੋਲ ਢਿੱਡ ਭਰਨ ਦਾ ਸਹਾਰਾ ਹੈ। ਮਾਲਵੇ ’ਚ ਇਸ ਵੇਲੇ ਤਕਰੀਬਨ ਦੋ ਦਰਜਨ ਢੋਲ ਮਾਸਟਰ ਅਜਿਹੇ ਹਨ ਜਿੰਨ੍ਹਾਂ ਨੇ ਤਾਂ ਆਪਣਾ ਸਿੱਕਾ ਜਮਾਇਆ ਹੋਇਆ ਹੈ। ਪੁਰਾਣੇ ਲੋਕ ਤਾਂ ਅੱਜ ਵੀ ਸਾਲ 2012 ਦੌਰਾਨ ਇਸ ਫਾਨੀ ਜਹਾਨ ਨੂੰ ਅਲਵਿਦਾ ਆਖ ਗਏ ਸੁੰਦਰ ਉਸਤਾਦ ਨੂੰ ਯਾਦ ਕਰਦੇ ਹਨ ਜਿੰਨ੍ਹਾਂ ਦੇ ਡੱਗਿਆ ਦਾ ਦੂਰ ਦੂਰ ਤੱਕ ਕੋਈ ਸਾਨੀ ਨਹੀਂ ਸੀ। ਦੱਸਦੇ ਹਨ ਕਿ ਜੇ ਸੁੰਦਰ ਉਸਤਾਦ ਆਪਣੀ ਆਈ ਤੇ ਆ ਜਾਂਦਾ ਤਾਂ ਘੋੜੀਆਂ ਵੀ ਨੱਚਣ ਲਾ ਦਿੰਦਾ ਸੀ ਇਨਸਾਨ ਨੂੰ ਨਚਾਉਣਾ ਤਾਂ ਉਸ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ ਸੀ। ਅੱਜ ਵੀ ਦਰਜਨਾਂ ਦੀ ਗਿਣਤੀ ਵਿੱਚ ਨੌਜਵਾਨ ਢੋਲ ਮਾਸਟਰ ਅਜਿਹੇ ਹਨ ਜਿੰਨ੍ਹਾਂ ਨੇ ਆਪਣੀ ਲਾਜਵਾਬ ਢੋਲ ਕਲਾ ਨਾਲ ਆਪਣਾ ਇੱਕ ਵੱਖਰਾ ਹੀ ਮੁਕਾਮ ਬਣਾਇਆ ਹੋਇਆ ਹੈ ।
ਢੋਲ ਬਨਾਉਣ ਲਈ ਖਾਸ ਲੱਕੜੀ
ਦਰਅਸਲ ਢੋਲ ਕਿਸੇ ਸਧਾਰਨ ਕਿਸਮ ਦੀ ਲੱਕੜੀ ਨਹੀਂ ਬਣਦਾ ਸਗੋਂ ਇਸ ਨੂੰ ਬਨਾਉਣ ਲਈ ਜਿਸ ਖੋਲ ਦੀ ਜਰੂਰਤ ਪੈਂਦੀ ਹੈ ਉਹ ਅਖਰੋਟ ਜਾਂ ਟਾਹਲੀ ਦੀ ਲੱਕੜ ਦਾ ਹੁੰਦਾ ਹੈ। ਇਹ ਖੋਲ ਜੰਮੂ ਦੇ ਕਈ ਇਲਾਕਿਆਂ ਤੋਂ ਇਲਾਵਾ ਮੁਰਾਦਾਬਾਦ ਜਿਲ੍ਹੇ ਦੇ ਅਮਰੋਹਾ ਖੇਤਰ ’ਚ ਵੀ ਤਿਆਰ ਕੀਤੇ ਜਾਂਦੇ ਹਨ। ਢੋਲ ਵਜਾਉਣ ਦੇ ਮਾਹਿਰਾਂ ਵੱਲੋਂ ਸਭ ਤੋਂ ਵਧੀਆ ਖੋਲ ਅਖਰੋਟ ਦਾ ਮੰਨਿਆਂ ਜਾਂਦਾ ਹੈ । ਜਦੋਂ ਇਸ ਲੱਕੜ ਦੀ ਕਿੱਲਤ ਬਣੀ ਤਾਂ ਹੁਣ ਹੋਰ ਵੀ ਕਈ ਕਿਸਮ ਦੀਆਂ ਲੱਕੜਾਂ ਖੋਲ ਤਿਆਰ ਕਰਨ ਲਈ ਵਰਤੀਆਂ ਜਾਣ ਲੱਗੀਆਂ ਹਨ। ਜਾਣਕਾਰੀ ਮੁਤਾਬਕ ਇੱਕ ਖੋਲ ਦੀ ਲੰਬਾਈ 20 ਤੋਂ 28 ਇੰਚ ਤੱਕ ਹੀ ਰੱਖ ਜਾਂਦੀ ਹੈ ਜਿਸ ਦਾ ਕਾਰਨ ਵੱਡਾ ਢੋਲ ਵਜਾਉਣ ਵੇਲੇ ਦਿੱਕਤ ਅਤੇ ਮੁਸ਼ਕਲ ਨਾਲ ਸੁਰ ਨਿਕਲਣਾ ਹੈ। ਮਾਹਿਰਾਂ ਅਨੁਸਾਰ ਖੋਲ ਨੂੰ ਪੂਰੀ ਤਰਾਂ ਤਿਆਰ ਕਰ ਲੈਣ ਉਪਰੰਤ ਇਸ ਦੇ ਦੋਵੇਂ ਪਾਸੇ ਕੁੰਡਲ ਲਾਏ ਜਾਂਦੇ ਹਨ।
ਛਟੀਆਂ ਅਤੇ ਤੀਲੀਆਂ ਦੀ ਮਹੱਤਤਾ
ਇਸ ਤੋਂ ਬਾਅਦ ਇੰਨ੍ਹਾਂ ਕੁੰਡਲਾਂ ਤੇ ਪੁੜਾ ਮੜ੍ਹਕੇ ਉਸ ’ਤੇ ਬੱਕਰੇ ਦੀ ਖੱਲ ਜਾਂ ਖਾਸ ਕਿਸਮ ਦੀ ਪਲਾਸਟਿਕ ਵਰਤੀ ਜਾਂਦੀ ਹੈ। ਇੱਕ ਤਰਫ ਲਾਈ ਜਾਂਦੀ ਪਲਾਸਟਿਕ ਜਾਂ ਪਤਲੀ ਖੱਲ ਨੂੰ ‘ਤਾਲ’ ਆਖਦੇ ਹਨ ਜਦੋਂ ਕਿ ਦੂਸਰੀ ਤਰਫ ਮੋਟੀ ਪਲਾਸਟਿਕ ਜਾਂ ਖੱਲ ਨੂੰ ‘ਕੁੱਟ’ ਕਿਹਾ ਜਾਂਦਾ ਹੈ। ਮਹੱਤਵਪੂਰਨ ਇਹ ਵੀ ਹੈ ਕਿ ਢੋਲ ਵਜਾਉਣ ਲਈ ਛਿਟੀਆਂ ਵੀ ਖਾਸ ਕਿਸਮ ਦੀ ਲੱਕੜੀ ਤੋਂ ਬਣਦੀਆਂ ਹਨ । ਇੰਨ੍ਹਾਂ ਚੋਂ ਇੱਕ ਦੀ ਲੰਬਾਈ ਤਕਰੀਬਨ 14 ਕੁ ਇੰਚ ਹੁੰਦੀ ਹੈ ਜੋ ‘ਡੱਗਾ’ ਅਖਵਾਉਂਦਾ ਹੈ ਜਦੋਂ ਕਿ ਬੈਂਤ ਦੀ ਲੱਕੜ ਤੋਂ ਬਣਾਈ ਜਾਂਦੀ ਕਰੀਬ 15 ਕੁ ਇੰਚ ਦੀ ਦੂਜੀ ਛਿਟੀ ਨੂੰ ‘ਤੀਲੀ’ ਕਿਹਾ ਜਾਂਦਾ ਹੈ। ਢੋਲ ਦੇ ਕੁੰਡਲਾਂ ਨਾਲ ਬਣਾਏ 10 ਘਰਾਂ ’ਚ ਰੱਸੀਆਂ ਪਾ ਕੇ ਛੱਲੇ ਪਾਏ ਜਾਂਦੇ ਹਨ। ਇੰਨ੍ਹਾਂ ਛੱਲਿਆਂ ਦੀ ਸਹਾਇਤਾ ਨਾਲ ਰੱਸੀ ਨੂੰ ਕਸਣ ਜਾਂ ਢਿੱਲੀ ਕਰਨ ਨਾਲ ਢੋਲ ਸੁਰ ਵਿੱਚ ਕੀਤਾ ਜਾ ਸਕਦਾ ਹੈ ।
ਢੋਲ ਵਿੱਚ ਲੇਪ ਦੀ ਅਹਿਮੀਅਤ
ਇੱਕ ਢੋਲ ਮਾਸਟਰ ਨੇ ਦੱਸਿਆ ਕਿ ਕੁੱਝ ਢੋਲ ਏਦਾਂ ਦੇ ਵੀ ਹੁੰਦੇ ਹਨ ਜਿੰਨ੍ਹਾਂ ਦੀ ਆਵਾਜ਼ ਵਿੱਚ ਗੂੰਜ ਨਹੀਂ ਹੁੰਦੀ ਜਿਸ ਦਾ ਕਾਰਨ ਉਨ੍ਹਾਂ ਦੇ ਖੋਲ ਦੇ ਅੰਦਰਲੇ ਪਾਸੇ ‘ਜੈ ਫਲ, ਲੌਂਗ ਅਤੇ ਦੇਸੀ ਘਿਓ ’ ਦਾ ਲੇਪ ਨਾ ਲਾਇਆ ਜਾਣਾ ਹੋ ਸਕਦਾ ਹੈ। ਇਸ ਲੇਪ ਦਾ ਇਹਾ ਫਾਇਦਾ ਹੈ ਕਿ ਉਹ ਖੋਲ ਨੂੰ ਕਿਸੇ ਵੀ ਕਿਸਮ ਦਾ ਕੀੜਾ ਅਤੇ ਘੁਣ ਨਹੀਂ ਲੱਗਣ ਦਿੰਦਾ । ਲੇਪ ਇਸ ਸਦਕਾ ਢੋਲ ਦੀ ਅਵਾਜ਼ ਵੀ ਗੂੰਜ ਦੇ ਗੁਣ ਵਾਲੀ ਨਿਕਲਦੀ ਹੈ।
ਢੋਲ ਅੱਗੇ ਸਭ ਸਾਜ਼ ਮੱਧਮ:ਪਰਦੇਸੀ
ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਭੰਗੜਾ ਮਾਹਿਰ ਪ੍ਰੀਤਮ ਪ੍ਰਦੇਸੀ ਦਾ ਕਹਿਣਾ ਸੀ ਕਿ ਭਾਵੇਂ ਹਜ਼ਾਰਾਂ ਸਾਜ਼ ਬਜ਼ਾਰ ’ਚ ਆ ਗਏ ਹਨ ਪਰ ਅੱਜ ਵੀ ਜਦੋਂ ਵੀ ਕਿਸੇ ਸਮਾਗਮ ਦੌਰਾਨ ਢੋਲ ਤੇ ਡੱਗਾ ਲੱਗਦਾ ਹੈ ਤਾਂ ਇੱਕ ਵਾਰ ਬਾਕੀ ਸਾਜ਼ਾਂ ਦੀ ਅਵਾਜ਼ ਮੱਧਮ ਪੈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਅਤ ਦੀ ਖੁਸ਼ਬੋ ਅਤੇ ਸੱਭਿਆਚਾਰ ਦੇ ਅਨਿੱਖੜਵੇਂ ਅੰਗ ਢੋਲ ਨੂੰ ਵਜਾਉਣ ਤੇ ਨਾਂ ਕੇਵਲ ਖੁਸ਼ੀਆਂ ਦਾ ਮਹੌਲ ਬਣਦਾ ਹੈ ਬਲਕਿ ਨਾਂ ਚਾਹੁੰਦੇ ਵੀ ਹਰ ਪੰਜਾਬੀ ਦੇ ਪੱਬ ਉਠਣ ਲੱਗਦੇ ਹਨ। ਉਨ੍ਹਾਂ ਕਿਹਾ ਕਿ ਨਵੇਂ ਪੋਸ਼ ’ਚ ਢੋਲ ਵਜਾਉਣ ਦਾ ਰੁਝਾਨ ਵਧਣ ਕਾਰਨ ਢੋਲਾਂ ਦੀ ਮੰਗ ਵਿੱਚ ਵੀ ਤੇਜੀ ਆਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜੱਟ ਦਮਾਮੇ ਮਾਰਦਾ ਵਿਸਾਖੀ ਮੇਲੇ ਜਾਂਦਾ ਤਾਂ ਉਦੋਂ ਵੀ ਢੋਲ ਕਾਰਨ ਇੱਕ ਨਿਵੇਕਲਾ ਰੰਗ ਬੱਝਦਾ ਹੁੰਦਾ ਸੀ