ਜਵਾਨ ਪੁੱਤਰ ਦੀ ਮੌਤ ਦਾ ਇਨਸਾਫ ਲੈਣ ਲਈ ਫੋਟੋਗ੍ਰਾਫਰ ਚੜਿਆ ਸੀ ਟਾਵਰ 'ਤੇ, ਭਰੋਸੇ ਤੋਂ ਬਾਅਦ ਛੇ ਘੰਟੇ ਬਾਅਦ ਹੇਠਾਂ ਉਤਰਿਆ
- ਸਮਾਜ ਸੇਵੀ ਦੇ ਅਸ਼ਵਾਸਨ ਤੋਂ ਬਾਅਦ ਛੇ ਘੰਟੇ ਬਾਅਦ ਉਤਰਿਆ, ਪੁਲਿਸ ਨਾਲ ਗੱਲ ਕਰਦਿਆਂ ਕਈ ਵਾਰ ਰੋਇਆ ਪੀੜਿਤ, ਧਾਰੀਵਾਲ ਦੀਆਂ ਕਈ ਉੱਘੀਆਂ ਸ਼ਖਸੀਅਤਾਂ ਨੋ ਮੰਨਦਾ ਹੈ ਦੋਸ਼ੀ
ਰਿਪੋਰਟਰ_ ਰੋਹਿਤ ਗੁਪਤਾ
ਗੁਰਦਾਸਪੁਰ, 8 ਜਨਵਰੀ 2025 - ਆਖਿਰ ਲਗਭਗ ਛੇ ਘੰਟਿਆਂ ਦੀ ਜਦੋ ਜਹਿਦ ਦੇ ਬਾਅਦ ਧਾਰੀਵਾਲ ਦੇ ਰੇਲਵੇ ਸਟੇਸ਼ਨ ਦੇ ਟਾਵਰ ਤੇ ਚੜਿਆ ਫੋਟੋਗ੍ਰਾਫਰ ਅਸ਼ਵਨੀ ਕੁਮਾਰ ਉਤਰ ਹੀ ਗਿਆ। ਸਮਾਜ ਸੇਵੀ ਸੁਣੰਦਨ ਸ਼ਰਮਾ ਦੇ ਆਸ਼ਵਾਸਨ ਤੋਂ ਬਾਅਦ ਫੋਟੋਗ੍ਰਾਫਰ ਅਸ਼ਵਨੀ ਕੁਮਾਰ ਜਦੋਂ ਟਾਵਰ ਤੋਂ ਥੱਲੇ ਉਤਰਿਆ ਤਾਂ ਧਾਰੀਵਾਲ ਥਾਣੇ ਦੀਆਂ ਐਸਐਚ ਓ ਬਲਜੀਤ ਕੌਰ ਅਤੇ ਪੁਲਿਸ ਅਧਿਕਾਰੀਆਂ ਨੇ ਉਸ ਨਾਲ ਕੌਂਸਲਿੰਗ ਕਰਨ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਫੋਟੋਗ੍ਰਾਫਰ ਅਸ਼ਵਨੀ ਕੁਮਾਰ ਕਈ ਵਾਰ ਰੋਇਆ ਅਤੇ ਪ੍ਰਸ਼ਾਸਨ ਤੇ ਪੁਲਿਸ ਅੱਗੇ ਆਪਣੇ ਜਵਾਨ ਪੁੱਤਰ ਦੀ ਮੌਤ ਦੇ ਜਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕਰਕੇ ਇਨਸਾਫ ਦੀ ਗੁਹਾਰ ਲਗਾਈ। ਜਾਣਕਾਰੀ ਅਨੁਸਾਰ ਅਸ਼ਵਨੀ ਕੁਮਾਰ ਵੱਲੋਂ ਧਾਰੀਵਾਲ ਦੀਆਂ ਕੁਝ ਉੱਘੀਆਂ ਸ਼ਖਸ਼ੀਅਤਾਂ ਦੀਆਂ ਫੋਟੋਆਂ ਦੇ ਪੋਸਟਰ ਵੀ ਟਾਵਰ ਤੋਂ ਥੱਲੇ ਸੁੱਟੇ ਸੀ ਜਿਨਾਂ ਨੂੰ ਆਪਣੀ ਇਸ ਹਾਲਤ ਦਾ ਜਿੰਮੇਦਾਰ ਸਮਝਦਾ ਹੈ ਜੋ ਪੁਲਿਸ ਵੱਲੋਂ ਆਪਣੇ ਕਬਜ਼ੇ ਵਿੱਚ ਲਏ ਗਏ ਹਨ। ਇਹਨਾਂ ਸ਼ਖਸੀਅਤਾਂ ਵਿੱਚ ਸ਼ਿਵਸਾਨਾ ਦਾ ਇੱਕ ਆਗੂ, ਉਸ ਦਾ ਇੱਕ ਸਾਥੀ ਜੋ ਇੱਕ ਨਜ਼ਦੀਕੀ ਪਿੰਡ ਦੀ ਸਾਬਕਾ ਸਰਪੰਚਨੀ ਦਾ ਪੁੱਤਰ ਵੀ ਹੈ ਅਤੇ ਨਗਰ ਕੌਂਸਲ ਧਾਰੀਵਾਲ ਦੇ ਇੱਕ ਅਹੁਦੇਦਾਰਾਂ ਦੀਆ ਫੋਟੋਆਂ ਸ਼ਾਮਿਲ ਹਨ।
ਅਸ਼ਵਨੀ ਕੁਮਾਰ ਦਾ ਕਹਿਣਾ ਹੈ ਕਿ ਉਸ ਦੇ ਜਵਾਨ ਪੁੱਤਰ ਦੀ ਮੌਤ ਹੋ ਗਈ ਸੀ ਪਰ ਉਸਦੇ ਪੁੱਤਰ ਦੀ ਮੌਤ ਦੇ ਜ਼ਿੰਮੇਦਾਰ ਲੋਕਾਂ ਨੂੰ ਸਜ਼ਾ ਦਵਾਉਣ ਲਈ ਉਸ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ । ਉਹ ਲੱਖਾਂ ਰੁਪਇਆ ਇਨਸਾਫ ਲੈਣ ਲਈ ਖਰਚ ਕਰ ਚੁੱਕਿਆ ਹੈ ਪਰ ਕਿਤੋਂ ਉਸ ਨੂੰ ਇਨਸਾਫ ਨਹੀਂ ਮਿਲਿਆ ਆਖਰ ਥੱਕ ਕਰਕੇ ਉਸਨੇ ਇਹ ਕਦਮ ਚੁੱਕਿਆ ਹੈ।
ਦੂਜੇ ਪਾਸੇ ਧਾਰੀਵਾਲ ਦੇ ਸਮਾਜਸੇਵੀ ਸੁਨੰਦਨ ਸ਼ਰਮਾ ਦੇ ਬਾਰ-ਬਾਰ ਫੋਨ ਤੇ ਅਸ਼ਵਾਸਨ ਦੇਣ ਕਿ ਉਹ ਸੁਪਰੀਮ ਕੋਰਟ ਤੱਕ ਉਸ ਨੂੰ ਇਨਸਾਫ ਦਵਾਉਣ ਲਈ ਜਾਣਗੇ, ਅਸ਼ਵਨੀ ਕੁਮਾਰ ਨਾਮਕ ਆਦਮੀ ਟਾਵਰ ਤੋਂ ਥੱਲੇ ਉਤਰਿਆ। ਉੱਤਰ ਕੇ ਜਦੋਂ ਇਸ ਦੇ ਨਾਲ ਪ੍ਰਸ਼ਾਸਨ ਤੇ ਪੁਲਿਸ ਦੇ ਅਧਿਕਾਰੀਆਂ ਨੇ ਗੱਲ ਕੀਤੀ ਤਾਂ ਇਹ ਫੁੱਟ ਫੁੱਟ ਕੇ ਰੋ ਪਿਆ। ਉਸ ਦਾ ਦੋਸ਼ ਹੈ ਕਿ ਧਾਰੀਵਾਲ ਦੇ ਕੁਝ ਰਸੂਖਦਾਰ ਸਿਆਸੀ ਲੋਕਾਂ ਕਾਰਨ ਉਸਨੂੰ ਸਾਲਾਂ ਤੋਂ ਦਰ ਦਰ ਭਟਕਣਾ ਪੈ ਰਿਹਾ ਹੈ। ਉਸਨੇ ਇਹ ਵੀ ਦੋਸ਼ ਲਗਾਇਆ ਕਿ ਉਸਦੇ ਰਿਸ਼ਤੇਦਾਰ ਦੇ ਘਰ ਉੱਪਰ ਵੀ ਸਿਆਸੀ ਸ਼ਹਿ ਦੇ ਉੱਤੇ ਨਜਾਇਜ਼ ਕਬਜ਼ਾ ਕੁਝ ਧਾਰੀਵਾਲ ਦੇ ਲੋਕਾਂ ਵੱਲੋਂ ਕੀਤਾ ਗਿਆ ਹੈ ਅਤੇ ਮੇਰੇ ਬੇਟੇ ਦੀ ਮੌਤ ਦਾ ਵੀ ਮੈਨੂੰ ਇਨਸਾਫ ਨਹੀਂ ਮਿਲ ਰਿਹਾ।
ਮੌਕੇ ਤੇ ਪਹੁੰਚੇ ਨਾਇਬ ਤਹਸੀਲਦਾਰ ਧਾਰੀਵਾਲ ਲਖਵਿੰਦਰ ਸਿੰਘ ਨੇ ਕਿਹਾ ਕਿ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਪੀੜਤ ਨੂੰ ਇਨਸਾਫ ਦਵਾਉਣ ਦੀ ਕੋਸ਼ਿਸ਼ ਕਰਨਗੇ। ਉੱਥੇ ਹੀ ਪ੍ਰਸਿੱਧ ਸਮਾਜ ਸੇਵੀ ਸੁਨੰਦਨ ਸ਼ਰਮਾ ਨੇ ਵੀ ਕਿਹਾ ਕਿ ਅਸ਼ਵਨੀ ਕੁਮਾਰ ਜੋ ਕਿ ਸ਼ਹਿਰ ਧਾਰੀਵਾਲ ਦਾ ਇੱਕ ਬਹੁਤ ਚੰਗਾ ਨਾਗਰਿਕ ਤੇ ਫੋਟੋਗ੍ਰਾਫਰ ਹੈ ਇਸ ਦੇ ਨਾਲ ਬਹੁਤ ਹੀ ਧੱਕਾ ਹੋਇਆ ਹੈ।ਦੁਖੀ ਹੋ ਕੇ ਅੱਜ ਇਸ ਨੇ ਇਹ ਵੱਡਾ ਕਦਮ ਚੁੱਕਿਆ ਹੈ।
ਸੁਨੰਦਨ ਸ਼ਰਮਾ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਪੀੜਿਤ ਨੂੰ ਇਨਸਾਫ ਦਿੱਤਾ ਜਾਵੇ। ਉੱਥੇ ਹੀ ਰੇਲਵੇ ਵਿਭਾਗ ਦੇ ਪਹੁੰਚੇ ਐਸਐਚਓ ਨੇ ਕਿਹਾ ਕਿ ਅੱਜ ਸਵੇਰੇ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਰੇਲਵੇ ਸਟੇਸ਼ਨ ਧਾਰੀਵਾਲ ਦੇ ਬਾਹਰ ਟਾਵਰ ਤੇ ਚੜ ਗਿਆ ਹੈ। ਜਿਸ ਤੇ ਉਨਾਂ ਨੇ ਤੁਰੰਤ ਆਪਣੀ ਭਾਰੀ ਫੋਰਸ ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚੇ ਔਰ ਪ੍ਰਸ਼ਾਸਨ ਦੀ ਕੁਝ ਸਮਾਜਸੇਵੀ ਸੰਸਥਾਵਾਂ ਨਾਲ ਮਿਲ ਕੇ ਕੀਤੇ ਗਏ ਯਤਨਾਂ ਦੇ ਨਾਲ ਇਹ ਬੰਦਾ ਥੱਲੇ ਉੱਤਰ ਆਇਆ ਹੈ।