ਕਿਸਾਨ ਮੋਰਚਾ:ਪੀਕੇ ਤੱਤੀ ਤੱਤੀ ਚਾਹ ਪਾਇਆ ਸਰਕਾਰ ਖਿਲਾਫ ਨਾਅਰਿਆਂ ਦਾ ਗਾਹ
ਅਸ਼ੋਕ ਵਰਮਾ
ਬਠਿੰਡਾ, 8ਜਨਵਰੀ2025: ਚਾਰ ਦਿਨਾਂ ਤੋਂ ਕੋਠਾ ਗੁਰੂ ਬੱਸ ਹਾਦਸਾ ਦੌਰਾਨ ਸ਼ਹੀਦ ਹੋਈਆਂ ਤਿੰਨ ਔਰਤਾਂ ਅਤੇ ਜਖਮੀਆਂ ਦੇ ਇਲਾਜ ਤੇ ਮੁਆਵਜੇ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੋਰਚੇ ਦੌਰਾਨ ਕਿਸਾਨ ਆਗੂਆਂ ਨੇ ਹਕੂਮਤ ਵਿਰੋਧੀ ਨਾਅਰਿਆਂ ਦੀ ਗੂੰਜ ਦੌਰਾਨ ਐਲਾਨ ਕੀਤਾ ਕਿ ਹੁਣ ਤੱਕ ਇਹ ਧਰਨਾ ਸੰਕੇਤਕ ਹੀ ਰਿਹਾ ਹੈ ਪਰ ਪ੍ਰਸ਼ਾਸ਼ਨ ਤੇ ਸਰਕਾਰ ਦੇ ਵਤੀਰੇ ਨੂੰ ਦੇਖਦਿਆਂ 10 ਜਨਵਰੀ ਤੋਂ ਅੰਦੋਲਨ ਤਿੱਖਾ ਕੀਤਾ ਜਾਏਗਾ। ਆਗੂਆਂ ਨੇ ਦੱਸਿਆ ਕਿ ਕਿਸਾਨ ਮੋਰਚਾ ਭਾਰਤ ਚ ਸ਼ਾਮਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਵੀ ਮੀਟਿੰਗ ਵਿੱਚ ਮੁਆਵਜੇ ਸਬੰਧੀ ਮਤਾ ਪਾ ਦਿੱਤਾ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਪਿਛਲੀਆਂ ਸਰਕਾਰਾਂ ਅਜਿਹੇ ਮਾਮਲਿਆਂ ਨੂੰ ਲੈਕੇ ਢੁੱਕਵਾਂ ਮੁਆਵਜਾ ਦਿੰਦੀਆਂ ਰਹੀਆਂ ਹਨ ਤਾਂ ਮੌਜੂਦਾ ਸਰਕਾਰ ਨੂੰ ਕੀ ਦਿੱਕਤ ਹੈ ਕਿ ਉਹ ਮੁਆਵਜੇ ਦੇ ਨਾਮ ਤੇ ਟਿੱਚਰਾਂ ਕਰ ਰਹੀ ਹੈ।
ਅੱਜ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ , ਕਿਸਾਨ ਆਗੂ ਜਗਦੇਵ ਸਿੰਘ ਜੋਗੇਵਾਲਾ ਅਤੇ ਬਲਾਕ ਸੰਗਤ ਦੇ ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਕੋਟਗੁਰੂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦਾ ਕਿਸਾਨਾਂ ਪ੍ਰਤੀ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿਛਲੀਆਂ ਸਰਕਾਰਾਂ ਵੱਲੋਂ ਦਿੱਤੇ ਜਾ ਚੁੱਕੇ ਮੁਆਵਜ਼ੇ ਮੁਤਾਬਕ ਮੁਆਵਜ਼ਾ ਨਾ ਦੇ ਕੇ ਕਿਸਾਨਾਂ ਨੂੰ ਕੜਾਕੇ ਦੀ ਠੰਡ ਵਿੱਚ ਸੜਕਾਂ ਤੇ ਰੋਲ ਰਹੀ ਹੈ ਜਦੋਂਕਿ ਸ਼ਹੀਦ ਹੋਈਆਂ ਔਰਤਾਂ ਦੀਆਂ ਲਾਸ਼ਾਂ ਹਸਪਤਾਲ ਦੇ ਮੁਰਦਾਘਾਟ ਵਿੱਚ ਪਈਆਂ ਇਸ ਤੋਂ ਵੱਖਰੀਆਂ ਹਨ ।ਉਹਨਾਂ ਦੱਸਿਆ ਕਿ ਇਸ ਹਾਦਸੇ ਦੇ ਦੌਰਾਨ ਰੀੜ੍ਹ ਦੀ ਹੱਡੀ ਤੋਂ ਜਖਮੀ ਹੋਇਆ ਜਿਲ੍ਹਾ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਹਸਪਤਾਲ ਵਿੱਚ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ।
ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਹੋਏ ਜਖਮੀਆਂ ਵਿੱਚੋ ਇੱਕ ਔਰਤ ਦੀ ਰੀੜ੍ਹ ਦੀ ਹੱਡੀ ਦਾ ਆਪਰੇਸ਼ਨ ਹੋ ਚੁੱਕਿਆ ਹੈ ਜਦੋਂਕਿ ਇੱਕ ਔਰਤ ਦੇ ਸਿਰ ਦਾ ਆਪਰੇਸ਼ਨ ਹੋਣਾ ਹੈ। ਉਹਨਾਂ ਦੱਸਿਆ ਕਿ ਕਈ ਅਜਿਹੇ ਹਨ ਜਿੰਨ੍ਹਾਂ ਦੇ ਹੱਥਾਂ ਦੀਆਂ ਉਂਗਲਾਂ ਕੱਟੀਆਂ ਗਈਆਂ ਹਨ ਅਤੇ ਇੱਕ ਗਰੀਬ ਮਜ਼ਦੂਰ ਦੀ ਬਾਂਹ ਕੱਟੀ ਗਈ।ਉਹਨਾਂ ਕਿਹਾ ਕਿ ਇੰਨੇ ਵੱਡੇ ਦਰਦਨਾਕ ਹਾਦਸੇ ਚ ਵੀ ਪੰਜਾਬ ਸਰਕਾਰ ਪੀੜਤਾਂ ਦੀ ਬਾਂਹ ਨਹੀਂ ਫੜ ਰਹੀ। ਆਗੂਆਂ ਨੇ ਕਿਹਾ ਕਿ ਵੀਰਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਨਿਰਦੇਸ਼ਾਂ ਹੇਠ ਪੰਜਾਬ ਦੇ ਮੋਗਾ ਵਿੱਚ ਹੋ ਰਹੀ ਮਹਾਂਪੰਚਾਇਤ ਕਾਰਨ ਦੋ ਦਿਨ ਸਧਾਰਨ ਧਰਨਾ ਚਲਾਉਣ ਤੋਂ ਬਾਅਦ 10 ਜਨਵਰੀ ਨੂੰ ਮੁਆਵਜ਼ਾ ਲੈਣ ਲਈ ਸਰਕਾਰ ਨਾਲ ਆਰ ਪਾਰ ਦੀ ਲੜਾਈ ਵਿੱਢੀ ਜਾਏਗੀ।