ਭਾਰਤੀ ਮੂਲ ਦੀ ਕੈਨੇਡੀਆਈ ਸਿਆਸਤਦਾਨ ਅਨੀਤਾ ਆਨੰਦ ਟਰੂਡੋ ਦੀ ਥਾਂ ਪੀ ਐਮ ਬਣਨ ਦੀ ਦੌੜ ’ਚ ਮੋਹਰੀ
ਓਟਵਾ, 8 ਜਨਵਰੀ, 2025: ਭਾਰਤੀ ਮੂਲ ਦੀ ਕੈਨੇਡੀਅਨ ਲੇਡੀ ਸਿਆਸਤਦਾਨ ਅਨੀਤਾ ਆਨੰਦ ਹੁਣ ਜਸਟਿਨ ਟਰੂਡੋ ਦੀ ਥਾਂ ਪੀ ਐਮ ਬਣਨ ਦੀ ਦੌੜ ’ਚ ਮੋਹਰੀ ਸਾਬਤ ਹੋ ਰਹੀ ਹੈ। ਟਰੂਡੋ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਆਗੂ ਵਜੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ।
ਇਸ ਵੇਲੇ ਅਨੀਤਾ ਆਨੰਦ ਟਰਾਂਸਪੋਰਟ ਤੇ ਇੰਟਰਨਲ ਟਰੇਡ ਮੰਤਰੀ ਹੈ। ਉਹਨਾਂ ਤੋਂ ਇਲਾਵਾ ਡੋਮੀਨਿਕ ਲੀਬਲੈਂਕ, ਕ੍ਰਿਸਟੀਆ ਫਰੀਲੈਂਡ, ਮੈਲੇਨੀ ਜੋਲੀ, ਫਰੈਂਕੋਸ ਫਿਲਪੇ ਸ਼ੈਪੇਨ ਤੇ ਮਾਰਕ ਕਰਨੀ ਦੌੜ ਵਿਚ ਸ਼ਾਮਲ ਹਨ। ਅਨੀਤਾ ਆਨੰਦ ਲਿਬਰਲ ਪਾਰਟੀ ਦੇ ਸੀਨੀਅਰ ਮੈਂਬਰ ਹਨ ਤੇ 2019 ਤੋਂ ਮੈਂਬਰ ਪਾਰਲੀਮੈਂਟ ਹਨ। ਉਹਨਾਂ ਪਬਲਿਕ ਸਰਵਿਸਿਜ਼ ਮੰਤਰੀ ਤੇ ਨੈਸ਼ਨਲ ਡਿਫੈਂਸ ਦੇ ਮੰਤਰੀ ਤੇ ਖ਼ਜ਼ਾਨਾ ਬੋਰਡ ਦੇ ਪ੍ਰਧਾਨ ਵਜੋਂ ਅਹਿਮ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ। ਉਹ 2024 ਤੋਂ ਟਰਾਂਸਪੋਰਟ ਤੇ ਇੰਟਰਨਲ ਟਰੇਡ ਮੰਤਰੀ ਹਨ। 20 ਮਈ 1967 ਨੂੰ ਨੋਵਾ ਸਕੋਟੀਆ ਵਿਚ ਸਰੋਜ ਡੀ ਰਾਮ ਅਤੇ ਐਸ ਵੀ ਆਨੰਦ ਦੇ ਘਰ ਉਹਨਾਂਦਾ ਜਨਮ ਹੋਇਆ ਜੋ 1960ਵਿਆਂ ਵਿਚ ਭਾਰਤ ਤੋਂ ਕੈਨੇਡਾ ਸ਼ਿਫਟ ਹੋਏ ਸਨ। ਅਨੀਤਾ ਆਨੰਦ ਦੀਆਂ ਦੋ ਹੋਰ ਭੈਣਾਂ ਗੀਤਾ ਤੇ ਸੋਨੀਆ ਹਨ। ਜਦੋਂ ਅਨੀਤਾ ਆਨੰਦ 1985 ਵਿਚ 18 ਸਾਲਾਂ ਦੇ ਸਨ ਤਾਂ ਉਹ ਪੋਲੀਟਿਕਲ ਸਾਇੰਸ ਵਿਚ ਡਿਗਰੀ ਲੈਣ ਵਾਸਤੇ ਓਨਟਾਰੀਓ ਸ਼ਿਫਟ ਹੋ ਗਏ ਸਨ। ਉਹਨਾਂ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਜੁਰਿਸਪਰੂਡੈਂਸ ਦੀ ਪੜ੍ਹਾਈ ਕੀਤੀ ਤੇ ਫਿਰ ਡਲਹੋਜ਼ੀ ਯੂਨੀਵਰਸਿਟੀ ਤੇ ਯੂਨੀਵਰਸਿਟੀ ਆਫ ਟੋਰਾਂਟੋ ਤੋਂ ਕ੍ਰਮਵਾਰ ਬੈਚਲਰ ਤੇ ਮਾਸਟਰਜ਼ ਦੀ ਡਿਗਰੀ ਕਾਨੂੰਨ ਵਿਚ ਕੀਤੀ। ਅਨੀਤਾ ਆਨੰਦ ਯੇਲ ਲਾਅ ਸਕੂਲ ਸਮੇਤ ਅਨੇਕਾਂ ਸਕੂਲਾਂ ਵਿਚ ਅਧਿਆਪਕ ਰਹੇ ਤੇ ਫਿਰ ਯੂਨੀਵਰਸਿਟੀ ਆਫ ਟੋਰਾਂਟੋ ਵਿਚ ਪ੍ਰੋਫੈਸਰ ਰਹੇ। ਬਾਅਦ ਵਿਚ ਡੀਨ ਸਮੇਤ ਹੋਰ ਸੀਨੀਅਰ ਅਹੁਦਿਆਂ ’ਤੇ ਰਹੇ। 1995 ਵਿਚ ਉਹਨਾਂ ਕੈਨੇਡਾ ਦੇ ਵਕੀਲ ਜੋਹਨ ਨੋਲਟਨ ਨਾਲ ਵਿਆਹ ਕਰਵਾ ਲਿਆ। ਉਹਨਾਂ ਦੇ ਚਾਰ ਬੱਚੇ ਹਨ ਤੇ ਉਹ 1997 ਤੋਂ 1999 ਤੇ ਫਿਰ 2005 ਤੋਂ ਹੁਣ ਤੱਕ 21 ਸਾਲਾਂ ਤੋਂ ਓਕਵਿਲੇ ਵਿਚ ਰਹਿ ਰਹੇ ਹਨ। ਉਹ 2019 ਤੋਂ ਪ੍ਰਤੀਨਿਧ ਸਦਨ ਵਿਚ ਓਕਵਿਲੇ ਦੀ ਪ੍ਰਤੀਨਿਧਤਾ ਕਰਦੇ ਹਨ। ਉਹਨਾਂ ਪਬਲਿਕ ਸਰਵਿਸਿਜ਼ ਮੰਤਰੀ ਵਜੋਂ ਕੋਰੋਨਾ ਵਿਚ ਅਹਿਮ ਰੋਲ ਅਦਾ ਕੀਤਾ। 2021 ਵਿਚ ਉਹਨਾਂ ਨੂੰ ਨੈਸ਼ਨਲ ਡਿਫੈਂਸ ਮੰਤਰੀ ਬਣਾ ਦਿੱਤਾ ਗਿਆ ਤੇ ਉਹਨਾਂ ਕੈਨੇਡਾ ਦੀ ਫੌਜ ਵਿਚ ਅਨੇਕਾਂ ਵਿਲੱਖਣ ਸੁਧਾਰ ਲਿਆਂਦੇ।