ਥਾਣੇਦਾਰਨੀ ਭਰਜਾਈ ਕਾਰਨ ਹੋਈ ਥਾਣੇਦਾਰ ਦੀ ਹੱਤਿਆ-ਦੋਸ਼ ਤਹਿਤ ਪੁੱਤ ਗ੍ਰਿਫਤਾਰ
ਅਸ਼ੋਕ ਵਰਮਾ
ਬਠਿੰਡਾ, 3ਜਨਵਰੀ2025: ਬਠਿੰਡਾ ਪੁਲਿਸ ਨੇ ਕਰੀਬ ਦੋ ਹਫਤੇ ਪਹਿਲਾਂ ਦੇਰ ਸ਼ਾਮ ਨੂੰ ਮੁਲਤਾਨੀਆ ਰੋਡ ਤੇ ਡੀਡੀ ਮਿੱਤਲ ਟਾਵਰਜ਼ ਲਾਗੇ ਇੱਕ ਦੁਕਾਨ ਦੇ ਨਜ਼ਦੀਕ ਪੰਜਾਬ ਪੁਲਿਸ ਦੇ ਸੇਵਾਮੁਕਤ ਸਬ ਇੰਸਪੈਕਟਰ ਓਮ ਪ੍ਰਕਾਸ਼ ਦੇ ਕਤਲ ਦਾ ਮਾਮਲਾ ਹੱਲ ਕਰ ਲਿਆ ਹੈ। ਮੁਢਲੇ ਤੌਰ ਤੇ ਇਸ ਕਤਲ ਦਾ ਕਾਰਨ ਮ੍ਰਿਤਕ ਦਾ ਕਥਿਤ ਭਰਜਾਈ ਲੱਗਦੀ ਪੁਲਿਸ ਦੀ ਥਾਣੇਦਾਰਨੀ ਕੋਲ ਰਿਹਾਇਸ਼ ਅਤੇ ਆਪਣੀ ਪਤਨੀ ਨਾਲ ਵਿਵਾਦ ਹੋਣਾ ਸਾਹਮਣੇ ਆਇਆ ਹੈ। ਸੇਵਾਮੁਕਤ ਥਾਣੇਦਾਰ ਓਮ ਪ੍ਰਕਾਸ਼ ਦੀ ਹੱਤਿਆ ਮਾਮਲੇ ’ਚ ਥਾਣਾ ਕੈਨਾਲ ਕਲੋਨੀ ਪੁਲਿਸ ਨੇ ਮ੍ਰਿਤਕ ਦੇ ਲੜਕੇ ਹਰਸਿਮਰਨਜੀਤ ਉਰਫ ਜੱਗਾ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਕੈਨਾਲ ਕਲੋਨੀ ’ਚ ਇਸ ਕਤਲ ਮਾਮਲੇ ’ਚ ਅਣਪਛਾਤੇ ਕਾਤਲ ਖਿਲਾਫ ਮੁਕੱਦਮਾ ਦਰਜ ਹੋਇਆ ਸੀ ਪਰ ਤਫਤੀਸ਼ ਦੌਰਾਨ ਮ੍ਰਿਤਕ ਓਮ ਪ੍ਰਕਾਸ਼ ਦੀਆਂ ਲੜਕੀਆਂ ਉਰਮਿਲਾ ਸ਼ਰਮਾ ਅਤੇ ਰੇਖਾ ਸ਼ਰਮਾ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ਤੇ ਹਰਸਿਮਰਨਜੀਤ ਉਰਫ ਜੱਗਾ ਨੂੰ ਇਸ ਮਾਮਲੇ ’ਚ ਨਾਮਜਦ ਕਰ ਲਿਆ ਸੀ।
ਹਾਲਾਂਕਿ ਪੁਲਿਸ ਨੇ ਇਹ ਜਾਣਕਾਰੀ ਤਾਂ ਨਹੀਂ ਦਿੱਤੀ ਕਿ ਦੋਵੇਂ ਕਿਸ ਰਿਸ਼ਤੇ ਕਾਰਨ ਇਕੱਠੇ ਰਹਿ ਰਹੇ ਸਨ ਪਰ ਏਨਾ ਜਰੂਰ ਦੱਸਿਆ ਹੈ ਕਥਿਤ ਛੋਟੀ ਥਾਣੇਦਾਰ ਮ੍ਰਿਤਕ ਓਮ ਪ੍ਰਕਾਸ਼ ਦੇ ਪਿੰਡ ਦੀ ਹੀ ਰਹਿਣ ਵਾਲੀ ਸੀ। ਡੀਐਸਪੀ ਸਿਟੀ ਹਰਬੰਸ ਸਿੰਘ ਧਾਲੀਵਾਲ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਇਸ ਵਾਰਦਾਤ ਦੇ ਸਬੰਧ ਵਿੱਚ ਖੁਲਾਸਾ ਕੀਤਾ ਹੈ। ਡੀਐਸਪੀ ਨੇ ਦੱਸਿਆ ਕਿ ਪੁਲਿਸ ਨੂੰ 20 ਦਸੰਬਰ 2024 ਨੂੰ ਸ਼ਾਮ ਕਰੀਬ ਸਾਢੇ ਛੇ ਵਜੇ ਇਤਲਾਹ ਮਿਲੀ ਸੀ ਕਿ ਸੇਵਾਮੁਕਤ ਸਬ ਇੰਸਪੈਕਟਰ ਓਮ ਪ੍ਰਕਾਸ਼ ਪੁੱਤਰ ਰਾਮ ਸਰੂਪ ਪੰਡਿਤ ਵਾਸੀ ਕੋਠੇ ਭੈਣੀ ਜੈਤੋ ਜਿਲ੍ਹਾ ਫਰੀਦਕੋਟ ਹਾਲ ਅਬਾਦ ਲਾਲ ਸਿੰਘ ਬਸਤੀ ਬਠਿੰਡਾ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਓਮ ਪ੍ਰਕਾਸ਼ ਦਾ ਆਪਣੀ ਪਤਨੀ ਨਾਲ ਅਦਾਲਤ ’ਚ ਤਲਾਕ ਅਤੇ ਖਰਚੇ ਦਾ ਕੇਸ ਚੱਲ ਰਿਹਾ ਸੀ।
ਉਹਨਾਂ ਦੱਸਿਆ ਕਿ ਮ੍ਰਿਤਕ ਓਮ ਪ੍ਰਕਾਸ਼ ਪਿਛਲੇ 15 –20 ਸਾਲਾਂ ਤੋਂ ਆਪਣੇ ਘਰ ਨਹੀਂ ਗਿਆ ਸੀ ਅਤੇ ਕਤਲ ਤੋਂ ਪਹਿਲਾਂ ਤੱਕ ਲਾਲ ਸਿੰਘ ਬਸਤੀ ’ਚ ਪੁਲਿਸ ਦੀ ਇੱਕ ਏਐਸਆਈ ਕੋਲ ਰਹਿੰਦਾ ਸੀ। ਉਹਨਾਂ ਦੱਸਿਆ ਕਿ ਮਹਿਲਾ ਏਐਸਆਈ ਮ੍ਰਿਤਕ ਦੀ ਰਿਸ਼ਤੇ ਚੋਂ ਭਰਜਾਈ ਲੱਗਦੀ ਹੈ ਪਰ ਦੋਵਾਂ ਵਿਚਕਾਰ ਰਿਸ਼ਤੇ ਬਾਰੇ ਉਨ੍ਹਾਂ ਕੁੱਝ ਕਹਿਣ ਤੋਂ ਪਾਸਾ ਵੱਟ ਲਿਆ। ਡੀਐਸਪੀ ਅਨੁਸਾਰ ਮੁਲਜਮ ਹਰਸਿਮਰਨਜੀਤ ਉਰਫ ਜੱਗਾ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਕੁੱਝ ਦਿਨ ਪਹਿਲਾਂ ਕਿਸੇ ਬਿਮਾਰੀ ਕਾਰਨ ਉਸ ਦੀ ਮਾਤਾ ਤੇ ਓਮ ਪ੍ਰਕਾਸ਼ ਦੀ ਪਤਨੀ ਦੀ ਅਚਾਨਕ ਮੌਤ ਹੋ ਗਈ ਸੀ । ਮੌਤ ਅਤੇ ਘਰੇਲੂ ਕਲੇਸ਼ ਕਾਰਨ ਮੁਲਜਮ ਦਿਮਾਗੀ ਤੌਰ ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੇ ਕੁੱਝ ਮਹੀਨੇ ਪਹਿਲਾਂ ਪ੍ਰੀਵਾਰਕ ਜਾਇਦਾਦ ਤੇ ਕਰਜਾ ਲਿਆ ਸੀ ਜਿਸ ਕਰਕੇ ਮੁਲਜਮ ਨੂੰ ਸ਼ੱਕ ਸੀ ਕਿ ਉਸ ਦਾ ਪਿਤਾ ਸਭ ਕੁੱਝ ਬਰਬਾਦ ਕਰ ਦੇਵੇਗਾ।
ਉਹਨਾਂ ਦੱਸਿਆ ਕਿ ਇਸ ਤੋਂ ਗੁੱਸੇ ’ਚ ਹਰਸਿਮਰਨਜੀਤ ਉਰਫ ਜੱਗਾ ਨੇ ਆਪਣੇ ਪਿਤਾ ਓਮ ਪ੍ਰਕਾਸ਼ ਨੂੰ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਅਤੇ ਵਾਰਦਾਤ ਵਾਲੀ ਥਾਂ ਤੋਂ ਫਰਾਰ ਹੋ ਗਿਆ। ਡੀਐਸਪੀ ਨੇ ਦੱਸਿਆ ਕਿ ਦੋ ਦਸੰਬਰ ਨੂੰ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਅਮਰਪੁਰਾ ਬਸਤੀ ਲਾਗਿਓ ਵਾਰਦਾਤ ਲਈ ਵਰਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜਮ ਦੀ ਨਿਸ਼ਾਨਦੇਹੀ ਤੇ ਮਾਨਸਾ ਰੋਡ ਤੇ ਇੰਡਸਟਰੀਅਲ ਏਰੀਆ ’ਚ ਲੁਕੋ ਕੇ ਰੱਖੀ ਦੋਨਾਲੀ ਬੰਦੂਕ ਬਰਾਮਦ ਕੀਤੀ ਹੈ ਅਤੇ ਅੱਜ ਕਾਰਤੂਸ ਦੇ ਦੋ ਖੋਲ ਲਾਲ ਸਿੰਘ ਬਸਤੀ ’ਚ ਸਥਿਤ ਪੁਲਿਸ ਕੁਆਰਟਰਾਂ ਦੇ ਨੇੜਿਓਂ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੁਲਜਮ ਇੱਕ ਪ੍ਰਾਈਵੇਟ ਕੰਪਨੀ ’ਚ ਕੰਮ ਕਰਦਾ ਹੈ ਅਤੇ ਕਤਲ ਲਈ ਵਰਤੀ ਬੰਦੂਕ ਲਾੲਂਸੰਸੀ ਹੈ ਜੋ ਉਸ ਦੇ ਨਾਮ ਤੇ ਹੈ। ਉਨ੍ਹਾਂ ਦੱਸਿਆ ਕਿ ਹਰਸਿਮਰਨਜੀਤ ਦਾ ਅਦਾਲਤ ਚੋਂ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਪੁੱਛਗਿਛ ਕੀਤੀ ਜਾਏਗੀ।