ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਨੇ ਵੋਟ ਚੋਰ, ਗੱਦੀ ਛੋੜ ਮੁਹਿੰਮ ਤਹਿਤ ਫਾਰਮ ਵੰਡੇ
ਮਲਕੀਤ ਸਿੰਘ ਮਲਕਪੁਰ
ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸੱਦੇ ਹੇਠ ਸ਼ੁਰੂ ਕੀਤੀ ਗਈ ਵੋਟ ਚੋਰ, ਗੱਦੀ ਛੋਡ ਮੁਹਿੰਮ ਤਹਿਤ ਅੱਜ ਹਲਕਾ ਡੇਰਾਬੱਸੀ ਤੋਂ ਸੀਨੀਅਰ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਨੇ ਲਾਲੜੂ ਖੇਤਰ ਦੇ ਕਾਂਗਰਸੀਆਂ ਨੂੰ ਫਾਰਮ ਵੰਡੇ। ਇਸ ਸਬੰਧੀ ਮਹਾਰਾਣਾ ਪ੍ਰਤਾਪ ਭਵਨ ਲਾਲੜੂ ਵਿੱਚ ਕੀਤੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਢਿੱਲੋਂ ਨੇ ਕਿਹਾ ਕਿ ਕੌਮੀ ਕਾਂਗਰਸ ਵੱਲੋਂ ਵੋਟ ਚੋਰੀ ਰੋਕਣ ਲਈ ਇੱਕ ਮੁਹਿੰਮ ਛੇੜੀ ਹੋਈ ਹੈ ਅਤੇ ਇਸ ਮੁਹਿੰਮ ਤਹਿਤ ਰਾਹੁਲ ਗਾਂਧੀ ਦੀ ਅਗਵਾਈ ਹੇਠ ਸਾਰੇ ਦੇਸ ਵਿੱਚੋਂ 5 ਕਰੋੜ ਫਾਰਮ ਕੇਂਦਰੀ ਚੋਣ ਕਮਿਸ਼ਨ ਨੂੰ ਸੌਂਪੇ ਜਾਣੇ ਹਨ ਤਾਂ ਜੋ ਲੋਕਤੰਤਰ ਨੂੰ ਕਾਇਮ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸੇ ਲੜੀ ਤਹਿਤ ਹਲਕਾ ਡੇਰਾਬੱਸੀ ਵਿੱਚੋਂ ਕਰੀਬ 10 ਹਜ਼ਾਰ ਫਾਰਮ ਕੌਮੀ ਕਾਂਗਰਸ ਕੋਲ ਭੇਜੇ ਜਾਣਗੇ। ਉਨ੍ਹਾਂ ਸਮੂਹ ਕਾਂਗਰਸੀਆਂ ਨੂੰ ਕਿਹਾ ਕਿ ਉਹ ਪਿੰਡਾਂ ਵਿੱਚ ਭਾਜਪਾ ਅਤੇ ਕੇਂਦਰੀ ਚੋਣ ਕਮਿਸ਼ਨ ਦੀ ਵੋਟ ਚੋਰੀ ਦਾ ਪਰਦਾਫਾਸ ਕਰਨ। ਇਸ ਮੌਕੇ ਉਨ੍ਹਾਂ ਨਾਲ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸੁਸ਼ੀਲ ਮਗਰਾ, ਕੌਂਸਲਰ ਮਾਸਟਰ ਮੋਹਨ ਸਿੰਘ, ਯੁਗਵਿੰਦਰ ਰਾਠੌਰ, ਬਲਕਾਰ ਸਿੰਘ ਦੱਪਰ, ਮੈਡਮ ਨਛੱਤਰ ਕੌਰ, ਰਮੇਸ ਪ੍ਰਜਾਪਤ ਅਤੇ ਬਲਕਾਰ ਸਿੰਘ ਆਦਿ ਸਮੇਤ ਵੱਖ-ਵੱਖ ਪਿੰਡਾਂ ਦੇ ਕਾਂਗਰਸੀ ਵੀ ਹਾਜ਼ਰ ਸਨ।