ਗ਼ਦਰੀ ਬਾਬਿਆਂ ਦੇ ਮੇਲੇ 'ਚ ਖਿੜਨਗੇ ਢੁਕਵੇਂ ਵਿਸ਼ਿਆਂ ਅਤੇ ਕਲਾਵਾਂ ਦੇ ਰੰਗ
ਜਲੰਧਰ 30 ਅਗਸਤ 2025 - ਗ਼ਦਰ ਲਹਿਰ ਦੀ ਵੀਰਾਂਗਣਾ ਗ਼ਦਰੀ ਗੁਲਾਬ ਕੌਰ ਨੂੰ ਸਮਰਪਤ 34ਵੇਂ ਤਿੰਨ ਰੋਜ਼ਾ ਮੇਲੇ ਦੀਆਂ ਹਰ ਪੱਖੋਂ ਤਿਆਰੀਆਂ ਜੋਰ ਫੜ ਰਹੀਆਂ ਹਨ। 30, 31 ਅਕਤੂਬਰ ਅਤੇ ਪਹਿਲੀ ਨਵੰਬਰ ਹੋਣ ਵਾਲਾ ਮੇਲਾ ਗ਼ਦਰੀ ਬਾਬਿਆਂ ਦਾ ਬਹੁਤ ਹੀ ਸਚਿਆਰੇ ਅੰਦਾਜ਼ 'ਚ ਨੇਪਰੇ ਚਾੜ੍ਹਨ ਲਈ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੀ ਮੀਟਿੰਗ ਹੋਈ। ਉਸ ਉਪਰੰਤ ਬੋਰਡ ਆਫ਼ ਟਰੱਸਟ ਦੀ ਮੀਟਿੰਗ ਕੀਤੀ ਗਈ। ਇਹਨਾਂ ਮੀਟਿੰਗਾਂ 'ਚ ਮੇਲੇ ਦੀਆਂ ਕਲਾ ਵੰਨਗੀਆਂ ਉਪਰ ਗੰਭੀਰ ਵਿਚਾਰਾਂ ਹੋਈਆਂ।
30 ਅਕਤੂਬਰ ਪੁਸਤਕ ਸਭਿਆਚਾਰ ਦੀ ਸ਼ਾਮ: ਪਾਬੰਦੀ ਸ਼ੁਦਾ ਕਿਤਾਬਾਂ ਦੇ ਨਾਮ ਹੋਵੇਗੀ। ਇਸ ਸੈਸ਼ਨ ਵਿੱਚ ਵਿਛੜੇ ਸਾਹਿਤਕਾਰਾਂ, ਲੇਖਕਾਂ, ਵਿਦਵਾਨਾਂ ਨੂੰ, 'ਯਾਰੋ ਸਾਨੂੰ ਨਹੀਓਂ ਭੁੱਲਣੀ, ਉਹਨਾਂ ਮਿੱਤਰਾਂ ਦੀ ਯਾਦ ਪਿਆਰੀ' ਸੈਸ਼ਨ 'ਚ ਸਜ਼ਦਾ ਕੀਤਾ ਜਾਏਗਾ। ਇਸ ਰੋਜ਼ ਹੀ 2 ਵਜੇ ਫੋਟੋ ਅਤੇ ਚਿੱਤਰਕਲਾ ਪ੍ਰਦਰਸ਼ਨੀ ਦਾ ਉਦਘਾਟਨ ਹੋਏਗਾ।
31 ਅਕਤੂਬਰ ਕੁਇਜ਼, ਭਾਸ਼ਣ, ਗਾਇਨ ਅਤੇ ਪੇਂਟਿੰਗ ਮੁਕਾਬਲੇ ਹੋਣਗੇ । ਕੁਇਜ਼ ਮੁਕਾਬਲਾ ਹਰਵਿੰਦਰ ਭੰਡਾਲ ਦੀ ਪੁਸਤਕ 'ਫਾਸ਼ੀਵਾਦ ਦਾ ਚਿਹਰਾ ਮੋਹਰਾ' ਉਪਰ ਹੋਏਗਾ। ਭਾਸ਼ਣ ਮੁਕਾਬਲੇ ਦਾ ਵਿਸ਼ਾ ਹੋਏਗਾ, 'ਸੋਸ਼ਲ ਮੀਡੀਆ ਅਤੇ ਨੌਜਵਾਨ ਵਰਗ'। ਚਿੱਤਰਕਲਾ ਮੁਕਾਬਲੇ ਦੇ ਏ ਵਰਗ ਲਈ 'ਫ਼ਲਸਤੀਨ ਦੀ ਨਸਲਕੁਸ਼ੀ ਅਤੇ ਸੰਘਰਸ਼', ਵਰਗ ਬੀ ਅੱਗੇ ਗ਼ਦਰੀ ਦੇਸ਼ ਭਗਤਾਂ ਅਤੇ ਵਿਸ਼ੇਸ਼ ਕਰਕੇ ਗ਼ਦਰੀ ਗੁਲਾਬ ਕੌਰ ਦੀਆਂ ਤਸਵੀਰਾਂ ਰੱਖੀਆਂ ਜਾਣਗੀਆਂ ਅਤੇ ਸੀ ਗਰੁੱਪ ਬਾਲ ਕਲਾਕਾਰ ਮਨੋਇਛਤ ਕਲਾ ਕਿਰਤਾਂ ਬਣਾਉਣਗੇ।
31 ਅਕਤੂਬਰ ਸ਼ਾਮ ਕਵੀ ਦਰਬਾਰ ਅਤੇ ਉਸ ਉਪਰੰਤ ਆਦਿਵਾਸੀਆਂ ਅਤੇ ਫ਼ਲਸਤੀਨੀ ਲੋਕਾਂ ਦੇ ਸੰਗਰਾਮ ਬਾਰੇ ਪੀਪਲਜ਼ ਵਾਇਸ ਵੱਲੋਂ ਫਿਲਮ ਸੋਅ ਹੋਏਗਾ।ਜ਼ਿਕਰਯੋਗ ਹੈ ਕਿ 31 ਅਕਤੂਬਰ ਅਤੇ ਪਹਿਲੀ ਨਵੰਬਰ ਵਿਚਾਰ-ਚਰਚਾਵਾਂ ਵੀ ਹੋਣਗੀਆਂ। ਜਿਸ ਵਿੱਚ ਕਮੇਟੀ ਮੈਂਬਰਾਂ ਤੋਂ ਇਲਾਵਾ ਪ੍ਰਭਾਤ ਪਟਨਾਇਕ ਅਤੇ ਡਾ. ਸਵਰਾਜਬੀਰ ਵੀ ਪੁੱਜ ਰਹੇ ਹਨ। ਕਮੇਟੀ ਮੈਂਬਰ ਪਹਿਲੀ ਨਵੰਬਰ 'ਗ਼ਦਰ ਲਹਿਰ ਦੀ ਵਿਰਾਸਤ ਨੂੰ ਚੁਣੌਤੀਆਂ' ਵਿਸ਼ੇ ਉਪਰ ਵਿਚਾਰ-ਚਰਚਾ ਕਰਨਗੇ।
ਪਹਿਲੀ ਨਵੰਬਰ ਦਿਨ ਵੇਲੇ ਮੁੱਖ ਬੁਲਾਰੇ ਮੁਹੰਮਦ ਯੂਸਫ਼ ਤਾਰੀਗਾਮੀ ਅਤੇ ਡਾ. ਨਵਸ਼ਰਨ ਹੋਣਗੇ।
ਝੰਡਾ ਲਹਿਰਾਉਣ ਦੀ ਰਸਮ ਕਮੇਟੀ ਮੈਂਬਰ ਦਰਸ਼ਨ ਸਿੰਘ ਖਟਕੜ ਕਰਨਗੇ ਅਤੇ ਇਸ ਮੌਕੇ ਉਹ ਸੁਨੇਹਾ ਵੀ ਦੇਣਗੇ। ਉਸ ਉਪਰੰਤ ਅਮੋਲਕ ਸਿੰਘ ਦੇ ਲਿਖੇ ਅਤੇ ਸੱਤਪਾਲ ਬੰਗਾ ਪਟਿਆਲਾ ਦੀ ਨਿਰਦੇਸ਼ਨਾ ਹੇਠ ਹੋਏਗਾ ਝੰਡੇ ਦਾ ਗੀਤ।
ਜ਼ਿਕਰਯੋਗ ਹੈ ਕਿ ਝੰਡੇ ਦੇ ਗੀਤ ਦੀ ਤਿਆਰੀ ਵਰਕਸ਼ਾਪ ਦੇਸ਼ ਭਗਤ ਯਾਦਗਾਰ ਹਾਲ 'ਚ ਲੱਗੇਗੀ।
ਪਹਿਲੀ ਨਵੰਬਰ ਸਾਰੀ ਰਾਤ ਨਾਟਕਾਂ ਅਤੇ ਗੀਤਾਂ ਭਰੀ ਰਾਤ ਹੋਏਗੀ। ਢੁਕਵੇਂ ਵਿਸ਼ਿਆਂ 'ਤੇ ਨਾਟਕਾਂ ਦੀ ਚੋਣ ਕਮੇਟੀ ਵੱਲੋਂ ਕੀਤੀ ਜਾਏਗੀ।
ਇਸ ਮੀਟਿੰਗ 'ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਮੈਂਬਰ ਹਾਜ਼ਰ ਸਨ।