ਕਿਸਾਨ ਮੇਲੇ ਰੰਗਲੇ ਪੰਜਾਬ ਦਾ ਅਹਿਮ ਹਿੱਸਾ : ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ
ਅਸ਼ੋਕ ਵਰਮਾ
ਭੁੱਚੋ ਮੰਡੀ (ਬਠਿੰਡਾ) 30 ਅਗਸਤ 2025 : ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਜਿੱਥੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਦੇ ਲਈ ਵਚਨਬੱਧ ਅਤੇ ਯਤਨਸ਼ੀਲ ਹੈ ਉੱਥੇ ਹੀ ਪੰਜਾਬ ਦੇ ਵਿੱਚ ਲੱਗਣ ਵਾਲੇ ਮੇਲੇ ਅਤੇ ਕਿਸਾਨ ਮੇਲੇ ਇਸ ਰੰਗਲੇ ਪੰਜਾਬ ਦਾ ਹਿੱਸਾ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਕਿਰਤ, ਪ੍ਰਾਹੁਣਚਾਰੀ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਭੁੱਚੋ ਮੰਡੀ ਦੀ ਨਵੀਂ ਅਨਾਜ ਮੰਡੀ ਵਿਖੇ ਦੋ ਰੋਜ਼ਾ ਉਤਰੀ ਭਾਰਤ ਦੇ 5ਵੇਂ ਕਿਸਾਨ ਮੇਲੇ ਵਿੱਚ ਅੱਜ ਪਹਿਲੇ ਦਿਨ ਸ਼ਿਰਕਤ ਕਰਨ ਮੌਕੇ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਵਿਧਾਇਕ ਭੁੱਚੋ ਮੰਡੀ ਮਾਸਟਰ ਜਗਸੀਰ ਸਿੰਘ, ਚੇਅਰਮੈਨ ਨਗਰ ਸੁਧਾਰ ਟਰਸਟ ਸ ਜਤਿੰਦਰ ਸਿੰਘ ਭੱਲਾ, ਚੇਅਰਮੈਨ ਸ਼ੂਗਰਫੈਡ ਸ ਨਵਦੀਪ ਸਿੰਘ ਜੀਦਾ, ਆਪ ਆਗੂ ਸ੍ਰੀ ਚੁਸਪਿੰਦਰ ਸਿੰਘ ਚਹਿਲ ਅਤੇ ਮੇਲੇ ਦੇ ਮੁੱਖ ਪ੍ਰਬੰਧਕ ਸ ਅਬਜਿੰਦਰ ਸਿੰਘ ਸੰਘਾ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।
ਇਸ ਮੌਕੇ ਕੈਬਨਿਟ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਜਿੱਥੇ ਖੇਤੀ ਪੰਜਾਬ ਦਾ ਮੁੱਖ ਕਿੱਤਾ ਹੈ ਉੱਥੇ ਹੀ ਕਿਸਾਨ ਸਾਡੇ ਅੰਨਦਾਤਾ ਵੀ ਹਨ, ਜੋ ਇੱਕ ਬੀਜ ਬੀਜ ਕੇ ਪੂਰੇ ਮੁਲਕ ਦਾ ਢਿੱਡ ਭਰਦੇ ਹਨ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਹੋ ਜਿਹੇ ਮੇਲੇ ਭਵਿੱਖ ਵਿੱਚ ਵੀ ਲਗਾਏ ਜਾਣਗੇ ਤਾਂ ਜੋ ਕਿਸਾਨ ਆਧੁਨਿਕ ਤਰੀਕੇ ਨਾਲ ਖੇਤੀ ਕਰ ਸਕਣ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਪਹਿਲਾਂ ਕਿਸਾਨ ਮੇਲਿਆਂ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਲਈ ਬਜਟ ਸਿਰਫ 5 ਕਰੋੜ ਰੁਪਏ ਸੀ, ਪੰਜਾਬ ਦੇ ਸੱਭਿਆਚਾਰ ਨੂੰ ਉਤਸਾਹਿਤ ਕਰਨ ਲਈ ਸੂਬਾ ਸਰਕਾਰ ਨੇ ਇਹ ਬਜਟ ਵਧਾ ਕੇ 70 ਕਰੋੜ ਰੁਪਏ ਕੀਤਾ।
ਇਸ ਮੇਲੇ ਵਿੱਚ ਕਿਸਾਨਾਂ ਨੂੰ ਆਪਣੀਆਂ ਵੱਖ-ਵੱਖ ਫ਼ਸਲਾਂ ਤੋਂ ਇਲਾਵਾ ਸਬਜ਼ੀਆਂ, ਫ਼ਲ, ਫੁੱਲਾਂ ਆਦਿ ਦੀ ਘੱਟ ਖਰਚਾ ਕਰਕੇ ਵਧੀਆ ਪੈਦਾਵਾਰ ਅਤੇ ਚੰਗੇ ਮੁਨਾਫੇ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਹਨਾਂ ਵੱਲੋਂ ਆਪਣੀ ਫ਼ਸਲ ਮੰਡੀ ਵਿੱਚ ਵਧੀਆ ਰੇਟਾਂ ਤੇ ਕਿਸ ਤਰ੍ਹਾਂ ਵੇਚਣੀ ਹੈ, ਬਾਰੇ ਵੀ ਜਾਗਰੂਕ ਕੀਤਾ ਗਿਆ।
ਕਿਸਾਨ ਮੇਲੇ ਵਿੱਚ ਖੇਤੀਬਾੜੀ ਮਾਹਰਾਂ ਵੱਲੋਂ ਕਿਸਾਨਾਂ ਨੂੰ ਵੱਖ-ਵੱਖ ਫਸਲਾਂ ਜਿਨ੍ਹਾਂ ਤੋਂ ਜ਼ਿਆਦਾ ਆਮਦਨ ਹੋ ਸਕਦੀ ਹੈ, ਤੋਂ ਇਲਾਵਾ ਖੇਤੀਬਾੜੀ ਨਾਲ ਸਬੰਧਤ ਨਵੀਆਂ ਤਕਨੀਕਾਂ, ਬੀਜਾਂ, ਖਾਦਾਂ, ਖੇਤੀਬਾੜੀ ਨਾਲ ਸਬੰਧਤ ਰੋਜ਼ਗਾਰ ਤੋਂ ਇਲਾਵਾ ਹੋਰ ਜਿੰਨੇ ਵੀ ਖੇਤੀਬਾੜੀ ਨਾਲ ਸਬੰਧਿਤ ਕੰਮ ਧੰਦੇ ਹਨ, ਬਾਰੇ ਕਿਸਾਨ ਵੀਰਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਗਈ। ਖੇਤੀ ਮਾਹਰਾਂ ਵੱਲੋਂ ਕਿਸਾਨ ਵੀਰਾਂ ਨੂੰ ਇਹ ਵੀ ਦੱਸਿਆ ਗਿਆ ਕਿਵੇਂ ਰਵਾਇਤੀ ਖੇਤੀ ਚੋ ਬਾਹਰ ਨਿਕਲ ਕੇ ਹੋਰ ਫ਼ਸਲਾਂ ਬੀਜ ਕੇ ਹੋਰ ਵੀ ਵੱਧ ਮੁਨਾਫਾ ਲੈ ਸਕਦੇ ਹਾਂ।
ਇਸ ਮੌਕੇ ਕੈਬਨਿਟ ਮੰਤਰੀ ਸ੍ਰ ਸੌਂਦ ਨੇ ਕਿਸਾਨਾਂ ਅਤੇ ਮੇਲੇ ਵਿੱਚ ਪਹੁੰਚੀਆਂ ਵੱਖ-ਵੱਖ ਕੰਪਨੀਆਂ ਵੱਲੋਂ ਆਪੋ-ਆਪਣੇ ਉਤਪਾਦਾਂ ਦੀਆਂ ਪ੍ਰਦਰਸ਼ਨੀਆਂ ਦਾ ਦੌਰਾ ਕਰਕੇ ਜਾਇਜ਼ਾ ਵੀ ਲਿਆ, ਜੋ ਕਿ ਮੇਲੇ ਵਿੱਚ ਖਿੱਚ ਦਾ ਕੇਂਦਰ ਰਹੀਆਂ।
ਇਸ ਮੌਕੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਦਾ ਮੇਲਾ ਕਮੇਟੀ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ।
ਇਸ ਤੋਂ ਪਹਿਲਾਂ ਪਹੁੰਚੇ ਹੋਏ ਲੋਕ ਗਾਇਕਾਂ ਵੱਲੋਂ ਆਪਣੀ ਕਲਾ ਦਾ ਮੁਜਹਾਰਾ ਵੀ ਕੀਤਾ ਗਿਆ।
ਇਸ ਮੌਕੇ ਕਿਸਾਨ ਮੇਲਾ ਪ੍ਰਬੰਧਕ ਹਰਦੀਪ ਸਿੰਘ, ਸਾਹਿਲ ਮੱਕੜ, ਜੈਸ਼ਵਿੰਦਰ ਬਰਾੜ, ਜਸਦੀਪ ਬਰਾੜ, ਅਵਤਾਰ ਸਿੰਘ, ਦਲਜਿੰਦਰ ਸਿੰਘ ਸੰਧੂ, ਬਲਵਿੰਦਰ ਸਿੰਘ, ਅਰਸ਼ ਬਰਾੜ, ਲਾਡੀ, ਜੱਸੂ ਢਿੱਲੋ, ਬਿੰਦਰ ਮਹਿਣਾ, ਗੁਰਜਿੰਦਰ ਸਿੰਘ, ਸਿਮਰਨ ਮਾਨ, ਸੰਦੀਪ ਬਰਾੜ, ਰਾਹੁਲ ਕੁਮਾਰ ਤੋਂ ਇਲਾਵਾ ਮੇਲਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਅਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਆਦਿ ਹਾਜਰ ਸਨ।