ਘੱਗਰ 'ਚ ਆਏ ਪਾਣੀ ਦੇ ਕਾਰਨ ਕਿਸਾਨਾਂ ਤੇ ਆਮ ਲੋਕਾਂ 'ਚ ਡਰ ਦਾ ਮਾਹੌਲ
- ਸੈਂਕੜੇ ਏਕੜ ਝੋਨਾ ਖਰਾਬ ਹੋਣ ਦਾ ਖਦਸ਼ਾ
ਮਲਕੀਤ ਸਿੰਘ ਮਲਕਪੁਰ
ਲਾਲੜੂ 30 ਅਗਸਤ 2025: ਬੀਤੇ ਕੱਲ ਘੱਗਰ ਵਿੱਚ ਛੱਡੇ ਗਏ ਬਰਸਾਤੀ ਪਾਣੀ ਦੇ ਚਲਦਿਆਂ ਇੱਕ ਵਾਰ ਫਿਰ ਤੋਂ ਆਲਮਗੀਰ, ਟਿਵਾਣਾ, ਸਾਧਾਂਪੁਰ ਅਤੇ ਖਜੂਰਮੰਡੀ ਪਿੰਡਾਂ ਦੇ ਲੋਕਾਂ ਦੇ ਸਾਹ ਸੁੱਕ ਗਏ ਸਨ । ਘੱਗਰ ਦਾ ਪਾਣੀ ਇੱਕ ਵਾਰੀ ਤਾਂ ਬੰਨ ਦੇ ਉੱਤੋਂ ਦੀ ਟੱਪ ਗਿਆ ਸੀ, ਜਿਸ ਨੇ ਕੁੱਝ ਹੀ ਪਲ ਵਿੱਚ ਸੈਂਕੜੇ ਏਕੜ ਝੋਨੇ ਦੀ ਫਸਲ ਨੂੰ ਆਪਣੀ ਲਪੇਟ ਚ ਲੈ ਲਿਆ, ਪਰ ਕੁੱਝ ਸਮੇਂ ਬਾਅਦ ਘੱਗਰ ਵਿੱਚੋਂ ਪਾਣੀ ਦਾ ਪੱਧਰ ਘੱਟਣ ਲੱਗ ਗਿਆ, ਜਿਸ ਕਾਰਨ ਪਿੰਡਾਂ ਵਿੱਚ ਬਚਾਅ ਰਿਹਾ।
ਪਿੰਡ ਟਿਵਾਣਾ ਦੇ ਕਿਸਾਨ ਜਸਵਿੰਦਰ ਸਿੰਘ ਟਿਵਾਣਾ, ਗੁਲਜਾਰ ਸਿੰਘ ਟਿਵਾਣਾ, ਲੱਕੀ ਸਾਂਧਾਪੁਰ,ਜਸਵੰਤ ਸਿੰਘ ਨੰਬਰਦਾਰ, ਗੁਰਮੀਤ ਸਿੰਘ ਖਜੂਰਮੰਡੀ ਤੇ ਮੇਹਰ ਸਿੰਘ ਟਿਵਾਣਾ ਆਦਿ ਨੇ ਦੱਸਿਆ ਕਿ ਕੱਲ ਜਦੋਂ ਸਵੇਰੇ ਘੱਗਰ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਤਾਂ ਉਨ੍ਹਾਂ ਨੂੰ ਮੁੜ ਤੋਂ 2023 ਦਾ ਮੰਜਰ ਯਾਦ ਦਿਵਾ ਦਿੱਤਾ। ਉਨ੍ਹਾਂ ਦੇ ਪਿੰਡਾਂ ਵਿੱਚ ਰਹਿੰਦੇ ਲੋਕਾਂ ਦਾ ਸਾਹ ਸੁੱਕ ਗਏ ਅਤੇ ਉਹ ਮੱਲੋਂ -ਮੱਲੀ ਆਪਣਾ ਸਮਾਨ ਵੀ ਮਕਾਨਾਂ ਦੇ ਉੱਤੇ ਚੜ੍ਹਾਉਣ ਲੱਗੇ। ਉਨ੍ਹਾਂ ਦੱਸਿਆ ਕਿ ਪਿੰਡ ਟਿਵਾਣਾ ਤੋ ਅੱਗੇ ਘੱਗਰ ਦਾ ਪਾਣੀ ਲਗਾਏ ਗਏ ਬੰਨ ਦੇ ਉੱਤੋਂ ਦੀ ਟੱਪਣ ਲੱਗਾ ।
ਟਿਵਾਣਾ ਵਾਸੀਆਂ ਵੱਲੋਂ ਬਣਾਏ ਗਏ ਆਰਜੀ ਰਸਤੇ ਨੂੰ ਪਾਣੀ ਨੇ ਤੋੜ ਦਿੱਤਾ ਅਤੇ ਪਾਣੀ ਦਾ ਵਹਾਅ ਸਿੱਧਾ ਖਜੂਰ ਮੰਡੀ ਪਿੰਡ ਵੱਲ ਹੋ ਗਿਆ ਅਤੇ 6 ਤੋਂ 10 ਘੰਟੇ ਝੋਨੇ ਦੀ ਫਸਲ ਡੁੱਬੀ ਰਹੀ ਅਤੇ ਪਾਣੀ ਦੇ ਵਹਾਅ ਨੇ ਜਿੱਥੇ ਪਿੰਡ ਟਿਵਾਣਾ ਅਤੇ ਖਜੂਰ ਮੰਡੀ ਵਾਸੀਆਂ ਦੀ 50 ਏਕੜ ਜ਼ਮੀਨ ਵਿੱਚ ਲਗਾਏ ਝੋਨੇ ਦੀ ਫਸਲ ਖਤਮ ਕਰ ਦਿੱਤੀ, ਉੱਥੇ ਹੀ ਸੈਂਕੜੇ ਏਕੜ 'ਚ ਲਗਾਈ ਗਈ ਝੋਨੇ ਦੀ ਫਸਲ ਦੀਆਂ ਬੱਲਾਂ ਉੱਤੇ ਧੂੜ ਚੜ੍ਹ ਗਈ , ਜਿਸ ਦਾ ਖਰਾਬ ਹੋਣ ਦਾ ਡਰ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਘੱਗਰ ਡੂੰਘਾ ਕਰਕੇ ਇਸ ਦੇ ਬੰਨਾਂ ਨੂੰ ਮਜਬੂਤ ਕਰ ਦੇਵੇ ਤਾਂ ਉਨ੍ਹਾਂ ਦੀਆਂ ਫਸਲਾ ਬਚ ਸਕਦੀਆਂ ਹਨ। ਉਨ੍ਹਾਂ ਕਿਹਾ ਕਿ 2023 ਤੋਂ ਬਾਅਦ ਉਨ੍ਹਾਂ ਦੀ ਝੋਨੇ ਦੀ ਪਹਿਲੀ ਫਸਲ ਹੀ ਸੀ, ਜੋ ਹੁਣ ਫਿਰ ਖਤਮ ਹੋ ਗਈ ਹੈ।