ਝਰਮਲ ਨਦੀ 'ਚ ਰੁੜ ਜਾਣ ਕਾਰਨ ਬਜ਼ੁਰਗ ਦੀ ਮੌਤ: ਲਾਸ਼ ਪਰਿਵਾਰ ਨੇ ਖੁੱਦ ਕੱਢੀ
- ਸਾਬਕਾ ਵਿਧਾਇਕ ਨੇ ਆਪਣੀ ਗੱਡੀ ' ਚ ਹਸਪਤਾਲ ਪਹੁੰਚਾਈ ਮ੍ਰਿਤਕ ਦੇਹ
ਮਲਕੀਤ ਸਿੰਘ ਮਲਕਪੁਰ
ਲਾਲੜੂ 30 ਅਗਸਤ 2025: ਬੀਤੇ ਕੱਲ ਝਰਮਲ ਨਦੀ ਪਾਰ ਦੇ ਆਪਣੇ ਖੇਤਾਂ ਵਿੱਚੋਂ ਘਾਹ ਲੈ ਕੇ ਵਾਪਸ ਪਰਤਣ ਸਮੇਂ ਰੁੜੇ ਇੱਕ ਬਜੁਰਗ ਦੀ ਲਾਸ ਅੱਜ ਪਰਿਵਾਰ ਤੇ ਹਮਦਰਦਾਂ ਨੇ ਖੁਦ ਹੀ ਕੱਢ ਲਈ। ਇਸ ਮੌਕੇ ਜਿੱਥੇ ਪਰਿਵਾਰ ਵਾਲਿਆਂ ਵਿੱਚ ਪ੍ਰਸਾਸ਼ਨ ਖਿਲਾਫ ਰੋਸ ਪਾਇਆ ਗਿਆ , ਉੱਥੇ ਹੀ ਸਾਬਕਾ ਵਿਧਾਇਕ ਐਨਕੇ ਸ਼ਰਮਾ ਨੇ ਇਸ ਮਾਮਲੇ ਵਿੱਚ ਲਾਪ੍ਰਵਾਹੀ ਵਰਤਨ ਦਾ ਦੋਸ਼ ਲਾਇਆ। ਜਿਕਰਯੋਗ ਹੈ ਕਿ ਜਨਕ ਰਾਜ ਨਾਮਕ ਇਹ ਬਜੁਰਗ ਬੀਤੇ ਕੱਲ ਸਵੇਰੇ 9 ਵਜੇ ਆਪਣਾ ਰੇਹੜਾ-ਬਲਦ ਲੈ ਕੇ ਘਾਹ ਲੈਣ ਲਈ ਆਪਣੇ ਨਦੀ ਪਾਰ ਵਾਲੇ ਖੇਤ ਵਿੱਚ ਗਿਆ ਸੀ ।
ਖੇਤ ਵਿੱਚ ਜਾਣ ਸਮੇਂ ਨਦੀ ਵਿੱਚ ਪਾਣੀ ਨਹੀਂ ਸੀ, ਪਰ ਜਦੋਂ ਉਹ ਘਾਹ ਲੈ ਕੇ ਵਾਪਸ ਆਇਆ ਤਾਂ ਨਦੀਂ ਵਿੱਚ ਅਚਾਨਕ ਪਾਣੀ ਆ ਗਿਆ। ਇਸ ਪਾਣੀ ਦੇ ਵਹਾਅ ਵਿੱਚ ਜਨਕ ਰਾਜ ਰੁੜ ਗਿਆ ਅਤੇ ਪਰਿਵਾਰ ਵੱਲੋਂ ਪ੍ਰਸਾਸ਼ਨ ਨੂੰ ਵਾਰ-ਵਾਰ ਇਸ ਮਾਮਲੇ ਵਿੱਚ ਮਦਦ ਕਰਨ ਦਾ ਗੁਹਾਰ ਲਗਾਈ ਗਈ, ਪਰ ਪ੍ਰਸਾਸ਼ਨ ਨੇ ਇਸ ਵੱਲ ਧਿਆਨ ਦੇਣਾ ਮੁਨਾਸਿਬ ਨਾ ਸਮਝਿਆ। ਅੰਤ ਸਵੇਰ ਵੇਲੇ ਜਿਉਂ ਹੀ ਨਦੀ ਵਿੱਚ ਪਾਣੀ ਘਟਿਆ ਤਾਂ ਪਰਿਵਾਰ ਵਾਲਿਆਂ ਨੇ ਪ੍ਰਸ਼ਾਸਨ ਦੀ ਉਮੀਦ ਛੱਡ ਕੇ ਖੁੱਦ ਹੀ ਨਦੀ ਵਿੱਚੋਂ ਬਜੁਰਗ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਤਾਂ ਇਹ ਬਜੁਰਗ ਨਦੀ ਦੇ ਅੱਧਾ ਕਿਲੋਮੀਟਰ ਅੱਗੇ ਜਾ ਕੇ ਲੱਭ ਗਿਆ। ਉਸ ਸਮੇਂ ਤੱਕ ਬਜੁਰਗ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਚੁੱਕੀ ਸੀ। ਪਰਿਵਾਰ ਵਾਲਿਆਂ ਨੇ ਕਿਹਾ ਕਿ ਨਾ ਤਾਂ ਪ੍ਰਸਾਸ਼ਨ ਨੇ ਬਜੁਰਗ ਨੂੰ ਲੱਭਣ 'ਚ ਮਦਦ ਕੀਤੀ ਅਤੇ ਨਾ ਹੀ ਲੱਭੇ ਜਾਣ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਉਣ 'ਚ ਸਮਾਂ ਰਹਿੰਦਿਆਂ ਕੋਈ ਸਹਿਯੋਗ ਦਿੱਤਾ।
ਇਸੇ ਦੌਰਾਨ ਇਸ ਮਸਲੇ ਦਾ ਪਤਾ ਲੱਗਦਿਆਂ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਘਟਨਾ ਵਾਲੀ ਥਾਂ ਉੱਤੇ ਪੁੱਜ ਗਏ ਅਤੇ ਉਨ੍ਹਾਂ ਖੁੱਦ ਵੀ ਐਸਐਮਓ ਨੂੰ ਐਬੂਲੈਂਸ ਲਈ ਫੋਨ ਕੀਤਾ, ਪਰ ਐਬੂਲੈਂਸ ਸਮੇਂ ਉੱਤੇ ਨਾ ਪੁੱਜ ਪਾਈ ਅਤੇ ਸਾਬਕਾ ਵਿਧਾਇਕ ਨੇ ਲਾਸ਼ ਨੂੰ ਆਪਣੀ ਗੱਡੀ ਵਿੱਚ ਰੱਖ ਕੇ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਇਆ। ਸਾਬਕਾ ਵਿਧਾਇਕ ਨੇ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਨਦੀਂ ਵਿੱਚ ਪਾਣੀ ਆਉਣ ਦੀ ਅਨਾਊਸ਼ਮੈਂਟ ਕਰਵਾਈ ਜਾਂਦੀ ਤਾਂ ਇਸ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਸੀ।
ਉਨ੍ਹਾਂ ਜਨਕ ਰਾਜ ਦੀ ਮੌਤ ਲਈ ਪ੍ਰਸਾਸ਼ਨ ਨੂੰ ਪੂਰੀ ਤਰ੍ਹਾਂ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਪਰਿਵਾਰ ਦੀ ਬਾਂਹ ਫੜੇ ਤੇ ਪਰਿਵਾਰ ਨੂੰ 1 ਕਰੋੜ ਰੁਪਏ ਮੁਆਵਜ਼ਾ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਨਾਲ ਹੀ ਕਿਹਾ ਕਿ ਪੂਰੀ ਰਾਤ ਪਰਿਵਾਰ ਵਾਲੇ ਨਦੀਂ ਵਿੱਚੋਂ ਜਨਕ ਰਾਜ ਨੂੰ ਲੱਭਦੇ ਰਹੇ, ਪਰ ਨਾ ਤਾਂ ਪ੍ਰਸਾਸ਼ਨ ਵੱਲੋਂ ਮੌਕੇ 'ਤੇ ਐਨਡੀਆਰਐਫ ਤੈਨਾਤ ਨਹੀਂ ਕੀਤੀ ਗਈ , ਨਾ ਹੀ ਕੋਈ ਗੋਤਾਖੋਰ ਬੁਲਾਇਆ ਗਿਆ ਅਤੇ ਨਾ ਹੀ ਕੋਈ ਹੋਰ ਪ੍ਰਬੰਧ ਕੀਤਾ ਗਿਆ, ਜਦਕਿ ਨਦੀਂ ਵਿੱਚ ਲੱਭ ਰਹੇ ਪਰਿਵਾਰ ਵਾਲਿਆਂ ਨਾਲ ਵੀ ਹਾਦਸਾ ਹੋਣ ਦਾ ਡਰ ਸੀ। ਡੇਰਾਬੱਸੀ ਹਸਪਤਾਲ ਵਿੱਚੋਂ ਪੋਸਟਮਾਰਟਮ ਉਪਰੰਤ ਪੁਲਿਸ ਨੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਸੀ ਅਤੇ ਬਾਅਦ ਦੁਪਹਿਰ ਮ੍ਰਿਤਕ ਦੇਹ ਦਾ ਪਿੰਡ ਦੀ ਸਮਸਾਨਘਾਟ ਚ ਸਸਕਾਰ ਕਰ ਦਿੱਤਾ ਗਿਆ।
ਇਸ ਸਬੰਧੀ ਸੰਪਰਕ ਕਰਨ ਉਤੇ ਐਮਐਮਓ ਲਾਲੜੂ ਨਵੀਨ ਕੌਸ਼ਿਕ ਨੇ ਕਿਹਾ ਕਿ ਉਨ੍ਹਾਂ ਕੋਲ ਫੋਨ ਆਇਆ ਸੀ ਕਿ ਐਬੂਲੈਂਸ ਚਾਹੀਦੀ ਹੈ, ਪਰ ਹਸਪਤਾਲ ਕੋਲ ਕੋਈ ਆਪਣੀ ਐਬੂਲੈਂਸ ਨਹੀਂ ਹੈ। ਉਹ ਵੀ ਜੇਕਰ ਲੋੜ ਪੈਂਦੀ ਹੈ ਤਾਂ 108 ਨੰਬਰ ਤੇ ਕਾਲ ਕਰਕੇ ਹੀ ਬੁਲਾਉਂਦੇ ਹਨ, ਪਰ ਹੁਣ ਲਾਲੜੂ ਦੀ 108 ਨੰਬਰ ਵਾਲੀ ਐਬੂਲੈਂਸ ਵੀ ਮੈਂਟੀਨੈਸ ਉੱਤੇ ਗਈ ਹੋਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੁਬਾਰੇ ਦੱਸਣ ਲਈ ਉਸੇ ਫੋਨ ਨੰਬਰ ਤੇ ਕਾਲ ਕੀਤੀ ਕਿ ਉਹ ਡੇਰਾਬੱਸੀ ਤੋਂ ਐਬੂਲੈਂਸ ਮੰਗਵਾ ਦਿੰਦੇ ਹਨ ਤਾਂ ਉਨ੍ਹਾਂ ਦਾ ਫੋਨ ਵਿਅਸਤ ਆ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨਾਲ ਦੁਬਾਰੇ ਗੱਲ ਨਹੀਂ ਹੋ ਸਕੀ।