ਮਨੀਸ਼ ਤਿਵਾੜੀ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਸੀਸੀਟੀਵੀ ਕੈਮਰਿਆਂ ਦਾ ਉਦਘਾਟਨ
ਪ੍ਰਮੋਦ ਭਾਰਤੀ
ਚੰਡੀਗੜ੍ਹ, 30 ਅਗਸਤ 2025 - ਚੰਡੀਗੜ੍ਹ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਆਪਣੇ ਪਾਰਲੀਮਾਨੀ ਕੋਟੇ ਜਾਰੀ ਫੰਡਾਂ ਨਾਲ ਸ਼ਹਿਰ ਦੇ ਸੈਕਟਰ-29 ਅਤੇ ਕੈਂਬਵਾਲਾ ਵਿਖੇ ਲਗਾਏ ਗਏ ਸੀਸੀਟੀਵੀ ਕੈਮਰਿਆਂ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇੰਨ੍ਹਾਂ ਕੈਮਰਿਆਂ ਨਾਲ ਸਬੰਧਿਤ ਇਲਾਕਿਆਂ ਵਿੱਚ ਕਾਨੂੰਨ ਤੇ ਵਿਵਸਥਾ ਕਾਇਮ ਰੱਖਣ ਵਿਚ ਮਦਦ ਮਿਲੇਗੀ।
ਇਸ ਮੌਕੇ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਵਾਰਡ ਨੰ. 10 ਦੇ ਸੈਕਟਰ-29 ਅਤੇ ਵਾਰਡ ਨੰ. 1 ਦੇ ਕੈਂਬਵਾਲਾ ਦੇ ਲੋਕਾਂ ਵੱਲੋਂ ਇਲਾਕੇ ਵਿੱਚ ਵੱਧਦੀਆਂ ਅਪਰਾਧਿਕ ਘਟਨਾਵਾਂ ਦੇ ਮੱਦੇਨਜ਼ਰ ਲਗਾਤਾਰ ਸੀਸੀਟੀਵੀ ਕੈਮਰੇ ਲਗਾਏ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਜਿਸਦੇ ਮੱਦੇਨਜਰ ਉਨ੍ਹਾਂ ਵੱਲੋਂ ਆਪਣੇ ਪਾਰਲੀਮਾਨੀ ਕੋਟੇ ਵਿੱਚੋਂ ਫੰਡ ਜਾਰੀ ਕੀਤੇ ਗਏ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੰਸਦ ਮੈਂਬਰ ਤਿਵਾੜੀ ਨੇ ਸਪਸ਼ਟ ਕੀਤਾ ਕਿ ਉਹ ਵਿਕਾਸ ਦੀ ਸਿਆਸਤ ਵਿੱਚ ਭਰੋਸਾ ਰੱਖਦੇ ਹਨ। ਇਸ ਲੜੀ ਹੇਠ, ਉਨ੍ਹਾਂ ਵੱਲੋਂ ਵੱਖ-ਵੱਖ ਇਲਾਕਿਆਂ ਵਿਚ ਵਿਕਾਸ ਕਾਰਜਾਂ ਹਿਤ ਫੰਡ ਜਾਰੀ ਕੀਤੇ ਜਾ ਰਹੇ ਹਨ। ਜਦਕਿ ਨਗਰ ਨਿਗਮ ਵੱਲੋਂ ਵਿਕਾਸ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਬਾਰੇ ਉਨ੍ਹਾਂ ਕਿਹਾ ਕਿ ਪਿਛਲੇ ਦੱਸ ਸਾਲਾਂ ਦੌਰਾਨ ਨਗਰ ਨਿਗਮ ਦੀ ਹਾਲਤ ਇੰਨੀ ਪਤਲੀ ਹੋ ਚੁੱਕੀ ਹੈ ਕਿ ਜਿਹੜੀ ਸੰਸਥਾ ਕਦੇ ਫਿਕਸ ਡਿਪੋਜਿਟ ਦੇ ਬਿਆਜ ਨਾਲ ਆਪਣਾ ਖਰਚਾ ਚਲਾਉਂਦੀ ਸੀ, ਉਸ ਵੱਲੋਂ 125 ਕਰੋੜ ਦੇ ਫੰਡਾਂ ਉੱਪਰ ਲੱਡੂ ਵੰਡੇ ਜਾ ਰਹੇ ਹਨ। ਹਾਲਾਂਕਿ ਸੰਸਦ ਮੈਂਬਰ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਸਾਂਝੀ ਜਿੰਮੇਵਾਰੀ ਨੂੰ ਤਰਜੀਹ ਦਿੰਦੇ ਹਨ।
ਇਸ ਦੌਰਾਨ ਚੰਡੀਗੜ੍ਹ ਕਾਂਗਰਸ ਕਮੇਟੀ ਦੇ ਪ੍ਰਧਾਨ ਐਚ ਐਸ ਲੱਕੀ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਜਿੰਨੇ ਵੀ ਵਿਕਾਸ ਕਾਰਜ ਹੋਏ ਹਨ, ਉਹ ਕਾਂਗਰਸ ਦੇ ਸ਼ਾਸਨ ਕਾਲ ਦੌਰਾਨ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਕਾਂਗਰਸ ਦਾਅਵੇਬਾਜੀ ਤੇ ਨਹੀਂ, ਸਗੋਂ ਵਿਕਾਸ ਕਰਨ ਉਪਰ ਭਰੋਸਾ ਰੱਖਦੀ ਹੈ।