ਸਿਹਤ ਵਿਭਾਗ ਨਥਾਣਾ ਵੱਲੋਂ ਬੱਚਿਆਂ ਤੇ ਗਰਭਵਤੀ ਔਰਤਾਂ ਲਈ ਵਿਸ਼ੇਸ਼ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ
ਅਸ਼ੋਕ ਵਰਮਾ
ਨਥਾਣਾ, 18 ਅਗਸਤ 2025 :ਸਿਹਤ ਵਿਭਾਗ ਪੰਜਾਬ ਤੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਤਪਿੰਦਰਜੋਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਦੀਪ ਕੌਰ ਸਰਾਂ ਦੀ ਅਗਵਾਈ ਹੇਠ ਵਿਸ਼ੇਸ਼ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਪਿੰਡ ਮਹਿਰਾਜ ਵਿਖੇ ਆਂਗਣਵਾੜੀ ਤੋਂ ਕੀਤੀ ਗਈ। ਇਸ ਮੁਹਿੰਮ ਤਹਿਤ ਜੀਰੋ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਅਰੀਨਾ ਬਾਂਸਲ ਨੇ ਦੱਸਿਆ ਕਿ ਇਹ ਟੀਕਾਕਰਨ ਮੁਹਿੰਮ 18 ਅਗਸਤ ਤੋਂ 23 ਅਗਸਤ ਨਵੰਬਰ 2025 ਤੱਕ ਚਲਾਈ ਜਾਵੇਗੀ। ਹਫ਼ਤਾ ਭਰ ਚਲਣ ਵਾਲੀ ਇਸ ਮੁਹਿੰਮ ਵਿਚ ਪ੍ਰਵਾਸੀ ਆਬਾਦੀ ਦੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤਾਂ ਜੋ ਇਸ ਮੁਹਿੰਮ ਦੌਰਾਨ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ।
ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਦਾ ਟੀਕਾਕਰਨ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਸਮੇਂ ਸਿਰ ਟੀਕਾਕਰਨ ਕਰਵਾਉਣ ਨਾਲ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਤੋਂ ਬਚਾਅ ਹੋ ਜਾਂਦਾ ਹੈ।ਉਨ੍ਹਾਂ ਕਿਹਾ ਕਿ ਇਸ ਹਫ਼ਤੇ ਦੌਰਾਨ ਗਰਭਵਤੀ ਮਾਵਾਂ ਅਤੇ ਪੰਜ ਸਾਲ ਤੱਕ ਦੇ ਜਿਹੜੇ ਬੱਚੇ ਕਿਸੇ ਕਾਰਨ ਕਰਕੇ ਟੀਕਾਕਰਨ ਤੋਂ ਵਾਂਝੇ ਰਹਿ ਗਏ ਜਾਂ ਫਿਰ ਅਧੂਰਾ ਟੀਕਾਕਰਨ ਹੋਇਆ ਹੈ, ਉਹਨਾਂ ਦਾ ਵਿਸ਼ੇਸ਼ ਕੈਂਪਾਂ ਰਾਹੀਂ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ ਇਸ ਹਫ਼ਤੇ ਦੌਰਾਨ ਰੁਟੀਨ ਟੀਕਾਕਰਨ ਤੋਂ ਛੁੱਟ ਗਏ ਏਰੀਏ, ਦਾਣਾ ਮੰਡੀਆਂ, ਹਾਈ ਰਿਸਕ ਏਰੀਏ, ਸਲੱਮ ਏਰੀਏ, ਮਾਈਗ੍ਰੇਟਰੀ ਆਬਾਦੀ, ਝੁੱਗੀਆਂ ਝੌਂਪੜੀਆਂ, ਭੱਠੇ, ਪਹੁੰਚ ਤੋਂ ਦੂਰ ਆਬਾਦੀ, ਆਉੂਟਬ੍ਰੇਕ ਵਾਲੀ ਆਬਾਦੀ ਅਤੇ ਹੋਰ ਮੁਸ਼ਕਿਲ ਏਰੀਏ ਕਵਰ ਕੀਤੇ ਜਾਣਗੇ ।
ਉਨ੍ਹਾਂ ਕਿਹਾ ਕਿ ਗਰਭਵਤੀ ਮਾਂਵਾਂ ਨੂੰ ਟੈਟਨਸ ਦੇ ਦੋ ਟੀਕੇ ਅਤੇ ਬੱਚਿਆਂ ਨੂੰ ਪੋਲੀਓ, ਤਪਦਿਕ, ਗਲਘੋਟੂ, ਦਸਤ, ਖਸਰਾ ਅਤੇ ਰੂਬੇਲਾ, ਦਿਮਾਗੀ ਬੁਖਾਰ, ਪੀਲੀਆ, ਕਾਲੀ ਖੰਘ, ਨਿਮੋਨੀਆ ਅਤੇ ਅੰਧਰਾਤੇ ਵਰਗੀਆਂ ਜਾਨਲੇਵਾ ਬਿਮਾਰੀਆਂ ਤੋਂ ਬਚਾਅ ਲਈ ਸੰਪੂਰਨ ਟੀਕਾਕਰਨ ਕਰਵਾਉਣਾ ਜਰੂਰੀ ਹੈ, ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਦੌਰਾਨ ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਟੀਕਾਕਰਨ ਸੰਪੂਰਨ ਕਰਨ ਲਈ ਇਸ ਮੁਹਿੰਮ ਦਾ ਪੂਰਾ ਲਾਭ ਉਠਾਉਣ। ਇਸ ਵਿਸ਼ੇਸ਼ ਟੀਕਾਕਰਨ ਕੈਂਪ ਮੌਕੇ ਸਿਹਤ ਕਰਮੀ ਕਿਰਨਜੀਤ ਕੌਰ ਅਤੇ ਕਰਮਜੀਤ ਕੌਰ ਤੇ ਸ਼ਿੰਦਰਪਾਲ ਕੌਰ ਆਸ਼ਾ ਵਰਕਰ ਅਤੇ ਕਾਂਤਾ ਰਾਣੀ ਆਂਗਣਵਾੜੀ ਵਰਕਰ ਹਾਜ਼ਰ ਸਨ।