ਗਊਸ਼ਾਲਾ ਵਿਚ ਗਾਵਾਂ ਨੂੰ ਚਾਰਾ ਪਾਉਂਦੀ ਔਰਤ ਦੀ ਹੋਈ ਦਰਦਨਾਕ ਮੌਤ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਅਗਸਤ, 2025 : ਮੋਹਾਲੀ ਦੇ ਫੇਜ਼-1 ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਗਊਸ਼ਾਲਾ ਵਿਚ ਜ਼ਖਮੀ ਗਾਵਾਂ ਨੂੰ ਚਾਰਾ ਪਾਉਣ ਗਈ ਇੱਕ ਔਰਤ ਦੀ ਚਾਰਾ ਕੱਟਣ ਵਾਲੀ ਮਸ਼ੀਨ ਵਿੱਚ ਦੁਪੱਟਾ ਫਸਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਖਰੜ ਦੀ ਰਹਿਣ ਵਾਲੀ 52 ਸਾਲਾ ਅਧਿਆਪਕਾ ਅਮਨ ਵਜੋਂ ਹੋਈ ਹੈ।
ਹਾਦਸੇ ਦੀ ਜਾਣਕਾਰੀ
ਦੱਸਿਆ ਜਾ ਰਿਹਾ ਹੈ ਕਿ ਅਮਨ ਹਰ ਐਤਵਾਰ ਸਵੇਰੇ ਇਸ ਕੇਂਦਰ ਵਿੱਚ ਜ਼ਖਮੀ ਗਾਵਾਂ ਦੀ ਸੇਵਾ ਕਰਨ ਲਈ ਆਉਂਦੀ ਸੀ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਦੁਬਾਰਾ ਚਾਰੇ ਦਾ ਟੋਕਰਾ ਚੁੱਕਣ ਲਈ ਗਈ। ਇਸ ਦੌਰਾਨ ਉਸਦਾ ਦੁਪੱਟਾ ਅਚਾਨਕ ਚਾਰਾ ਕੱਟਣ ਵਾਲੀ ਮਸ਼ੀਨ ਦੀ ਮੋਟਰ ਵਿੱਚ ਫਸ ਗਿਆ। ਦੁਪੱਟਾ ਫਸਣ ਕਾਰਨ ਉਸ ਦਾ ਸਿਰ ਜ਼ਮੀਨ 'ਤੇ ਵੱਜਿਆ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ।
ਉਸਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਹ ਪੂਰੀ ਘਟਨਾ ਸੀ.ਸੀ.ਟੀ.ਵੀ. ਫੁਟੇਜ ਵਿੱਚ ਵੀ ਕੈਦ ਹੋ ਗਈ ਹੈ।